Gee 98News

ਅਖੇ ਮੈਂ ਦਿੱਲੀ ਤੋਂ ਆਇਆਂ ਹਾਂ…ਨਵੀਨ ਚਤੁਰਵੇਦੀ ਦੀ ਚਲਾਕੀ ਪਰ ਵਿਧਾਇਕਾਂ ਦਾ ਬੌਧਿਕ ਪੱਧਰ…..?

ਚੰਡੀਗੜ੍ਹ,14 ਅਕਤੂਬਰ, Gee98 news service-

-ਪੰਜਾਬ ਦੀ ਇਕ ਰਾਜ ਸਭਾ ਸੀਟ ਲਈ ਹੋਣ ਜਾ ਰਹੀ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ‘ਤੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਦਸਤਖ਼ਤ ਹੋਣ ਸਬੰਧੀ ਇੱਕ ਨਵਾਂ ਖੁਲਾਸਾ ਸਾਹਮਣੇ ਆਇਆ ਜਿਸ ਨੇ ਵਿਧਾਇਕਾਂ ਦੀ ਬੌਧਿਕਤਾ ਅਤੇ ਕਾਰਜ ਕੁਸ਼ਲਤਾ ਵੀ ‘ਤੇ ਵੀ ਵੱਡੇ ਸਵਾਲ ਖੜੇ ਕੀਤੇ ਹਨ। ਜ਼ਿਕਰਯੋਗ ਹੈ ਕਿ ਨਵੀਨ ਚਤਰਵੇਦੀ ਦੇ ਨਾਮਜ਼ਦਗੀ ਪੱਤਰ ਉੱਪਰ ਵਿਧਾਇਕ ਅਮੋਲਕ ਸਿੰਘ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਗੁਰਲਾਲ ਘਨੌਰ, ਗੁਰਪ੍ਰੀਤ ਸਿੰਘ ਬਣਾਂਵਾਲੀ, ਕੁਲਵੰਤ ਸਿੰਘ ਬਾਜੀਗਰ, ਮਨਜੀਤ ਸਿੰਘ ਬਿਲਾਸਪੁਰ, ਰਣਬੀਰ ਸਿੰਘ ਭੁੱਲਰ, ਸੁਖਬੀਰ ਸਿੰਘ, ਨਰੇਸ਼ ਕਟਾਰੀਆ ਅਤੇ ਰਜਨੀਸ਼ ਕੁਮਾਰ ਦੇ ਨਾਮ ਹਨ, ਜਿਸ ਤੋਂ ਬਾਅਦ ਇਨਾਂ ਵਿਧਾਇਕਾਂ ਦੀ ਭਰੋਸੇਯੋਗਤਾ ਦਾਅ ‘ਤੇ ਲੱਗ ਚੁੱਕੀ ਸੀ ਪ੍ਰੰਤੂ ਹੁਣ ਇੱਕ ਅਜਿਹਾ ਖੁਲਾਸਾ ਹੋ ਰਿਹਾ ਹੈ ਜਿਸ ਤੋਂ ਬਾਅਦ ਇਹਨਾਂ ਵਿਧਾਇਕਾਂ ਦੀ ਭਰੋਸੇਯੋਗਤਾ ਤਾਂ ਦੂਰ ਦੀ ਗੱਲ ਸਗੋਂ ਇਹਨਾਂ ਦੀ ਮਨੋ ਬਿਰਤੀ ਅਤੇ ਇਹਨਾਂ ਦੀ ਕਾਰਜ ਕੁਸ਼ਲਤਾ ‘ਤੇ ਵੀ ਉਂਗਲੀ ਉਠੀ ਹੈ।                                           