ਚੰਡੀਗੜ੍ਹ, 7 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀਆਂ ਨਿਯੁਕਤੀਆਂ ਸਬੰਧੀ ਇੱਕ ਵੱਡਾ ਕਦਮ ਚੁੱਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਆਰਜ਼ੀ ਡਿਊਟੀ ਵਾਲੇ ਸਾਰੇ ਅਧਿਆਪਕਾਂ ਨੂੰ ਆਪਣੇ ਮਨਪਸੰਦ ਸਕੂਲ ਛੱਡ ਕੇ ਆਪਣੀ ਮੂਲ ਤਾਇਨਾਤੀ ਵਾਲੇ ਸਕੂਲ ਵਿੱਚ ਜਾਣਾ ਪਵੇਗਾ। ਸਰਕਾਰ ਨੇ ਅਧਿਆਪਕਾਂ ਦੀ ਗਿਣਤੀ ਨੂੰ ਤਰਕ ਸੰਗਤ ਬਣਾਉਣ ਦੇ ਮਕਸਦ ਨਾਲ ਸੂਬੇ ਭਰ ਵਿੱਚ ਤਕਰੀਬਨ 1000 ਅਜਿਹੀਆਂ ਆਰਜ਼ੀ ਡਿਊਟੀਆਂ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ, ਇਸ ਫੈਸਲੇ ਨਾਲ ਵੱਡੇ ਲੀਡਰਾਂ, ਵਿਧਾਇਕਾਂ, ਵੱਡੇ ਅਫ਼ਸਰਾਂ, ਇਥੋਂ ਤੱਕ ਕਿ ਨਿਆਂਇਕ ਅਧਿਕਾਰੀਆਂ ਦੇ ਨੇੜਲੇ ਅਧਿਆਪਕਾਂ ਨੂੰ ਝਟਕਾ ਲੱਗੇਗਾ ਜਿਹੜੇ ਆਪਣੇ ਰਸੂਖਦਾਰ ਸਬੰਧਾਂ ਕਰਕੇ ਪੇਂਡੂ ਅਤੇ ਸਰਹੱਦੀ ਖੇਤਰ ਦੇ ਸਕੂਲਾਂ ਨੂੰ ਛੱਡ ਕੇ ਸ਼ਹਿਰੀ ਖੇਤਰ ‘ਚ ਡੇਰੇ ਜਮਾਈ ਬੈਠੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਇਹਨਾਂ ਅਧਿਆਪਕਾਂ ਦੀਆਂ ਆਰਜ਼ੀ ਡਿਊਟੀਆਂ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਦਸੰਬਰ ਤੱਕ ਅਜਿਹੇ ਸਾਰੇ ਅਧਿਆਪਕਾਂ ਨੂੰ ਉਹਨਾਂ ਦੀ ਮੂਲ ਤਾਇਨਾਤੀ ਵਾਲੀ ਥਾਂ ‘ਤੇ ਵਾਪਸ ਭੇਜ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੇਂਡੂ ਖੇਤਰ ਜਾਂ ਕੁਝ ਹੋਰ ਔਖੀਆਂ ਥਾਵਾਂ ਤੇ ਤਾਇਨਾਤੀਆਂ ਤੋਂ ਬਚਣ ਲਈ ਰਸੂਖਦਾਰ ਅਧਿਆਪਕ ਸਿਸਟਮ ਦੀਆਂ ਚੋਰ ਮੋਰੀਆਂ ਦੀ ਵਰਤੋਂ ਕਰ ਰਹੇ ਸਨ, ਭਾਵੇਂ ਕਿ ਪਹੁੰਚ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਸਹੂਲਤ ਦੇਣ ਲਈ ਕੋਈ ਨਿਯਮ ਤਾਂ ਨਹੀਂ ਹਨ ਪ੍ਰੰਤੂ ਸਿਆਸੀ ਅਤੇ ਪ੍ਰਸ਼ਾਸਨਿਕ ਪਹੁੰਚ ਦੇ ਕਾਰਨ ਇਹ ਅਧਿਆਪਕ ਚੰਗੇ ਸਕੂਲਾਂ ਵਿੱਚ ਆਪਣੀਆਂ ਤਾਇਨਾਤੀਆਂ ਆਰਜ਼ੀ ਤੌਰ ‘ਤੇ ਕਰਵਾ ਲੈਂਦੇ ਹਨ। ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਆਰਜ਼ੀ ਡਿਊਟੀਆਂ ਕਾਰਨ ਪੇਂਡੂ ਅਤੇ ਪਛੜੇ ਇਲਾਕਿਆਂ ਵਿੱਚ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਪੈਦਾ ਹੋ ਗਈ ਸੀ ਜਿਸ ਨਾਲ ਸਿੱਖਿਆ ‘ਚ ਬਰਾਬਰੀ ਦੇ ਸਿਧਾਂਤ ਨੂੰ ਨੁਕਸਾਨ ਪਹੁੰਚ ਰਿਹਾ ਸੀ। ਹੁਣ ਜੇਕਰ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਸਖ਼ਤੀ ਨਾਲ ਤੇ ਇਮਾਨਦਾਰੀ ਨਾਲ ਲਾਗੂ ਕੀਤਾ ਤਾਂ ਇਹ ਰਸੂਖਦਾਰ ਅਧਿਆਪਕ ਆਪਣੇ ਅਸਲ ਟਿਕਾਣੇ ‘ਤੇ ਆ ਜਾਣਗੇ।











