ਚੰਡੀਗੜ੍ਹ, 24 ਅਕਤੂਬਰ, Gee98 news service-
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਅਤੇ ਤਸਵੀਰਾਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਤਰਥੱਲੀ ਮਚਾ ਦਿੱਤੀ ਹੈ। ਉੰਝ ਭਾਵੇਂ ਇਹ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਹਕੂਮਤ ਦੇ ਜ਼ੋਰ ‘ਤੇ ਇਹਨਾਂ ਨੂੰ ਦਬਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ ਅਤੇ ਕੁਝ ਹੱਦ ਤੱਕ ਸਰਕਾਰ ਕਾਮਯਾਬ ਵੀ ਹੋਈ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ‘ਚ ਜਗਮਨ ਸਮਰਾ ਨਾਂ ਦੇ ਇੱਕ ਵਿਅਕਤੀ ‘ਤੇ ਕੇਸ ਵੀ ਦਰਜ ਕੀਤਾ ਗਿਆ ਅਤੇ ਅਦਾਲਤ ਰਾਹੀਂ ਫੇਸਬੁੱਕ ‘ਤੇ ਗੂਗਲ ਨੂੰ 24 ਘੰਟੇ ਦੇ ਅੰਦਰ ਅੰਦਰ ਵੀਡੀਓ ਕਲਿੱਪ ਅਤੇ ਤਸਵੀਰਾਂ ਡਿਲੀਟ ਮਾਰਨ ਦੇ ਹੁਕਮ ਵੀ ਜਾਰੀ ਕਰਵਾਏ ਗਏ, ਜਿਸ ਤੋਂ ਬਾਅਦ ਲੱਗਦਾ ਸੀ ਕਿ ਇਹ ਮਾਮਲਾ ਇੱਥੇ ਹੀ ਖ਼ਤਮ ਹੋ ਜਾਵੇਗਾ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਆਪਣੀਆਂ ਇਤਰਾਜ਼ਯੋਗ ਵੀਡੀਓਜ਼ ਅਤੇ ਤਸਵੀਰਾਂ ਸਬੰਧੀ ਇੱਕ ਬਿਆਨ ਦੇ ਕਿ ਇਸ ਮਾਮਲੇ ਨੂੰ ਫਿਰ ਜਿਉਂਦਾ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਇੱਕ ਬਿਆਨ ਵਿੱਚ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਕਰਨ ਸਬੰਧੀ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਕਿ ਉਹਨਾਂ ਦੀ ਛਵੀ ਖ਼ਰਾਬ ਕਰਨ ਲਈ ਇਹ ਭਾਜਪਾ ਦੀ ਸਾਜ਼ਿਸ਼ ਹੈ। ਪੱਤਰਕਾਰਾਂ ਨੇ ਜਦ ਮੁੱਖ ਮੰਤਰੀ ਨੂੰ ਇਹਨਾਂ ਵੀਡੀਓਜ਼ ਅਤੇ ਤਸਵੀਰਾਂ ਸਬੰਧੀ ਸਵਾਲ ਕੀਤੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ “ਭਾਜਪਾ ਕੋਲ ਨਕਲੀ ਤੋਂ ਬਿਨਾਂ ਹੋਰ ਹੈ ਕੀ” ? ਭਾਵੇਂ ਕਿ ਭਾਜਪਾ ਦੇ ਕੁਝ ਆਗੂ ਪਹਿਲਾਂ ਹੀ ਇਸ ਮਾਮਲੇ ‘ਚ ਬਿਆਨ ਦੇ ਰਹੇ ਸਨ ਪ੍ਰੰਤੂ ਹੁਣ ਜਦੋਂ ਕਿ ਮੁੱਖ ਮੰਤਰੀ ਨੇ ਆਪਣੀ ਵਾਇਰਲ ਵੀਡੀਓਜ਼ ਅਤੇ ਤਸਵੀਰਾਂ ਨੂੰ ਭਾਜਪਾ ਦੀ ਸਾਜਿਸ਼ ਹੀ ਦੱਸ ਦਿੱਤਾ ਹੈ ਤਾਂ ਭਾਜਪਾ ਆਗੂ ਖੁੱਲ ਕੇ ਮੈਦਾਨ ਵਿੱਚ ਆ ਗਏ ਹਨ ਅਤੇ ਮੰਗ ਕਰ ਰਹੇ ਹਨ ਕਿ ਪੰਜਾਬ ਦੇ ਡੀਜੀਪੀ ਇਹਨਾਂ ਵੀਡੀਓ ਕਲਿੱਪਾਂ ਅਤੇ ਤਸਵੀਰਾਂ ਦੇ ਨਕਲੀ ਹੋਣ ਸਬੰਧੀ ਰਿਪੋਰਟ ਲੈ ਕੇ ਪੰਜਾਬ ਦੇ ਲੋਕਾਂ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਸਥਿਤੀ ਸਪੱਸ਼ਟ ਕਿਉਂ ਨਹੀਂ ਕਰਦੇ ਕਿ ਇਹ ਤਸਵੀਰਾਂ ਅਤੇ ਵੀਡੀਓ ਕਲਿੱਪ ਨਕਲੀ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਭਾਜਪਾ ਨੂੰ ਘਸੀਟ ਕੇ ਆਪਣੇ ਲਈ ਨਵੀਂ ਸਿਰਦਰਦੀ ਖੜੀ ਕਰ ਲਈ ਹੈ ਜਾਂ ਫਿਰ ਇਹ ਕਹਿ ਲਵੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਸਿਆਸੀ ਗੋਲ ਕਰ ਲਿਆ ਹੈ।
ਜਿਕਰਯੋਗ ਹੈ ਕਿ ਜਗਮਨ ਸਮਰਾ ਨਾਮ ਦੇ ਵਿਅਕਤੀ ਵੱਲੋਂ ਇਹ ਵੀਡੀਓ ਅਤੇ ਤਸਵੀਰਾਂ ਵਾਇਰਲ ਕਰਨ ਤੋਂ ਬਾਅਦ ਖੁਦ ਇਹਨਾਂ ਨੂੰ ਵਾਇਰਲ ਕਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਲਈ ਗਈ ਅਤੇ ਇਹ ਵੀ ਕਿਹਾ ਗਿਆ ਕਿ ਉਸ ਕੋਲ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਦੀਆਂ ਹੋਰ ਵੀਡੀਓ ਕਲਿੱਪਾਂ ਅਤੇ ਤਸਵੀਰਾਂ ਵੀ ਹਨ, ਜਿਸ ਤੋਂ ਬਾਅਦ “ਆਪ” ਦੇ ਸੋਸ਼ਲ ਮੀਡੀਆ ਵਿੰਗ ਨੇ ਜਗਮਨ ਸਮਰਾ ਦੇ ਜੇਲ੍ਹ ਵਿੱਚੋਂ ਭੱਜਣ ਤੋਂ ਲੈ ਕੇ ਉਸ ‘ਤੇ ਦਰਜ ਹੋਰ ਮੁਕੱਦਮਿਆਂ ਸੰਬੰਧੀ ਸਾਰੀ ਜਾਣਕਾਰੀ ਹੋ ਸਕਦੀ ਸੋਸ਼ਲ ਮੀਡੀਆ ‘ਤੇ ਲਿਆਂਦੀ ਅਤੇ ਜਗਮਨ ਸਮਰਾ ਨੂੰ ਇੱਕ ਸ਼ਰਾਰਤੀ ਅਨਸਰ ਸਿੱਧ ਕਰਦੇ ਹੋਏ ਉਸ ਵੱਲੋਂ ਪਹਿਲ ਕੀਤੀਆਂ ਵੀਡੀਓ ਕਲਿੱਪਾਂ ਤੇ ਤਸਵੀਰਾਂ ਨੂੰ ਮੁੱਖ ਮੰਤਰੀ ਦੇ ਖ਼ਿਲਾਫ਼ ਇੱਕ ਸ਼ਰਾਰਤ ਕਰਾਰ ਦਿੱਤਾ। ਜਗਮਨ ਸਮਰਾ ਮੁੱਖ ਮੰਤਰੀ ਦਾ ਪੁਰਾਣਾ ਜਾਣਕਾਰ ਹੈ ਅਤੇ ਲੋਕਾਂ ਨੇ ਇਹ ਮੰਨ ਵੀ ਲਿਆ ਸੀ ਕਿ ਜਗਮਨ ਸਮਰਾ ਕਿਸੇ ਪੁਰਾਣੀ ਰੰਜਿਸ਼ ਕਰਕੇ ਹੀ ਭਗਵੰਤ ਮਾਨ ਨੂੰ ਬਦਨਾਮ ਕਰ ਰਿਹਾ ਹੈ ਪ੍ਰੰਤੂ ਹੁਣ ਜਦੋਂ ਕਿ ਮੁੱਖ ਮੰਤਰੀ ਨੇ ਇਸ ਮਾਮਲੇ ‘ਚ ਖੁਦ ਹੀ ਭਾਜਪਾ ਨੂੰ ਘਸੀਟ ਲਿਆ ਹੈ ਤਾਂ ਜਗਮਨ ਸਮਰਾ ਆਪਣੇ ਆਪ ਬੈਕਫੁੱਟ ‘ਤੇ ਚਲਾ ਗਿਆ ਹੈ।
ਜੇਕਰ ਮੁੱਖ ਮੰਤਰੀ ਨੇ ਭਾਜਪਾ ਨੂੰ ਆਪਣੀਆਂ ਵਾਇਰਲ ਵੀਡੀਓ ਕਲਿੱਪਾਂ ਅਤੇ ਤਸਵੀਰਾਂ ਲਈ ਦੋਸ਼ੀ ਦੱਸਿਆ ਹੈ ਤਾਂ ਭਾਜਪਾ ਆਗੂ ਵੀ ਇਹ ਮੰਗ ਖੁੱਲ੍ਹ ਕੇ ਕਰਨਗੇ ਕਿ ਪੰਜਾਬ ਪੁਲਿਸ ਇਹਨਾਂ ਵੀਡੀਓ ਕਲਿੱਪਾਂ ਅਤੇ ਤਸਵੀਰਾਂ ਦੇ ਨਕਲੀ ਹੋਣ ਜਾਂ AI ਨਾਲ ਤਿਆਰ ਕੀਤੇ ਜਾਣ ਦੀ ਰਿਪੋਰਟ ਪੰਜਾਬ ਦੇ ਲੋਕਾਂ ਸਾਹਮਣੇ ਰੱਖਣ, ਭਾਜਪਾ ਪੰਜਾਬ ਦੇ ਲੋਕਾਂ ਦੇ ਮਨਾਂ ‘ਚ ਵੀ ਇਹ ਸਵਾਲ ਬਿਠਾਉਣ ਦੇ ਯਤਨ ਕਰੇਗੀ ਕਿ ਆਖਰ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਇਹਨਾਂ ਵੀਡੀਓ ਕਲਿੱਪਾਂ ਤੇ ਤਸਵੀਰਾਂ ਦੇ ਨਕਲੀ ਹੋਣ ਸਬੰਧੀ ਰਿਪੋਰਟ ਜਨਤਕ ਕਰਕੇ ਸੁਰਖ਼ਰੂ ਕਿਉਂ ਨਹੀਂ ਹੋ ਜਾਂਦੀ। ਕੁੱਲ ਮਿਲਾ ਕੇ ਮੁੱਖ ਮੰਤਰੀ ਦੀਆਂ ਇਤਰਾਜ਼ਯੋਗ ਤਸਵੀਰਾਂ ਤੇ ਵੀਡੀਓ ਕਲਿੱਪਾਂ ਵਾਇਰਲ ਕਰਨ ਦੇ ਮਾਮਲੇ ‘ਚ ਹੁਣ ਜਗਮਨ ਸਮਰਾ ਨੇ ਹੀ ਸਗੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਵਾਲਾਂ ਦੇ ਘੇਰੇ ਵਿੱਚ ਉਲਝ ਗਏ ਹਨ ਕਿ ਉਨਾਂ ਨੇ ਕਿਸ ਆਧਾਰ ‘ਤੇ ਇਸ ਮਾਮਲੇ ‘ਚ ਭਾਜਪਾ ਨੂੰ ਦੋਸ਼ੀ ਦੱਸਿਆ ਹੈ। ਕੀ ਪੰਜਾਬ ਦੇ ਸਾਈਬਰ ਕ੍ਰਾਈਮ ਵਿੰਗ ਨੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਕੋਈ ਪੁਖ਼ਤਾ ਜਾਣਕਾਰੀ ਦਿੱਤੀ ਹੈ ਕਿ ਇਹ ਤਸਵੀਰਾਂ ਅਤੇ ਵੀਡੀਓ ਕਲਿੱਪਾਂ ਭਾਜਪਾ ਦੇ ਸੋਸ਼ਲ ਮੀਡੀਆ ਵਿੰਗ ਨੇ ਤਿਆਰ ਕੀਤੀਆਂ ਹਨ ? ਕੀ “ਆਪ” ਇਹ ਸਿੱਧ ਕਰ ਸਕੇਗੀ ਕਿ ਜਗਮਨ ਸਮਰਾ ਦੇ ਭਾਜਪਾ ਨਾਲ ਕਿੰਨੇ ਸਮੇਂ ਤੋਂ ਕਿਹੋ ਜਿਹੇ ਸਬੰਧ ਹਨ ?










