ਬਰਨਾਲਾ, 19 ਅਕਤੂਬਰ ( ਨਿਰਮਲ ਸਿੰਘ ਪੰਡੋਰੀ)-
ਹਲਕਾ ਮਹਿਲ ਕਲਾਂ ਦੇ ਹਿੰਮਤੀ ਤੇ ਜੁਝਾਰੂ ਲੋਕਾਂ ਨੇ ਹਮੇਸ਼ਾ ਹੀ ਹੱਕ
ਅਤੇ ਸੱਚ ਲਈ ਸੰਘਰਸ਼ ਕਰਕੇ ਸਮਾਜ ਦੀ ਅਗਵਾਈ ਕੀਤੀ ਹੈ ਜਦਕਿ ਇਸ ਹਲਕੇ ਦੀ ਰਾਜਨੀਤਿਕ ਅਗਵਾਈ ਹਮੇਸ਼ਾ ਕਮਜ਼ੋਰ ਤੇ ਨਿਕੰਮੀ ਸਾਬਤ ਹੋਈ ਹੈ।ਇਹ ਪ੍ਰਗਟਾਵਾ ਸਮਾਜਿਕ ਸੰਸਥਾ ਹੋਪ ਫ਼ਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਟਿੱਬਾ ਨੇ ਕਿਹਾ ਕਿ ਕਮਜ਼ੋਰ ਰਾਜਨੀਤਿਕ ਅਗਵਾਈ ਕਾਰਣ ਹੀ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀ ਹੋ ਰਹੀਆਂ।ਉਨ੍ਹਾਂ ਕਿਹਾ ਕਿ ਸਾਡੀ ਟੀਮ ਦਾ ਇਹ ਪ੍ਰਮੁੱਖ ਏਜੰਡਾ ਹੈ ਕਿ ਹਲਕਾ ਮਹਿਲ ਕਲਾਂ ਵਿੱਚ ਆਗਾਮੀ ਵਿਧਾਨ ਸਭਾ ਚੋਣਾ ਮੌਕੇ ਪਰਪੱਕ, ਮਜ਼ਬੂਤ ਅਤੇ ਟਿਕਾਊ ਲੀਡਰਸ਼ਿਪ ਦਾ ਸੰਕਲਪ ਉਭਾਰਿਆ ਜਾਵੇ ਤਾਂ ਕਿ ਮਹਿਲ ਕਲਾਂ ਸਮਾਜਿਕ ਸੰਘਰਸ਼ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਰਾਜਨੀਤਿਕ ਅਗਵਾਈ ਵੀ ਕਰ ਸਕੇ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਜਲਦ ਹੀ ਮਹਿਲ ਕਲਾਂ ਦਫ਼ਤਰ ਖੋਲਿਆ ਜਾ ਰਿਹਾ ਹੈ ਅਤੇ ਜਨ ਸੰਪਰਕ ਮੁਹਿੰਮ ਤਹਿਤ ਹੋਪ ਫ਼ਾਰ ਮਹਿਲ ਕਲਾਂ ਵੱਲੋਂ ਹਰ ਪਿੰਡ ਤੱਕ ਪਹੁੰਚ ਕਰਕੇ ਦਲਿਤ, ਪਛੜੇ ਵਰਗ, ਮਜ਼ਦੂਰ ਵਰਗ ਅਤੇ ਗਰੀਬ ਕਿਸਾਨ, ਛੋਟੇ ਦੁਕਾਨਦਾਰਾਂ ਤੱਕ ਪਹੁੰਚ ਕਰਕੇ ਸੰਸਥਾ ਨਾਲ ਜੋੜਿਆ ਜਾਵੇਗਾ ਅਤੇ ਪਿੰਡ ਪੱਧਰ ‘ਤੇ 21 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।ਉਨ੍ਹਾਂ ਅਪੀਲ ਕੀਤੀ ਕਿ ਨੌਜਵਾਨ ਵਰਗ ਵੱਡੀ ਗਿਣਤੀ ਵਿੱਚ “ਹੋਪ ਫ਼ਾਰ ਮਹਿਲ ਕਲਾਂ” ਦੀ ਟੀਮ ਨਾਲ ਜੁੜ ਕੇ ਆਮ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਕੀਤੇ ਜਾ ਯਤਨਾਂ ਵਿੱਚ ਆਪਣਾ ਯੋਗਦਾਨ ਪਾਵੇ ਤਾਂ ਕਿ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਰੋਕਿਆ ਜਾ ਸਕੇ।ਇਸ ਸਮੇਂ ਸੰਸਥਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਸ਼ਦੀਪ ਸਿੰਘ ਚੰਡੀਗੜ੍ਹ, ਹੰਸ ਰਾਜ ਦਹੀਆ ਰਿਟਾਇਡ ਪੁਲਿਸ ਇੰਸਪੈਕਟਰ, ਹਰਧੰਨ ਸਿੰਘ ਟਿੱਬਾ, ਹੈਪੀ ਸਰਮਾ, ਕਰਮਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮਾਹੀ, ਗੁਰਦੀਪ ਸਿੰਘ ਸੰਧੂ ਆਦਿ ਆਗੂ ਵੀ ਹਾਜ਼ਰ ਸਨ।










