ਬਰਨਾਲਾ,17 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਧਨੌਲਾ ਵਿਖੇ ਇੱਕ ਨਸ਼ਾ ਤਸਕਰ ਦੇ ਪੂਰੇ ਮਕਾਨ ਨੂੰ ਮਿੰਟਾਂ ਸਕਿੰਟਾਂ ਵਿੱਚ ਬੁਲਡੋਜ਼ਰ ਨਾਲ ਢਹਿ ਢੇਰੀ ਕਰ ਦਿੱਤਾ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ, ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ, ਐਸਐਚਓ ਲਖਬੀਰ ਸਿੰਘ ਧਨੌਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਰਹੇ। ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਮਾਰਕੀਟ ਕਮੇਟੀ ਵੱਲੋਂ ਕੀਤੀ ਗਈ ਕਿਉਂਕਿ ਨਸ਼ਾ ਤਸਕਰ ਸ਼ਿਵ ਸੋਨੀ ਨੇ ਮਾਰਕੀਟ ਕਮੇਟੀ ਦੀ ਜਗ੍ਹਾ ‘ਤੇ ਨਜਾਇਜ਼ ਕਬਜ਼ਾ ਕਰਕੇ ਆਪਣਾ ਮਕਾਨ ਬਣਾਇਆ ਹੋਇਆ ਸੀ। ਮਾਰਕੀਟ ਕਮੇਟੀ ਵੱਲੋਂ ਸ਼ਿਵ ਸੋਨੀ ਨੂੰ ਕਈ ਨੋਟਿਸ ਜਾਰੀ ਕੀਤੇ ਗਏ ਪ੍ਰੰਤੂ ਉਸ ਨੇ ਕਿਸੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਬਰਨਾਲਾ ਸ੍ਰੀ ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ ਕਿ ਇਹ ਕਾਰਵਾਈ ਉਹਨਾਂ ਦੋਸ਼ੀਆਂ ਖਿਲਾਫ਼ ਸ਼ੁਰੂ ਕੀਤੀ ਸਖ਼ਤ ਕਾਰਵਾਈ ਦਾ ਹਿੱਸਾ ਹੀ ਹੈ ਜੋ ਨਸ਼ੇ ਦੇ ਗ਼ੈਰ ਕਾਨੂੰਨੀ ਧੰਦੇ ਨਾਲ ਪੈਸਾ ਕਮਾ ਕੇ ਆਲੀਸ਼ਾਨ ਮਕਾਨ ਬਣਾ ਕੇ ਆਪਣੇ ਸਮਾਜਿਕ ਰੁਤਬੇ ਦਾ ਦਿਖਾਵਾ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਸੋਨੀ, ਜੋ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ, ਦੇ ਖ਼ਿਲਾਫ਼ ਕੁੱਲ 16 ਮੁਕੱਦਮੇ ਦਰਜ ਹਨ ਜਿਨਾਂ ਵਿੱਚੋਂ ਨਸ਼ਾ ਤਸਕਰੀ ਦੇ 8, ਨਜਾਇਜ਼ ਸ਼ਰਾਬ ਵੇਚਣ ਦੇ 3, ਐਨਡੀਪੀਐਸ ਐਕਟ ਦੇ 3 ਅਤੇ ਦੋ ਹੋਰ ਮੁਕਾਬਲੇ ਦਰਜ ਹਨ। ਪੁਲਿਸ ਨੇ ਨਸ਼ਾ ਤਸਕਰ ਸ਼ਿਵ ਸੋਨੀ ਦਾ ਘਰ ਢਾਹੁਣ ਤੋਂ ਪਹਿਲਾਂ ਉਸਦੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਹਿਰਾਸਤ ਵਿੱਚ ਲਿਆ। ਇਸ ਮੌਕੇ ਐਸਐਸਪੀ ਸ੍ਰੀ ਆਲਮ ਨੇ ਕਿਹਾ ਕਿ ਕਾਨੂੰਨ ਦੀ ਨਜ਼ਰ ਵਿੱਚ ਕਿਸੇ ਵੀ ਅਪਰਾਧੀ ਦੀ ਕੋਈ ਸ਼੍ਰੇਣੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਅਪਰਾਧ ਕਰਨ ਵਾਲੇ ਹਰੇਕ ਵਿਅਕਤੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।










