ਬਰਨਾਲਾ,6 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਪੁਲਿਸ ਨੇ ਸਥਾਨਕ ਬੱਸ ਸਟੈਂਡ ਰੋਡ ‘ਤੇ ਮਿਤੀ 26 ਨਵੰਬਰ ਨੂੰ ਇੱਕ ਦੁਕਾਨ ‘ਤੇ ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਅੱਜ ਥਾਣਾ ਸਿਟੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ 26 ਨਵੰਬਰ ਨੂੰ ਬਰਨਾਲਾ ਬੱਸ ਸਟੈਂਡ ਰੋਡ ‘ਤੇ ਇੱਕ ਮਨੀ ਟ੍ਰਾਂਸਫਰ ਅਤੇ ਡਿਸ ਰਿਚਾਰਜ ਦੀ ਦੁਕਾਨ ‘ਤੇ ਚਾਰ ਨਾਮਲੂਮ ਵਿਅਕਤੀ ਆਏ ਜਿਨਾਂ ਵਿੱਚੋਂ ਤਿੰਨ ਦੁਕਾਨ ਦੇ ਅੰਦਰ ਗਏ ਤੇ ਇੱਕ ਬਾਹਰ ਖੜਾ ਰਿਹਾ। ਉਨਾਂ ਨੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਆਈ ਫੋਨ 15 ਪਰੋ ਮੈਕਸ ਖੋਹ ਕੇ ਲੈ ਗਏ, ਜਿਸ ਤੋਂ ਬਾਅਦ ਦੁਕਾਨਦਾਰ ਜਗਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪੱਤੀ ਰੋਡ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਸਬੰਧੀ ਮੁਕੱਦਮਾ ਨੰਬਰ 544 ਮਿਤੀ 27 ਨਵੰਬਰ ਥਾਣਾ ਸਿਟੀ ਬਰਨਾਲਾ ਵਿਖੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਡੀਐਸਪੀ ਬੈਂਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮਾਨਯੋਗ ਐਸਐਸਪੀ ਬਰਨਾਲਾ ਨੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਅਤੇ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀਆਂ ਟੀਮਾਂ ਦਾ ਗਠਨ ਕੀਤਾ ਅਤੇ ਦੌਰਾਨੇ ਪੜ੍ਹਤਾਲ ਇਸ ਮਾਮਲੇ ਵਿੱਚ ਮਨਦੀਪ ਸਿੰਘ ਬੱਬੂ ਪੁੱਤਰ ਧੰਨਾ ਸਿੰਘ, ਬਲਕਾਰ ਸਿੰਘ ਗੋਰੂ ਪੁੱਤਰ ਨਿੱਕਾ ਸਿੰਘ, ਜਗਸੀਰ ਸਿੰਘ ਜੱਗਾ ਪੁੱਤਰ ਲਛਮਣ ਸਿੰਘ ਵਾਸੀਆਨ ਮਹਿਤਾ ਅਤੇ ਹਰਮੀਤ ਸਿੰਘ ਉਰਫ ਧਾਕੜ ਪੁੱਤਰ ਸਵਰਨ ਸਿੰਘ ਵਾਸੀ ਬਾਜੀਗਰ ਬਸਤੀ ਤਪਾ ਮੰਡੀ ਅਤੇ ਇਸ ਘਟਨਾ ਤੋਂ ਪਹਿਲਾਂ ਦੁਕਾਨ ਦੀ ਰੇਕੀ ਕਰਨ ਵਾਲੇ ਰਿੰਕੇ ਨੂੰ ਟਰੇਸ ਕਰਕੇ ਮੁਕੱਦਮੇ ‘ਚ ਨਾਮਜ਼ਦ ਕੀਤਾ ਗਿਆ। ਉਹਨਾਂ ਦੱਸਿਆ ਕਿ ਉਕਤਾਨ ਦੋਸ਼ੀਆਂ ਵਿੱਚੋਂ ਮਨਦੀਪ ਸਿੰਘ ਬੱਬੂ ਅਤੇ ਹਰਮੀਤ ਸਿੰਘ ਉਰਫ ਧਾਕੜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਨਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਤੋਂ ਮੋਬਾਈਲ ਆਈਫੋਨ 15 ਪ੍ਰੋ ਮੈਕਸ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਡੀਐਸਪੀ ਬੈਂਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚੋਂ ਮਨਦੀਪ ਸਿੰਘ ਬੱਬੂ ‘ਤੇ ਪਹਿਲਾਂ ਵੀ ਤਪਾ ਅਤੇ ਧਨੌਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਅੱਠ ਮੁਕੱਦਮੇ ਦਰਜ ਹਨ।










