Gee 98News

ਪੁਲਿਸ ਸਾਨੂੰ ਕਹਿੰਦੀ ਕਿ…ਤੁਸੀਂ MLA ਦਾ ਨਾਮ ਨਾ ਲਵੋ….ਕਲਕੱਤਾ ਦੇ ਪਰਿਵਾਰਕ ਮੈਂਬਰਾਂ ਦੇ ਦੋਸ਼

ਬਰਨਾਲਾ,6 ਅਕਤੂਬਰ, Gee98 news service-

“ਸਾਨੂੰ ਪੁਲਿਸ ਰੋਕ ਰਹੀ ਹੈ ਕਿ ਸੁਖਵਿੰਦਰ ਸਿੰਘ ਕਲਕੱਤਾ ਕਤਲ ਕਾਂਡ ਮਾਮਲੇ ਵਿੱਚ MLA ਲਾਭ ਸਿੰਘ ਉੱਗੋਕੇ ਦਾ ਨਾਮ ਨਾ ਲਿਆ ਜਾਵੇ। ਪੁਲਿਸ ਕਹਿੰਦੀ ਹੈ ਕਿ ਇਸ ਨਾਲ ਇਹ ਕੇਸ ਕਮਜ਼ੋਰ ਹੋ ਜਾਵੇਗਾ”। ਇਹ ਸ਼ਬਦ ਪਿਛਲੇ ਦਿਨੀਂ ਸ਼ਹਿਣਾ ਵਿਖੇ ਕਤਲ ਹੋਏ ਸੁਖਵਿੰਦਰ ਕਲਕੱਤਾ ਦੇ ਪਰਿਵਾਰਕ ਮੈਂਬਰਾਂ ਦੇ ਹਨ। ਕਲਕੱਤਾ ਦੇ ਪਰਿਵਾਰ ਨੇ ਮੰਗ ਕੀਤੀ ਕਿ ਵਿਧਾਇਕ ਲਾਭ ਸਿੰਘ ਉਗੋਕੇ ਦਾ ਨਾਮ ਵੀ ਇਸ ਮਾਮਲੇ ਵਿੱਚ ਸਾਜਿਸ਼ ਦੀ ਧਾਰਾ ਤਹਿਤ ਜੋੜਿਆ ਜਾਵੇ। ਕਲਕੱਤਾ ਦੇ ਪਰਿਵਾਰ ਦੇ ਇਸ ਬਿਆਨ ਤੋਂ ਬਾਅਦ ਇਹ ਮਾਮਲਾ ਹੋਰ ਭਖਣ ਦੇ ਆਸਾਰ ਹਨ। ਇਸ ਦੌਰਾਨ ਬੀਤੇ ਕੱਲ੍ਹ ਘਟਨਾ ਸਥਾਨ ‘ਤੇ ਧਰਨੇ ਵਿੱਚ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਸੁਖਵਿੰਦਰ ਸਿੰਘ ਕਲਕੱਤਾ ਕਤਲ ਕਾਂਡ ਦੀ CBI ਜਾਂਚ ਦੀ ਮੰਗ ਕੀਤੀ। ਇਸ ਮੌਕੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਤਲ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ। ਸੁਖਵਿੰਦਰ ਕਲਕੱਤਾ ਨੇ ਸਰਕਾਰ ਤੋਂ ਵਾਰ-ਵਾਰ ਸੁਰੱਖਿਆ ਦੀ ਮੰਗ ਕੀਤੀ, ਪਰ ਉਸਨੂੰ ਕੋਈ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਸਦੇ ਹਥਿਆਰ ਜ਼ਬਤ ਕਰ ਲਏ ਗਏ। ਸਰਦਾਰ ਚੰਨੀ ਨੇ ਕਿਹਾ ਕਿ ਪੰਜਾਬ ‘ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਗ਼ੈਰ ਕਾਨੂੰਨੀ ਹਥਿਆਰ ਵੀ ਸ਼ਰੇਆਮ ਉਪਲਬੱਧ ਹਨ ਕਿਉਂਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਹੀ ਕਹਿਣਾ ਹੈ ਕਿ ਕਾਤਲ ਨਸ਼ੇੜੀ ਸੀ ਅਤੇ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਹਥਿਆਰ ਲਿਆਇਆ ਸੀ। ਚੰਨੀ ਨੇ ਕਿਹਾ ਕਿ ਇਸ ਕਤਲ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ।

error: Content is protected !!