ਚਰਚਾ ਇਹ ਹੋ ਰਹੀ ਸੀ ਕਿ ਆਖਰ ਨਵੀਨ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ‘ਤੇ ਇਹਨਾਂ ਵਿਧਾਇਕਾਂ ਦੇ ਦਸਤਖ਼ਤ ਕਿਵੇਂ ਹੋ ਗਏ। ਚਰਚਾ ਅਨੁਸਾਰ ਨਵੀਨ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਵਿਧਾਇਕਾਂ ਨਾਲ ਇਹ ਚਲਾਕੀ ਖੇਡੀ ਕਿ ਉਹ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਦਿੱਲੀ ਤੋਂ ਆਏ ਹਨ ਅਤੇ ਉਹਨਾਂ ਨੂੰ ਕੁਝ ਕਾਗਜ਼ਾਂ ਉੱਪਰ ਇਹਨਾਂ ਵਿਧਾਇਕਾਂ ਦੇ ਦਸਤਖ਼ਤ ਚਾਹੀਦੇ ਹਨ। ਜਦੋਂ ਦਿੱਲੀ ਹਾਈ ਕਮਾਂਡ ਦਾ ਨਾਮ ਆ ਗਿਆ ਤਾਂ ਵਿਧਾਇਕਾਂ ਨੇ ਕਾਗਜ਼ ਪੜਨ ਦੀ ਲੋੜ ਵੀ ਨਹੀਂ ਸਮਝੀ ਅਤੇ ਅੱਖਾਂ ਮੀਚ ਕੇ ਦਸਤਖ਼ਤ ਕਰ ਦਿੱਤੇ ਤੇ ਇਸ ਤਰ੍ਹਾਂ ਨਵੀਨ ਚਤੁਰਵੇਦੀ ਬੜੀ ਚਲਾਕੀ ਨਾਲ ਆਪਣਾ ਕੰਮ ਕਰ ਗਿਆ। ਹੁਣ ਭਾਵੇਂ ਇਹ ਵਿਧਾਇਕ ਆਖ ਰਹੇ ਹਨ ਕਿ ਉਹ ਨਵੀਨ ਚਤੁਰਵੇਦੀ ‘ਤੇ ਕੇਸ ਕਰਨਗੇ ਪ੍ਰੰਤੂ ਜਿਸ ਤਰੀਕੇ ਨਾਲ ਬਿਨਾਂ ਪੜੇ ਦਿੱਲੀ ਹਾਈ ਕਮਾਂਡ ਦਾ ਸਿਰਫ ਨਾਂ ਸੁਣੇ ‘ਤੇ ਹੀ ਇਹਨਾਂ ਵਿਧਾਇਕਾਂ ਨੇ ਘੁੱਗੀਆਂ ਮਾਰ ਦਿੱਤੀਆਂ ਉਸ ਤੋਂ ਇਹਨਾਂ ਵਿਧਾਇਕਾਂ ਦੇ ਬੌਧਿਕ ਪੱਧਰ ਦਾ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ। ਪਤਾ ਲੱਗਿਆ ਕਿ ਨਵੀਨ ਚਤਰਵੇਦੀ ਦੇ ਨਾਮਜ਼ਦਗੀ ਪੱਤਰ ਦੇ ਨਾਲ ਜੋ ਵਿਧਾਇਕਾਂ ਦੇ ਦਸਤਖ਼ਤਾਂ ਵਾਲਾ ਪੰਨਾ ਜੁੜਿਆ ਉਸ ਉਪਰ ਸਭ ਤੋਂ ਪਹਿਲਾਂ ਦਸਤਖ਼ਤ ਸੁਖਬੀਰ ਸਿੰਘ ਮਾਈਸਰਖਾਨਾ ਦੇ ਹਨ ਜਿਸ ਨੂੰ ਦੇਖਦੇ ਹੋਏ ਬਾਕੀਆਂ ਨੇ ਵੀ ਬਿਨਾਂ ਪੜੇ ਹੀ ਦਸਤਖ਼ਤ ਕਰ ਦਿੱਤੇ। ਭਾਵੇਂ ਕਿ ਹੁਣ ਪਾਰਟੀ ਨੇ ਵਿਧਾਇਕਾਂ ਦੇ ਜਾਅਲੀ ਦਸਤਖ਼ਤ ਹੋਣ ਦੀ ਗੱਲ ਚਲਾ ਦਿੱਤੀ ਹੈ ਪ੍ਰੰਤੂ ਜੇਕਰ ਅਜਿਹਾ ਹੈ ਤਾਂ ਕੀ ਆਮ ਆਦਮੀ ਪਾਰਟੀ ਨੇ ਨਵੀਨ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੀ ਕੋਈ ਕਾਰਵਾਈ ਕੀਤੀ ?

