ਚੰਡੀਗੜ੍ਹ ,6 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਪੁਲਿਸ ਦੇ ਮੁਲਾਜ਼ਮ ਹੁਣ ਵਰਦੀ ਪਾ ਕੇ ਜੇ ਕਿਧਰੇ ਭੰਗੜਾ ਪਾਉਂਦੇ ਜਾਂ ਰੀਲਾਂ ਬਣਾਉਂਦੇ ਨਜ਼ਰ ਆ ਗਏ ਤਾਂ ਉਹਨਾਂ ਦੇ ਖ਼ਿਲਾਫ਼ ਵਿਭਾਗ ਦੇ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੀ ਵਰਦੀ ਪਾ ਕੇ ਰੀਲਾਂ ਬਣਾਉਣ ਅਤੇ ਜਨਤਕ ਸਮਾਗਮਾਂ ‘ਚ ਭੰਗੜਾ ਪਾਉਣ ਵਾਲੇ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਦੇ ਵਾਇਰਲ ਹੋ ਰਹੇ ਵੀਡੀਓ ਕਲਿੱਪਾਂ ਦਾ ਨੋਟਿਸ ਲੈਂਦੇ ਹੋਏ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਡੀਜੀਪੀ ਨੇ ਕਿਹਾ ਕਿ ਹਾਲ ਹੀ ਵਿੱਚ ਕੁਝ ਪੁਲਿਸ ਅਧਿਕਾਰੀ ਵਰਦੀ ਵਿੱਚ ਡਾਂਸ, ਭੰਗੜਾ ਅਤੇ ਮਨੋਰੰਜਨ ਵੀਡੀਓ ਬਣਾਉਂਦੇ ਦੇਖੇ ਗਏ ਸਨ, ਜਿਸ ਨਾਲ ਵਿਭਾਗ ਦੇ ਅਕਸ ‘ਤੇ ਅਸਰ ਪਿਆ ਹੈ। ਇਸ ‘ਤੇ ਡੀਜੀਪੀ ਦਫ਼ਤਰ ਨੇ ਸਾਰੇ ਰੇਂਜ ਆਈਜੀ, ਡੀਆਈਜੀ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਨਿਗਰਾਨੀ ਵਧਾਉਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸੰਬੰਧੀ ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਨੋਡਲ ਏਜੰਸੀ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜੋ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ‘ਤੇ ਨਜ਼ਰ ਰੱਖੇਗੀ ਅਤੇ ਜੇਕਰ ਕਿਧਰੇ ਕਿਸੇ ਵਰਦੀਧਾਰੀ ਪੁਲਿਸ ਮੁਲਾਜ਼ਮ ਦੀ ਅਜਿਹੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਉਸਨੂੰ ਡੀਜੀਪੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਪੇਸ਼ ਕਰੇਗੀ। ਵਿਭਾਗ ਦਾ ਕਹਿਣਾ ਹੈ ਕਿ ਪੁਲਿਸ ਦੀ ਵਰਦੀ ਵਿੱਚ ਭੰਗੜਾ ਪਾਉਣ, ਡਾਂਸ ਕਰਨ ਅਤੇ ਰੀਲਾਂ ਬਣਾਉਣ ਵਾਲੇ ਕਰਮਚਾਰੀਆਂ ਦੀ ਸਲਾਨਾ ਗੁਪਤ ਰਿਪੋਰਟ (ACR) ਪ੍ਰਭਾਵਿਤ ਹੋਵੇਗੀ ਅਤੇ ਉਨ੍ਹਾਂ ਦੀ ਤਰੱਕੀ ਪ੍ਰਕਿਰਿਆ ‘ਚ ਵੀ ਵਿਘਨ ਪੈ ਸਕਦਾ ਹੈ।








