Gee 98News

ਭਗਵੰਤ ਮਾਨ ਦੀ ਇੱਕ ਪੋਸਟ ਨੇ ਫੇਰ ਕੀਤੇ ਵੱਡੇ ਸਵਾਲ ਖੜੇ…ਪਤਾ ਕਰੋ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਏਂ…..!

ਚੰਡੀਗੜ੍ਹ,22 ਅਕਤੂਬਰ, Gee98 news service-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਂਟ ‘ਤੇ ਪੋਸਟ ਕੀਤੀ ਇੱਕ ਪੋਸਟ ਨੇ ਭਗਵੰਤ ਮਾਨ ਦੀ ਕਾਰਜਸ਼ੈਲੀ ਸਬੰਧੀ ਇੱਕ ਵਾਰ ਫੇਰ ਚਰਚਾ ਛੇੜ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ 21 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਅਧਿਕਾਰਿਤ ਅਕਾਊਂਟ ‘ਤੇ ਪੋਸਟ ਉਪਰ ਪੰਜਾਬ ਦੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਪੁਲਿਸ ਦੇ ਸੀਬੀਆਈ ਵੱਲੋਂ ਰਿਸ਼ਵਤ ਦੇ ਮਾਮਲੇ ‘ਚ ਫੜੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸਸਪੈਂਡ ਕਰਨ ਦੇ ਮੁੱਖ ਮੰਤਰੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ, ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 18 ਅਕਤੂਬਰ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਸੀ ਪਰੰਤੂ ਮੁੱਖ ਮੰਤਰੀ ਵੱਲੋਂ 21 ਅਕਤੂਬਰ ਨੂੰ ਹੁਕਮ ਜਾਰੀ ਕਰਨ ਦੀ ਪੋਸਟ ਵਾਇਰਲ ਹੋ ਰਹੀ ਹੈ। ਪੰਜਾਬ ਦੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਸ੍ਰੀ ਅਲੋਕ ਸੇਖਰ ਆਈਏਐਸ ਵੱਲੋਂ ਜਾਰੀ ਇੱਕ ਪੱਤਰ ਵਿੱਚ ਇਹ ਬਕਾਇਦਾ ਸੂਚਨਾ ਦਿੱਤੀ ਗਈ ਹੈ ਕਿ ਹਰਚਰਨ ਸਿੰਘ ਭੁੱਲਰ ਦੇ 48 ਘੰਟੇ ਤੋਂ ਵੱਧ ਸਮੇਂ ਤੱਕ ਪੁਲਿਸ ਹਿਰਾਸਤ ਵਿੱਚ ਰਹਿਣ ਕਾਰਨ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਭਾਵ ਕਿ ਕਿਸੇ ਵੀ ਮੁਲਾਜ਼ਮ ਦੇ 48 ਘੰਟੇ ਤੋਂ ਵੱਧ ਸਮੇਂ ਵਿੱਚ ਪੁਲਿਸ ਹਿਰਾਸਤ ਵਿੱਚ ਰਹਿਣ ਕਾਰਨ ਭੁੱਲਰ ਦੀ ਮੁਅੱਤਲੀ ਕਾਨੂੰਨਨ ਹੀ ਬਣਦੀ ਸੀ ਫਿਰ ਮੁੱਖ ਮੰਤਰੀ ਵੱਲੋਂ ਭੁੱਲਰ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰਨ ਦੀ ਕੀ ਤੁੱਕ ਬਣਦੀ ਹੈ।