                                 ਇਸ ਸਾਰੇ ਮਾਮਲੇ ਨੇ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਹੈ ਕਿ ਪੰਜਾਬ ਦੇ ਵਿਧਾਇਕਾਂ ‘ਤੇ ਦਿੱਲੀ ਵਾਲਿਆਂ ਦਾ ਕਿੰਨਾ ਰੋਹਬ ਹੈ ਸਿਰਫ਼ ਦਿੱਲੀ ਵਾਲਿਆਂ ਦਾ ਨਾਮ ਲੈ ਕੇ ਹੀ ਇਹਨਾਂ ਵਿਧਾਇਕਾਂ ਤੋਂ ਕੋਈ ਕੁਝ ਵੀ ਕਰਵਾ ਸਕਦਾ ਹੈ ਅਤੇ ਇਹਨਾਂ ਵਿਧਾਇਕਾਂ ਉੱਪਰ ਦਿੱਲੀ ਵਾਲਿਆਂ ਦੇ ਨਾਮ ਅਤੇ ਫ਼ੋਨ ਜਾਂ ਦਿੱਲੀ ਤੋਂ ਆਏ ਕਿਸੇ ਬੰਦੇ ਦਾ ਕਿੰਨਾ ਪ੍ਰਭਾਵ ਹੈ ? ਸਵਾਲ ਇਹ ਵੀ ਹੈ ਕਿ ਇਹਨਾਂ ਵਿਧਾਇਕਾਂ ਨੇ ਆਪਣੀ ਵਿਧਾਇਕੀ ਤੋਂ ਕੀ ਸਿੱਖਿਆ ? ਇਹਨਾਂ ਵਿੱਚੋਂ ਕੁਝ ਤਾਂ ਦੁਬਾਰਾ ਵੀ ਵਿਧਾਇਕ ਚੁਣੇ ਗਏ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਬਤੌਰ ਵਿਧਾਇਕ ਕਿਸੇ ਕਾਗਜ਼ ‘ਤੇ ਦਸਤਖ਼ਤ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੜਨਾ ਜ਼ਰੂਰੀ ਹੈ ਕਿਉਂਕਿ ਵਿਧਾਇਕ ਦਾ ਆਪਣਾ ਇੱਕ ਵਜੂਦ ਹੁੰਦਾ ਹੈ। ਭਾਵੇਂ ਕਿ ਇਹ ਵਿਧਾਇਕ ਨਵੀਨ ਚਤੁਰਵੇਦੀ ‘ਤੇ ਕੇਸ ਕਰਨ ਦੀ ਗੱਲ ਕਰ ਰਹੇ ਹਨ ਪ੍ਰੰਤੂ ਹੁਣ ਤੱਕ ਇਹ ਵਿਧਾਇਕ ਮੀਡੀਆ ਸਾਹਮਣੇ ਕਿਉਂ ਨਹੀਂ ਆਏ ? ਬਹਰਹਾਲ ਨਵੀਨ ਚਤੁਰਵੇਦੀ ਨੇ ਇਨ੍ਹਾਂ ਵਿਧਾਇਕਾਂ ਨਾਲ ਜਿਹੜਾ ਟਰਿੱਕ ਖੇਡਿਆ ਹੈ ਉਸ ਤੋਂ ਪੰਜਾਬ ਦੇ ਵਿਧਾਇਕਾਂ ‘ਤੇ ਦਿਲੋਂ ਦਿਮਾਗ ‘ਤੇ ਦਿੱਲੀ ਵਾਲਿਆਂ ਦੇ ਨਾਮ ਦਾ ਪ੍ਰਭਾਵ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ।

Gee98 Ads
error: Content is protected !!