ਚੰਡੀਗੜ੍ਹ,19 ਅਕਤੂਬਰ, Gee98 news service-
ਵਿਦਿਆਰਥੀਆਂ ਦੇ ਮਾਈਗ੍ਰੇਸ਼ਨ ਸਰਟੀਫਿਕੇਟ ਸਬੰਧੀ ਸੀਬੀਐਸਈ ਨੇ ਅਹਿਮ ਐਲਾਨ ਕੀਤਾ ਹੈ। ਸੀਬੀਐੱਸਈ ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਾਈਗ੍ਰੇਸ਼ਨ ਸਰਟੀਫਿਕੇਟ ਲੈਣ ਲਈ ਹੁਣ ਉਡੀਕ ਨਹੀਂ ਕਰਨੀ ਪਵੇਗੀ। ਇਸ ਸੰਬੰਧੀ ਬੋਰਡ ਨੇ ਪ੍ਰਕਿਰਿਆ ਵਿਚ ਵੱਡਾ ਬਦਲਾਅ ਕੀਤਾ ਹੈ। ਹੁਣ ਮਾਈਗ੍ਰੇਸ਼ਨ ਸਰਟੀਫਿਕੇਟ ਹਾਰਡ ਕਾਪੀ ਵਿਚ ਉਪਲਬਧ ਨਹੀਂ ਹੋਣਗੇ। ਵਿਦਿਆਰਥੀ ਸੀਬੀਐੱਸਈ ਦੀ ਵੈੱਬਸਾਈਟ ‘ਤੇ ਜਾ ਕੇ ਡਿਜੀਲਾਕਰ ਰਾਹੀਂ ਮਾਰਕਸ਼ੀਟ ਤੇ ਮਾਈਗ੍ਰੇਸ਼ਨ ਸਰਟੀਫਿਕੇਟ ਅਪਲੋਡ ਕਰ ਸਕਣਗੇ, ਹਾਲਾਂਕਿ ਮਾਰਕਸ਼ੀਟ ਪਹਿਲਾਂ ਵਾਂਗ ਹਾਰਡ ਕਾਪੀ ਵਿਚ ਵੀ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਹਾਰਡ ਕਾਪੀ ਲਈ ਅਰਜ਼ੀ ਦੇਣੀ ਪੈਂਦੀ ਸੀ। ਸੀਬੀਐਸਈ ਨੇ ਵਿੱਦਿਅਕ ਸੈਸ਼ਨ 2025-26 ਦੀਆਂ ਪ੍ਰੀਖਿਆਵਾਂ ਤੋਂ ਇਹ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਜਿਸ ਤਹਿਤ 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਡਿਜੀਲਾਕਰ ਰਾਹੀਂ ਸਰਟੀਫਿਕੇਟ ਮਿਲੇਗਾ। ਇਸ ਲਈ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।










