ਚੰਡੀਗੜ੍ਹ,5 ਦਸੰਬਰ, Gee98 news service-
-ਆਉਣ ਵਾਲੇ ਇਕ ਸਾਲ ਤੱਕ ਦੇਸ਼ ਦੇ ਸਾਰੇ ਨੈਸ਼ਨਲ ਹਾਈਵੇ ‘ਤੇ ਟੋਲ ਪਲਾਜਿਆਂ ‘ਤੇ ਟੋਲ ਟੈਕਸ ਦੇਣ ਲਈ ਕਿਸੇ ਨੂੰ ਵੀ ਰੁਕਣਾ ਨਹੀਂ ਪਵੇਗਾ ਅਤੇ ਕਿਸੇ ਵੀ ਟੋਲ ਪਲਾਜ਼ਾ ‘ਤੇ ਲੰਮੀਆਂ ਕਤਾਰਾਂ ਨਹੀਂ ਲੱਗਣਗੀਆਂ ਕਿਉਂਕਿ ਕੇਂਦਰ ਸਰਕਾਰ ਟੋਲ ਟੈਕਸ ਅਦਾ ਕਰਨ ਸਬੰਧੀ ਇੱਕ ਨਵੀਂ ਇਲੈਕਟਰੋਨਿਕਸ ਪ੍ਰਣਾਲੀ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੇ ਲਾਗੂ ਹੋਣ ਤੋਂ ਬਾਅਦ ਕੌਮੀ ਮਾਰਗਾਂ ‘ਤੇ ਬਿਨਾਂ ਕਿਸੇ ਰੁਕਾਵਟ ਤੋਂ ਸਫ਼ਰ ਕੀਤਾ ਜਾ ਸਕੇਗਾ। ਕੇਂਦਰ ਦੀ ਇਸ ਯੋਜਨਾ ਸਬੰਧੀ ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਦੱਸਿਆ ਕਿ ਨਵੀਂ ਵਿਵਸਥਾ ਨੂੰ ਅਜ਼ਮਾਇਸ਼ੀ ਪ੍ਰਾਜੈਕਟ ਤਹਿਤ ਫਿਲਹਾਲ ਦੇਸ਼ ਵਿੱਚ 10 ਥਾਵਾਂ ‘ਤੇ ਸ਼ੁਰੂ ਕੀਤਾ ਗਿਆ ਹੈ ਅਤੇ ਆਉਣ ਵਾਲੇ ਇੱਕ ਸਾਲ ਦੇ ਅੰਦਰ ਅੰਦਰ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਕ ਸਾਲ ‘ਚ ਪੂਰੇ ਦੇਸ਼ ‘ਚ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਲਾਗੂ ਕਰ ਦਿੱਤਾ ਜਾਵੇਗਾ ਅਤੇ ਟੋਲ ਦੇ ਨਾਂਅ ‘ਤੇ ਲੋਕਾਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੋਵੇਗਾ।ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪ੍ਰਸ਼ਨ ਕਾਲ ਦੌਰਾਨ ਲੋਕ ਸਭਾ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵੇਲੇ ਦੇਸ਼ ਭਰ ‘ਚ 10 ਲੱਖ ਕਰੋੜ ਦੇ 4500 ਸ਼ਾਹਰਾਹ ਪ੍ਰਾਜੈਕਟ ਚੱਲ ਰਹੇ ਹਨ ।








