ਚੰਡੀਗੜ੍ਹ ,4 ਦਸੰਬਰ, Gee98 news service-
-ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਕਰਵਾਉਣ ਦਾ ਅੱਜ ਆਖ਼ਰੀ ਦਿਨ ਹੈ। ਇਸ ਤਰ੍ਹਾਂ ਪੰਜਾਬ ‘ਚ ਕਿਧਰੇ ਕਿਧਰੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ,ਕਾਂਗਰਸੀ ਵਰਕਰਾਂ ਦੇ ਵਿੱਚ ਝੜਪਾਂ ਦੀਆਂ ਖ਼ਬਰਾਂ ਵੀ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਰੋਕਣ ਲਈ ਪੰਜਾਬ ਪੁਲਿਸ ਦੀ ਭੂਮਿਕਾ ‘ਤੇ ਵੀ ਸਵਾਲ ਉਠੇ ਹਨ, ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਨੋ ਓਬਜੈਕਸ਼ਨ ਸਰਟੀਫਿਕੇਟ ਜਾਰੀ ਕਰਨ ਦੇ ਮਾਮਲੇ ‘ਚ ਕੁਝ ਬਲਾਕ ਅਫ਼ਸਰਾਂ ਨੂੰ ਵੀ ਚੋਣ ਕਮਿਸ਼ਨ ਨੇ ਰਾਡਾਰ ‘ਤੇ ਲਿਆ ਹੈ। ਨਾਭਾ ਦੀ ਬੀਡੀਪੀਓ ਬੀਬੀ ਬਲਜੀਤ ਕੌਰ ਦੀ ਵਾਇਰਲ ਹੋ ਰਹੀ ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹੈ। ਜੋ ਸਮੇਂ ਸਿਰ ਐਨਓਸੀ ਜਾਰੀ ਨਾ ਕਰਨ ਤੋਂ ਬਾਅਦ ਅਕਾਲੀ ਵਰਕਰਾਂ ਨਾਲ ਤਕਰਾਰਬਾਜ਼ੀ ਨਾਲ ਸੰਬੰਧਿਤ ਹੈ। ਪੰਜਾਬ ‘ਚ ਇੱਕ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਜਿਹੜੇ ਕਿ ਪਹਿਲਾਂ ਰੋਕ ਦਿੱਤੇ ਗਏ ਸਨ। ਪੰਜਾਬ ‘ਚ ਕਿਤੇ ਕਿਤੇ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੇ ਸੱਤਾਧਾਰੀ ਵਿਧਾਇਕਾਂ ਨੇ ਨਾਮਜ਼ਦਗੀ ਪੱਤਰਾਂ ਦੀ ਦਾਖਲ ਪ੍ਰਕਿਰਿਆ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਹੈ। ਆਮ ਤੌਰ ‘ਤੇ ਸੱਤਾਧਾਰੀ ਪਾਰਟੀ ਵੱਲੋਂ ਚੋਣ ਲੜਨ ਦੀ ਚਾਹਵਾਨ ਉਮੀਦਵਾਰਾਂ ਦੀ ਦੌੜ ਵਿਰੋਧੀ ਪਾਰਟੀਆਂ ਨਾਲੋਂ ਵੱਧ ਹੁੰਦੀ ਹੈ ਪਰੰਤੂ ਜੇਕਰ ਬਰਨਾਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਸੱਤਾਧਾਰੀ ਪਾਰਟੀ ਤੋਂ ਪਿੱਛੇ ਨਹੀਂ ਹਨ। ਬਹਿਰਹਾਲ ! ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਸੱਤਾਧਾਰੀਆਂ ਦੇ ਇਸ਼ਾਰੇ ‘ਤੇ ਨਿਭਾਈ ਜਾ ਰਹੀ ਭੂਮਿਕਾ ਲੋਕਤੰਤਰ ਦੀ ਮੁਢਲੀ ਇਕਾਈ ਲਈ ਸ਼ੁਭ ਸ਼ਗਨ ਨਹੀਂ ਹੈ। ਕੁਝ ਕੁ ਥਾਵਾਂ ‘ਤੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਪੱਗ ਦਾ ਰੰਗ “ਸਰੋਂ ਫੁੱਲਾ” ਨਜ਼ਰ ਆ ਰਿਹਾ ਹੈ। ਇਹ ਵੀ ਪਹਿਲੀ ਵਾਰ ਸਾਹਮਣੇ ਆ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਣਾ ਚੋਣ ਨਿਸ਼ਾਨ ਲੈ ਕੇ ਇਹਨਾਂ ਚੋਣਾਂ ਦੌਰਾਨ ਪਿੰਡਾਂ ਵਿੱਚ ਇਕੱਲੇ ਤੌਰ ‘ਤੇ ਵਿਚਰੇਗੀ। ਧਿਆਨ ਰਹੇ ਕਿ ਪੰਚਾਇਤ ਸੰਮਤੀ ਚੋਣਾਂ ਭਾਵੇਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ‘ਤੇ ਹੀ ਲੜੀਆਂ ਜਾਂਦੀਆਂ ਹਨ ਪ੍ਰੰਤੂ ਕੁਝ ਕੁ ਥਾਵਾਂ ‘ਤੇ ਇੱਕੋ ਇੱਕ ਵੱਡੇ ਪਿੰਡਾਂ ਦਾ ਜੋਨ ਹੋਣ ਦੇ ਕਾਰਨ ਇਹ ਸਰਪੰਚ ਦੀ ਚੋਣ ਵਾਂਗ ਸਿੱਧੇ ਤੌਰ ‘ਤੇ ਪਿੰਡ ਦੀ ਸਿਆਸੀ ਜੰਗ ਦਾ ਰੂਪ ਧਾਰਨ ਕਰਨ ਜਾਂਦੀਆਂ ਹਨ। ਇਹਨਾਂ ਚੋਣਾਂ ਵਿੱਚ ਸਫਲਤਾ ਦਾ ਊਠ ਕਿਸ ਕਰਵਟ ਬੈਠੇਗਾ, ਇਹ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿਉਂਕਿ ਚੋਣ ਲੜ ਰਹੇ ਉਮੀਦਵਾਰਾਂ ਦੀ ਫਾਈਨਲ ਸੂਚੀ ਤੋਂ ਬਾਅਦ ਹੀ ਮੁਕਾਬਲੇ ਦੀ ਤਸਵੀਰ ਸਾਹਮਣੇ ਆਵੇਗੀ।








