ਚੰਡੀਗੜ੍ਹ ,8 ਦਸੰਬਰ , Gee98 news service
-ਪੰਜਾਬ ਦੇ ਆਈਏਐਸ ਅਤੇ ਆਈਪੀਐਸ ਅਫ਼ਸਰਾਂ ‘ਤੇ ਸਿਆਸੀ ਦਬਾਅ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਪੰਜਾਬ ‘ਚ ਪਿਛਲੇ ਕੁਝ ਸਮੇਂ ਤੋਂ ਇਹ ਧਾਰਨਾ ਬਣ ਚੁੱਕੀ ਹੈ ਕਿ ਸੂਬੇ ਦੀਆਂ ਉੱਚ ਪ੍ਰਸ਼ਾਸਨਿਕ ਅਸਾਮੀਆਂ ‘ਤੇ ਜੇਕਰ ਕਿਸੇ ਅਫ਼ਸਰ ਨੇ ਤਾਇਨਾਤ ਹੋਣਾ ਹੈ ਤਾਂ “ਜੀ ਹਜ਼ੂਰੀ” ਦਾ ਟੈਗ ਲਗਾਉਣਾ ਲਾਜ਼ਮੀ ਹੋਵੇਗਾ, ਨਹੀਂ ਤਾਂ ਆਪਣੀ ਨੌਕਰੀ “ਖੁੱਡੇਲਾਈਨ” ਲੱਗ ਕੇ ਪੂਰੀ ਕਰਨੀ ਪਵੇਗੀ। ਪੰਜਾਬ ‘ਚ ਕੁਝ ਅਫ਼ਸਰ ਅਜਿਹੇ ਵੀ ਹਨ ਜਿਹੜੇ ਆਪਣੀ ਇਮਾਨਦਾਰੀ ਅਤੇ ਲਗਨ ਪ੍ਰਤੀ ਸਮੁੱਚੇ ਮੁਲਕ ਵਿੱਚ ਜਾਣੇ ਜਾਂਦੇ ਹਨ ਸ਼ਾਇਦ ਇਸੇ ਕਰਕੇ ਉਹਨਾਂ ਦਾ ਨਾਮ ਜਨਤਾ ਨੂੰ ਨਹੀਂ ਪਤਾ ਹੈ ਕਿਉਂਕਿ ਉਹ “ਜੀ ਹਜ਼ੂਰੀ” ਨਾਲੋਂ ਆਪਣੇ ਫਰਜ਼ਾਂ ਨੂੰ ਪਹਿਲ ਦਿੰਦੇ ਹਨ। ਕੁਝ ਅਜਿਹੇ ਅਫ਼ਸਰ ਵੀ ਹਨ ਜਿਹੜੇ ਕਿਸੇ ਹੱਦ ਤੱਕ ਸਿਆਸੀ ਦਬਾਅ ਤਹਿਤ ਕੰਮ ਕਰਦੇ ਹਨ ਪਰ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਤਾਂ ਉਹ ਪਾਸਾ ਵੱਟਣਾ ਚੰਗਾ ਸਮਝਦੇ ਹਨ। ਪਿਛਲੇ ਕੁਝ ਸਮੇਂ ਤੋਂ ਜੇਕਰ ਵੇਖਿਆ ਜਾਵੇ ਤਾਂ ਪੰਜਾਬ ਤੋਂ ਆਈਏਐਸ-ਆਈਪੀਐਸ ਅਫ਼ਸਰਾਂ ਦੇ ਕੇਂਦਰ ‘ਚ ਡੈਪੂਟੇਸ਼ਨ ‘ਤੇ ਜਾਣ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਤੋਂ ਚਾਰ ਆਈਏਐਸ ਅਫ਼ਸਰਾਂ ਨੂੰ ਕੇਂਦਰ ‘ਚ ਡੈਪੂਟੇਸ਼ਨ ‘ਤੇ ਜਾਣ ਸਬੰਧੀ ਪੰਜਾਬ ਸਰਕਾਰ ਨੇ NOC ਜਾਰੀ ਕੀਤਾ ਹੈ। ਇਨ੍ਹਾਂ ਚਾਰ ਅਧਿਕਾਰੀਆਂ ‘ਚ ਤੇਜਵੀਰ ਸਿੰਘ (1994 ਬੈਚ), ਦਿਲੀਪ ਕੁਮਾਰ (1995), ਸਿਬਿਨ ਸੀ (2005) ਅਤੇ ਵਰੁਣ ਰੂਜ਼ਮ (2004) ਸ਼ਾਮਲ ਹਨ। ਜੇਕਰ ਇਨ੍ਹਾਂ ਦੀ ਨਿਯੁਕਤੀ ਕੇਂਦਰ ਸਰਕਾਰ ‘ਚ ਹੁੰਦੀ ਹੈ ਤਾਂ ਪੰਜਾਬ ਤੋਂ ਡੈਪੂਟੇਸ਼ਨ ‘ਤੇ ਜਾਣ ਵਾਲੇ ਅਧਿਕਾਰੀਆਂ ਦੀ ਗਿਣਤੀ ਦੋ ਦਰਜਨ ਤਕ ਪਹੁੰਚ ਜਾਵੇਗੀ, ਇਸ ਤੋਂ ਪਹਿਲਾਂ 20 ਅਧਿਕਾਰੀ ਕੇਂਦਰੀ ਡੈਪੂਟੇਸ਼ਨ ‘ਤੇ ਹਨ।








