Gee 98News

DIG ਭੁੱਲਰ ਦੇ ਮਾਮਲੇ ‘ਤੇ ਪੰਜਾਬ ਦੇ DGP ਨੇ ਤੋੜੀ ਚੁੱਪੀ…!

ਚੰਡੀਗੜ੍ਹ ,21 ਅਕਤੂਬਰ , Gee98 news service-

-ਪੰਜਾਬ ਪੁਲਿਸ ਦੇ (DIG) ਹਰਚਰਨ ਸਿੰਘ ਭੁੱਲਰ (ਹੁਣ ਮੁਅੱਤਲ) ਨੂੰ ਸੀਬੀਆਈ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਸਬੰਧੀ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਆਖ਼ਰ ਆਪਣੀ ਚੁੱਪੀ ਤੋੜੀ ਹੈ। ਅੱਜ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਸਬੰਧੀ ਜਲੰਧਰ ਪੁੱਜੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਕਿਹਾ ਕਿ “ਹਰਚਰਨ ਸਿੰਘ ਭੁੱਲਰ ਦਾ ਕੇਸ ਸੀਬੀਆਈ ਨੇ ਦਰਜ ਕੀਤਾ ਹੈ ਜਿਸ ਦੀ ਪੜ੍ਹਤਾਲ ਚੱਲ ਰਹੀ ਹੈ ਅਤੇ ਇਸ ਪੜਾਅ ‘ਤੇ ਮੈਂ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰਾਂਗਾ”। ਡੀਜੀਪੀ ਨੇ ਕਿਹਾ ਕਿ ਭੁੱਲਰ ਦੇ ਕੇਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੀ ਅਸਫ਼ਲਤਾ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਉਹਨਾਂ ਕਿਹਾ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਬੀਤੇ ਸਮੇਂ ਦੌਰਾਨ ਕਈ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਹੈ ਜਿਨਾਂ ਦੀ ਸੂਚੀ ਲੰਮੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਆਪਣੇ ਇੱਕ ਡੀਆਈਜੀ ਦੀ ਸੀਬੀਆਈ ਵੱਲੋਂ ਗ੍ਰਿਫ਼ਤਾਰੀ ਦੇ ਮਾਮਲੇ ਨੂੰ ਪੰਜਾਬ ਵਿਜੀਲੈਂਸ ਦੀ ਸਫ਼ਲਤਾ ਦੀ ਕਹਾਣੀ ਸੁਣਾ ਕੇ ਫਿੱਕਾ ਕਰਨਾ ਚਾਹਿਆ ਪ੍ਰੰਤੂ ਪ੍ਰੈੱਸ ਕਾਨਫਰੰਸ ਦੌਰਾਨ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਸਪੱਸ਼ਟ ਕਰ ਰਹੇ ਸਨ ਕਿ ਮਾਨਯੋਗ ਡੀਜੀਪੀ ਸਾਹਿਬ ਆਪਣੇ ਇੱਕ ਵੱਡੇ ਅਫ਼ਸਰ ਦੀ ਸੀਬੀਆਈ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਕੀਤੀ ਗ੍ਰਿਫ਼ਤਾਰੀ ਤੋਂ ‌ ਨਿਰਾਸ਼ ਜ਼ਰੂਰ ਹਨ, ਭਾਵੇਂ ਕਿ ਉਹ ਮਾਮਲਾ ਪੜ੍ਹਤਾਲ ਅਧੀਨ ਕਹਿ ਕੇ ਇਸ ਮਾਮਲੇ ਤੋਂ ਬਚਣਾ ਚਾਹੁੰਦੇ ਹਨ ਪ੍ਰੰਤੂ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੀ “ਸਰੀਰਕ ਭਾਸ਼ਾ” ਸਭ ਕੁਝ ਬਿਆਨ ਕਰ ਰਹੀ ਸੀ।
ਫੋਟੋ ਕੈਪਸ਼ਨ-ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਸਮੇਂ ਡੀਜੀਪੀ ਸ੍ਰੀ ਗੌਰਵ ਯਾਦਵ ਦੀ ਤਸਵੀਰ

error: Content is protected !!