ਬਰਨਾਲਾ ,11 ਦਸੰਬਰ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਸਰਗਰਮੀਆਂ ਸ਼ਿਖਰਾਂ ‘ਤੇ ਹਨ। ਜੇਕਰ ਹਲਕਾ ਮਹਿਲ ਕਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਸੱਤਾਧਾਰੀ ਵਿਧਾਇਕ ਨੇ ਇਹਨਾਂ ਚੋਣਾਂ ਨੂੰ ਆਪਣੀ ਮੁੱਛ ਦਾ ਸਵਾਲ ਬਣਾਇਆ ਹੋਇਆ ਹੈ। ਦਰਅਸਲ ਵਿਧਾਇਕ ਵੱਲੋਂ ਆਪਣੇ ਉਮੀਦਵਾਰਾਂ ਦੀ ਕੀਤੀ ਗਈ ਚੋਣ ਨੇ ਹੀ ਇਹਨਾਂ ਚੋਣਾਂ ਨੂੰ ਵਿਧਾਇਕ ਦੀ ਮੁੱਛ ਦਾ ਸਵਾਲ ਬਣਾ ਦਿੱਤਾ ਹੈ। ਯੁੱਧ ਦੇ ਮੈਦਾਨ ਵਿੱਚ ਜੇਕਰ ਇੱਕ ਪਾਸੇ ਦੇ ਰਾਜੇ ਨੂੰ ਲੱਗੇ ਕਿ ਸਾਹਮਣੇ ਰਾਜੇ ਦੀ ਫੌਜ ਤਕੜੀ ਹੈ ਤਾਂ ਉਸ ਵੱਲੋਂ ਆਪਣੇ ਵੱਡੇ ਕਮਾਂਡਰ ਮੈਦਾਨ ਵਿੱਚ ਉਤਾਰੇ ਜਾਂਦੇ ਹਨ ਤਾਂ ਜੋ ਯੁੱਧ ‘ਚ ਹਾਰ ਨਾ ਹੋ ਜਾਵੇ ਅਤੇ ਉਸਦੀ ਬੇਇੱਜ਼ਤੀ ਨਾ ਹੋ ਜਾਵੇ। ਹਲਕਾ ਮਹਿਲ ਕਲਾਂ ਵਿੱਚ ਸੱਤਾਧਾਰੀ ਵਿਧਾਇਕ ਨੇ ਆਪਣੇ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਇਹੋ ਨੀਤੀ ਵਰਤੀ ਹਨ। ਜ਼ਿਲ੍ਹਾ ਪ੍ਰੀਸ਼ਦ ਜੋਨ ਠੁੱਲੀਵਾਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ (ਸੰਗਠਨ) ਦੀ ਧਰਮ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜੋਨ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਚੋਟੀ ਦੇ ਆਗੂ ਅਤੇ ਪਿੰਡ ਦੇ ਮੌਜੂਦਾ ਸਰਪੰਚ ਸਰਬਜੀਤ ਸਿੰਘ ਸੰਭੂ ਮਹਿਲ ਕਲਾਂ ਦੀ ਧਰਮ ਪਤਨੀ ਚੋਣ ਮੈਦਾਨ ਵਿੱਚ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਚਰਚਿਤ ਜੋਨ ਗਹਿਲ ਤੋਂ ਸੱਤਾਧਾਰੀ ਵਿਧਾਇਕ ਨੇ ਆਪਣੇ ਸਾਥੀ ਪੁਨੀਤ ਮਾਨ ‘ਤੇ ਦਾਅ ਖੇਡਿਆ ਹੈ ਅਤੇ ਇਤਿਹਾਸਿਕ ਮਹੱਤਤਾ ਵਾਲੇ ਪਿੰਡ ਠੀਕਰੀਵਾਲ ਜੋਨ ਤੋਂ ਵੀ ਵਿਧਾਇਕ ਨੇ ਵੱਡੇ ਪਿੰਡ ਚੀਮਾ ਦੇ ਇੱਕ ਨੌਜਵਾਨ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਲਕਾ ਵਿਧਾਇਕ ਵੱਲੋਂ ਚੋਣ ਮੈਦਾਨ ਵਿੱਚ ਆਪਣੇ ਕਮਾਂਡਰਾਂ ਨੂੰ ਉਤਾਰਨ ਦੀ ਨੀਤੀ ਤੋਂ ਇਹ ਵੀ ਸਪੱਸ਼ਟ ਹੋ ਰਿਹਾ ਹੈ ਕਿ ਪਾਰਟੀ ਦੇ ਆਮ ਵਰਕਰਾਂ ਨੂੰ ਸਿਆਸੀ ਸਰਦਾਰੀਆਂ ਦੇਣ ਵਿੱਚ ਸਿਆਸੀ ਢੀਠਤਾਈ ਵਰਤੀ ਜਾ ਰਹੀ ਹੈ ਅਤੇ ਮੁੜ ਘੁੜ ਸਿਆਸੀ ਰਿਉੜੀਆਂ ਆਪਣਿਆਂ ਨੂੰ ਹੀ ਵੰਡੀਆਂ ਜਾ ਰਹੀਆਂ ਹਨ। ਚੋਣ ਮੈਦਾਨ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਸਰਗਰਮੀ ਨੇ ਸੱਤਾਧਾਰੀਆਂ ਦੇ ਸਮੀਕਰਨ ਵਿਗਾੜੇ ਹੋਏ ਹਨ,ਜਿਸ ਦਾ ਸਿਆਸੀ ਫਾਇਦਾ ਸਿੱਧੇ ਤੌਰ ‘ਤੇ ਕਾਂਗਰਸ ਨੂੰ ਹੋਣ ਦੀ ਸੰਭਾਵਨਾ ਹੈ। ਇਸ ਚੋਣ ਯੁੱਧ ਵਿੱਚ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੇ ਆਮ ਘਰਾਂ ਨਾਲ ਸਬੰਧਤ ਉਮੀਦਵਾਰਾਂ ਵੱਲੋਂ ਹਲਕਾ ਵਿਧਾਇਕ ਦੇ ਕਮਾਂਡਰਾਂ ਨੂੰ ਤਕੜੀ ਟੱਕਰ ਦਿੱਤੀ ਜਾ ਰਹੀ ਹੈ, ਜਿਹੜੇ ਸੱਤਾਧਾਰੀ ਆਗੂ ਦਾਅਵਾ ਕਰਦੇ ਸਨ ਕਿ ਕੰਮ ਦੇ ਅਧਾਰ ‘ਤੇ ਚੋਣ ਲੜਾਂਗੇ ਅਤੇ ਵੋਟਾਂ ਮੰਗਣ ਨਹੀਂ ਜਾਵਾਂਗੇ ਉਹਨਾਂ ਨੂੰ ਇੱਕ ਇੱਕ ਵੋਟ ਤੱਕ ਪਹੁੰਚ ਕਰਨੀ ਪੈ ਰਹੀ ਹੈ। ਮਹਿਲ ਕਲਾਂ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਬਹੁਜਨ ਸਮਾਜ ਪਾਰਟੀ ਦੇ ਵੋਟ ਬੈਂਕ ਨੇ ਵੀ ਸੱਤਾਧਾਰੀਆਂ ਦੇ ਮੱਥੇ ‘ਤੇ ਤਿਊੜੀ ਪਾਈ ਹੋਈ ਹੈ ਕਿਉਂਕਿ ਹਲਕੇ ਵਿੱਚ ਇਹਨਾਂ ਦੋਵੇਂ ਪਾਰਟੀਆਂ ਨੇ ਇੱਕ ਅੱਧੇ ਜੋਨ ਨੂੰ ਛੱਡ ਕੇ ਆਪਣੇ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰੇ ਪ੍ਰੰਤੂ ਇਹਨਾਂ ਕੋਲ ਐਨਾ ਕੁ ਵੋਟ ਬੈਂਕ ਹੈ ਕਿ ਜੇਕਰ ਇਹ ਦੋਵੇਂ ਪਾਰਟੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਸੱਤਾ ਦੇ ਉਲਟ ਭੁਗਤ ਗਈਆਂ ਤਾਂ ਹਲਕਾ ਮਹਿਲ ਕਲਾਂ ‘ਚ ਝਾੜੂ ਦੀਆਂ ਤੀਲਾਂ ਖਿਲਰ ਵੀ ਸਕਦੀਆਂ ਹਨ।










