Gee 98News

ਬਾਹਰੋਂ ਝੋਨਾ ਲਿਆ ਕੇ ਵੇਚਦਾ ਸੀ ਸ਼ੈਲਰ ਮਾਲਕ…ਝੋਨੇ ਦਾ ਭਰਿਆ ਟਰੱਕ ਕਾਬੂ

ਬਰਨਾਲਾ,7 ਨਵੰਬਰ, Gee98 news service

ਬਰਨਾਲਾ ਦੇ ਫੂਡ ਸਪਲਾਈ ਵਿਭਾਗ ਨੇ ਬਾਹਰਲੇ ਰਾਜਾਂ ਤੋਂ ਜੀਰੀ ਲਿਆ ਕੇ ਵੇਚਣ ਜਾਂ ਵਰਤਣ ਵਾਲੀ ਇੱਕ ਸ਼ੈਲਰ ਮਾਲਕ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸ਼ੈਲਰ ਵਿੱਚੋਂ ਇੱਕ ਜੀਰੀ ਨਾਲ ਭਰਿਆ ਟਰੱਕ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਪਿੰਡ ਕੱਟੂ ਰੋਡ ‘ਤੇ ਸਥਿਤ ਇੱਕ ਸ਼ੈਲਰ ਵਿੱਚੋਂ ਜੀਰੀ ਨਾਲ ਭਰਿਆ ਇੱਕ ਟਰੱਕ ਬਰਾਮਦ ਕੀਤਾ ਜੋ ਪੰਜਾਬ ਤੋਂ ਬਾਹਰਲੇ ਰਾਜ ਵਿੱਚੋਂ ਭਰ ਕੇ ਲਿਆਂਦਾ ਗਿਆ ਸੀ। ਉਹਨਾਂ ਕਿਹਾ ਕਿ ਬਾਹਰੋਂ ਝੋਨਾ ਲਿਆ ਕੇ ਸਥਾਨਕ ਮੰਡੀਆਂ ਵਿੱਚ ਵੇਚਣ ਨਾਲ ਸਥਾਨਕ ਕਿਸਾਨਾਂ ਦੇ ਹਿੱਤ ਪ੍ਰਭਾਵਿਤ ਹੁੰਦੇ ਹਨ। ‌ ਫੂਡ ਸਪਲਾਈ ਵਿਭਾਗ ਵੱਲੋਂ ਇਸ ਸਬੰਧੀ ਸ਼ੈਲਰ ਮਾਲਕ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਥਾਣਾ ਧਨੌਲਾ ਵਿਖੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਕੁਝ ਸ਼ੈਲਰਾਂ ਵਾਲੇ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਝੋਨਾ ਇਸ ਕਰਕੇ ਲਿਆਉਂਦੇ ਹਨ ਕਿਉਂਕਿ ਪੰਜਾਬੋਂ ਬਾਹਰ ਇਹ ਸਸਤੇ ਰੇਟ ‘ਤੇ ਮਿਲ ਜਾਂਦਾ ਹੈ ਅਤੇ ਪੰਜਾਬ ਦੀਆਂ ਮੰਡੀਆਂ ਵਿੱਚ ਮਹਿੰਗਾ ਵਿਕਦਾ ਹੈ ਜਿਸ ਨਾਲ ਇੱਕ ਟਰੱਕ ਮਗਰ 40 ਤੋਂ 50 ਹਜ਼ਾਰ ਦਾ ਮੁਨਾਫ਼ਾ ਹੁੰਦਾ ਹੈ। ਇਸੇ ਕਰਕੇ ਸ਼ੈਲਰ ਮਾਲਿਕ ਬਾਹਰਲੇ ਰਾਜਾਂ ਤੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਦੇ ਹਨ ਜਾਂ ਆਪਣੇ ਸ਼ੈਲਰ ਵਿੱਚ ਵਰਤਦੇ ਹਨ ਜਿਸ ਨਾਲ ਸਥਾਨਕ ਸਰਕਾਰੀ ਖਰੀਦ ਨਿਯਮ ਪ੍ਰਭਾਵਿਤ ਹੁੰਦੇ ਹਨ। ਜ਼ਿਲ੍ਹਾ ਫੂਡ ਸਪਲਾਈ ਵਿਭਾਗ ਨੇ ਅਜਿਹੇ ਸ਼ੈਲਰ ਮਾਲਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸਰਕਾਰੀ ਖਰੀਦ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਜ਼ ਆਉਣ, ਨਹੀਂ ਤਾਂ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

error: Content is protected !!