                             ਸਵਾਲ ਤਾਂ ਇਹ ਖੜੇ ਹੁੰਦੇ ਹਨ ਕਿ ਗ੍ਰਹਿ ਵਿਭਾਗ ਵੱਲੋਂ ਆਪਣੇ ਮੁਲਾਜ਼ਮ ਨੂੰ 18 ਅਕਤੂਬਰ ਨੂੰ ਸਸਪੈਂਡ ਕੀਤਾ ਗਿਆ ਪ੍ਰੰਤੂ ਸੂਬੇ ਦੇ ਮੁੱਖ ਮੰਤਰੀ, ਜਿਨਾਂ ਕੋਲ ਗ੍ਰਹਿ ਵਿਭਾਗ ਵੀ ਹੈ, ਉਹ 21 ਅਕਤੂਬਰ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰਨ ਸਬੰਧੀ ਲੋਕਾਂ ਨੂੰ ਪੋਸਟ ਪਾ ਕੇ ਜਾਣਕਾਰੀ ਦੇ ਰਹੇ ਹਨ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਤਹਿਤ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਸਵਾਲ ਇਹ ਵੀ ਉਠਦੇ ਹਨ ਕਿ ਆਖ਼ਰ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦਾ ਕੰਮ ਦੇਖ ਕੌਣ ਰਿਹਾ ਹੈ ? ਦੋ ਕੁ ਮਹੀਨੇ ਪਹਿਲਾਂ ਪੰਜਾਬ ਦੇ ਵੱਡੇ ਮੀਡੀਆ ਅਦਾਰਿਆਂ ਨਾਲ ਸੰਬੰਧਿਤ ਚੋਟੀ ਦੇ ਪੱਤਰਕਾਰਾਂ ਦੀ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਦੌਰਾਨ ਪੰਜਾਬ ਦੇ ਇੱਕ ਬਹੁਤ ਹੀ ਸੀਨੀਅਰ ਪੱਤਰਕਾਰ ਨੇ ਪੰਜਾਬ ਸਰਕਾਰ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਕਾਰ ਕਰਨ ਦੀ ਨੀਤੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ “ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਭਗਵੰਤ ਮਾਨ ਨੂੰ ਰਾਤ ਦੇ 9 ਵਜੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕੱਲ੍ਹ ਨੂੰ ਤੁਹਾਡੇ ਇਹ ਸਮਾਗਮ ਹਨ ਭਾਵ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦੀ ਜਾਣਕਾਰੀ ਰਾਤ ਦੇ 9 ਵਜੇ ਦਿੱਤੀ ਜਾਂਦੀ ਹੈ ਕਿ ਤੁਸੀਂ ਆਉਣ ਵਾਲੇ ਦਿਨ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨੀ ਹੈ ਜਾਂ ਤੁਹਾਡੇ ਇਹ ਰੁਝੇਵੇਂ ਹਨ”।

Gee98 Ads

                                      ਦੁੱਖ ਇਸ ਗੱਲ ਦਾ ਵੀ ਹੈ ਕਿ ਪੰਜਾਬ ਦੇ ਲੋਕਾਂ ਨੇ ਇਹੋ ਜਿਹਾ ਮੁੱਖ ਮੰਤਰੀ ਤਾਂ ਚੁਣਿਆ ਨਹੀਂ ਸੀ, ਇਹ ਦੁੱਖ ਇਸੇ ਸੰਦਰਭ ਵਿੱਚ ਵੀ ਹੈ ਕਿ ਲੋਕ ਬਤੌਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਕਾਰਗੁਜ਼ਾਰੀ ਪਹਿਲਾਂ ਦੇਖ ਚੁੱਕੇ ਹਨ ਪ੍ਰੰਤੂ ਇਹ ਪੰਜਾਬ ਵਾਸੀਆਂ ਲਈ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਸਿਰਫ਼ ਦੋ ਸ਼ਬਦ “ਮੁੱਖ ਮੰਤਰੀ” ਵਾਲੇ ਨਾਲ ਲਗਾ ਕੇ ਹੀ ਵਿਚਰ ਰਹੇ ਹਨ। ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸਸਪੈਂਡ ਕਰਨ ਸਬੰਧੀ ਮੁੱਖ ਮੰਤਰੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਵਾਇਰਲ ਹੋ ਰਹੀ ਪੋਸਟ ਤੋਂ ਵੱਡਾ ਹੋਰ ਸਬੂਤ ਨਹੀਂ ਹੈ ਅਤੇ ਨਾ ਹੀ ਕਿਸੇ ਸਬੂਤ ਦੀ ਲੋੜ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ? ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਉੱਪਰ ਉੱਠ ਕੇ ਜਿਹੜੇ ਭਗਵੰਤ ਮਾਨ ਨੂੰ ਨਿੱਜੀ ਤੌਰ ‘ਤੇ ਪਸੰਦ ਕਰਨ ਵਾਲੇ ਭਮੱਕੜਾਂ ਦੀਆਂ ਪੋਸਟਾਂ ਵੀ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਜਿਨਾਂ ਵਿੱਚ ਭਗਵੰਤ ਮਾਨ ਨੂੰ ਇਹ ਨਸੀਹਤ ਤੱਕ ਵੀ ਦਿੱਤੀ ਗਈ ਹੁੰਦੀ ਹੈ ਕਿ ਉਹ ਲੋਕਾਂ ਵਿੱਚ ਬਤੌਰ ਮੁੱਖ ਮੰਤਰੀ ਵਿਚਰਨ ਨਾ ਕਿ ਬਤੌਰ ਸੇਵਾਦਾਰ….!

error: Content is protected !!