-ਸਰਕਾਰ ਦਾ DIG ਭੁੱਲਰ ਖਿਲਾਫ ਵੱਡਾ ਐਕਸ਼ਨ
ਚੰਡੀਗੜ੍ਹ,19 ਅਕਤੂਬਰ, Gee98 news service-
-CBI ਵੱਲੋਂ ਰਿਸ਼ਵਤ ਮਾਮਲੇ ਵਿੱਚ ਕਾਬੂ ਕੀਤੇ ਗਏ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ‘ਚ ਹੈਰਾਨੀਜਨਕ ਖੁਲਾਸੇ ਸਾਹਮਣੇ ਆ ਰਹੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਸੀਬੀਆਈ ਨੇ ਜਿਹੜੀ ਨਗਦੀ ਅਤੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਡੀਆਈਜੀ ਦੇ ਭੁੱਲਰ ਦੇ ਘਰੋਂ ਅਤੇ ਹੋਰ ਟਿਕਾਣਿਆਂ ਤੋਂ ਬਰਾਮਦ ਕੀਤੇ ਹਨ ਉਹ ਤਾਂ ਕੁਝ ਵੀ ਨਹੀਂ ਹਨ ਸਗੋਂ ਸੀਬੀਆਈ ਨੇ ਡੀਆਈਜੀ ਭੁੱਲਰ ਦੀ ਅਜਿਹੀ ਜਾਇਦਾਦ ਦਾ ਵੀ ਪਤਾ ਲਗਾਇਆ ਜਿਹੜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੈ ਅਤੇ ਜਿਸ ਦੀ ਕੀਮਤ ਕਰੋੜਾਂ ਰੁਪਏ ਹੈ। ਸੀਬੀਆਈ ਨੂੰ ਭੁੱਲਰ ਦੇ ਘਰੋਂ ਉਸਦੀ ਜਾਇਦਾਦ ਨਾਲ ਸੰਬੰਧਿਤ ਕੁਝ ਦਸਤਾਵੇਜ਼ ਵੀ ਮਿਲੇ ਹਨ ਅਤੇ ਬੈਂਕ ਲਾੱਕਰਾਂ ਦੀਆਂ ਚਾਬੀਆਂ ਵੀ ਮਿਲੀਆਂ ਹਨ।
ਇਸ ਤੋਂ ਇਲਾਵਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਇਹ ਚਾਲ ਵੀ ਸਾਹਮਣੇ ਆਈ ਹੈ ਕਿ ਉਸ ਨੇ ਬਤੌਰ ਆਈਪੀਐਸ ਅਫ਼ਸਰ ਕੇਂਦਰ ਸਰਕਾਰ ਨੂੰ ਆਪਣੀ ਜਾਇਦਾਦ ਅਤੇ ਆਮਦਨ ਦੇ ਵੇਰਵੇ ਦਿੰਦੇ ਸਮੇਂ ਚਲਾਕੀ ਕੀਤੀ ਹੈ। ਸੂਤਰਾਂ ਅਨੁਸਾਰ ਡੀਆਈਜੀ ਭੁੱਲਰ ਨੇ ਕੇਂਦਰ ਸਰਕਾਰ ਨੂੰ ਬਤੌਰ IPS ਅਫਸਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਆਪਣੀਆਂ 8 ਜਾਇਦਾਦਾਂ ਦਾ ਵੇਰਵਾ ਦਿੱਤਾ ਹੈ ਜਦਕਿ ਸੀਬੀਆਈ ਨੂੰ ਭੁੱਲਰ ਦੇ ਘਰੋਂ ਲੱਗਭੱਗ 50 ਜਾਇਦਾਦਾਂ ਦੇ ਦਸਤਾਵੇਜ਼ ਪ੍ਰਾਪਤ ਹੋਏ ਹਨ। ਡੀਆਈਜੀ ਭੁੱਲਰ ਦੇ ਮਾਮਲੇ ਨਾਲ ਜੁੜਿਆ ਇੱਕ ਅਹਿਮ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸੀਬੀਆਈ ਭੁੱਲਰ ਦੇ ਖ਼ਿਲਾਫ਼ ਇੱਕ ਹੋਰ ਮੁਕੱਦਮਾ ਦਰਜ ਕਰ ਸਕਦੀ ਹੈ। ਭੁੱਲਰ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਸੀਬੀਆਈ ਨੇ ਭੁੱਲਰ ਦਾ ਰਿਮਾਂਡ ਨਹੀਂ ਮੰਗਿਆ ਜਿਸ ਤੋਂ ਬਾਅਦ ਅਦਾਲਤ ਨੇ ਭੁੱਲਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਜਿਸ ਕਾਰਨ ਸੀਬੀਆਈ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਸ ਨੇ ਭੁੱਲਰ ਦਾ ਰਿਮਾਂਡ ਕਿਉਂ ਨਹੀਂ ਲਿਆ ਪਰੰਤੂ ਹੁਣ ਸਾਹਮਣੇ ਆ ਰਿਹਾ ਹੈ ਕਿ ਸੀਬੀਆਈ ਨੇ ਇੱਕ ਕਾਨੂੰਨੀ ਰਣਨੀਤੀ ਤਹਿਤ ਹੀ ਭੁੱਲਰ ਦਾ ਰਿਮਾਂਡ ਨਹੀਂ ਮੰਗਿਆ ਸਗੋਂ ਸੀਬੀਆਈ ਭੁੱਲਰ ਦੇ ਖ਼ਿਲਾਫ਼ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਦਾ ਮੁਕੱਦਮਾ ਦਰਜ ਕਰਕੇ ਦੁਬਾਰਾ ਰਿਮਾਂਡ ‘ਤੇ ਲੈ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੇ ਸਾਰੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਹਨ, ਜੋ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸੀਬੀਆਈ ਹਰਚਰਨ ਸਿੰਘ ਭੁੱਲਰ ਦੀ ਅਸਲ ਆਮਦਨ ਤੇ ਅਸਲ ਜਾਇਦਾਦ ਦੇ ਵੇਰਵੇ ਇਕੱਤਰ ਕਰ ਰਹੀ ਹੈ।
ਕਾਨੂੰਨੀ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਹੁਣ ਭੁੱਲਰ ਦੇ ਮਾਮਲੇ ‘ਚ ਈਡੀ ਅਤੇ ਇਨਕਮ ਟੈਕਸ ਵਿਭਾਗ ਵੀ ਦਸਤਕ ਦੇਵੇਗਾ। ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਡੀਆਈਜੀ ਭੁੱਲਰ ਦੇ ਮਾਮਲੇ ਜ਼ਰੀਏ ਕੇਂਦਰ ਦੀ ਭਾਜਪਾ ਸਰਕਾਰ ਖਾਸ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੀ ਚੋਟੀ ਦੀ ਅਫਸਰਸ਼ਾਹੀ ਦੀਆਂ ਜਾਇਦਾਦ ਪੱਤਰੀਆਂ ਪ੍ਰਾਪਤ ਕਰਕੇ ਡਿਫਾਲਟਰ ਅਫ਼ਸਰਾਂ ਨੂੰ ਆਪਣੇ ਪ੍ਰਭਾਵ ਥੱਲੇ ਰੱਖਣਗੇ ਜਿਨਾਂ ਨੂੰ ਸਮਾਂ ਆਉਣ ‘ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਖ਼ਿਲਾਫ਼ ਕਿਸੇ ਰਣਨੀਤੀ ਤੇ ਰਾਜਨੀਤੀ ਤਹਿਤ ਵਰਤਿਆ ਵੀ ਜਾ ਸਕਦਾ ਹੈ। ਸੀਬੀਆਈ ਦੀ ਅਗਲੀ ਕਾਨੂੰਨੀ ਰਣਨੀਤੀ ‘ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਸਾਰੇ ਚੋਟੀ ਦੇ ਆਗੂਆਂ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਮਾਮਲੇ ‘ਤੇ ਚੁੱਪ ਸਾਧੀ ਹੋਈ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ ਡੀਆਈਜੀ ਭੁੱਲਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇੱਕ ਪਟਵਾਰੀ ਅਤੇ ASI ਨੂੰ ਰਿਸ਼ਵਤ ਦੇ ਮਾਮਲੇ ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਦਾ ਜ਼ਿਕਰ ਵਧਾ ਚੜਾ ਕੇ ਕਰਦੇ ਹਨ ਪ੍ਰੰਤੂ ਪੰਜਾਬ ਪੁਲਿਸ ਦੇ ਇੱਕ ਚੋਟੀ ਦੇ ਅਫ਼ਸਰ ਦੀ ਸੀਬੀਆਈ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ/ਆਮ ਆਦਮੀ ਪਾਰਟੀ ਜਾਂ ਫਿਰ ਇਹ ਕਹਿ ਲਿਆ ਜਾਵੇ ਕਿ ਭਗਵੰਤ ਮਾਨ ਬੈਕ ਫੁੱਟ ‘ਤੇ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੈ।










