ਚੰਡੀਗੜ੍ਹ ,11 ਦਸੰਬਰ, Gee98 News service
-ਖ਼ਾਕੀ ਵਿੱਚ ਛੁਪੀ ਸੁੰਦਰਤਾ ਦੇ ਹਸੀਨ ਅਤੇ ਕਨੂੰਨੀ ਤੌਰ ‘ਤੇ ਇਤਰਾਜ਼ਯੋਗ ਕਾਰਨਾਮੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ‘ਚ ਪਿਛਲੇ ਸਮੇਂ ਦੌਰਾਨ ਥਾਰ ਵਾਲੀ ਕਾਂਸਟੇਬਲ ਬੀਬੀ ਦੀ ਕਹਾਣੀ ਸਭ ਨੂੰ ਯਾਦ ਹੀ ਹੋਵੇਗੀ। ਹੁਣ ਖ਼ਾਕੀ ਦੇ ਹੁਸਨ ਦੀ ਇੱਕ ਹੋਰ ਦਿਲਚਸਪ ਕਹਾਣੀ ਸਾਹਮਣੇ ਆਈ ਹੈ, ਜੋ ਇੱਕ ਮਹਿਲਾ ਡੀਐਸਪੀ ਅਤੇ ਇੱਕ ਕਾਰੋਬਾਰੀ ਦੇ ਇਸ਼ਕ ਨਾਲ ਜੁੜੀ ਹੋਈ ਹੈ। ਇਹ ਮਾਮਲਾ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਨਾਲ ਸਬੰਧਿਤ ਹੈ ਜਿੱਥੇ ਇੱਕ ਕਾਰੋਬਾਰੀ ਨੇ ਇੱਕ ਮਹਿਲਾ ਡੀਐਸਪੀ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ਾਂ ਦੇ ਘੇਰੇ ਵਿੱਚ ਆਈ ਮਹਿਲਾ ਡੀਐਸਪੀ 2107 ਬੈਚ ਦੀ ਅਫ਼ਸਰ ਕਲਪਨਾ ਵਰਮਾ ਹੈ ਜਿਸ ਦੀ ਅੱਜ ਕੱਲ ਸੰਵੇਦਨਸ਼ੀਲ ਇਲਾਕੇ ਦਾਂਤੇਵਾੜਾ ‘ਚ ਨਿਯੁਕਤੀ ਹੈ। ਡੀਐਸਪੀ ‘ਤੇ ਉਥੋਂ ਦੇ ਹੀ ਇੱਕ ਕਾਰੋਬਾਰੀ ਦੀਪਕ ਟੰਡਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦੀ ਅਤੇ ਡੀਐਸਪੀ ਦੀ ਨੇੜਤਾ 2021 ‘ਚ ਹੋਈ ਜਿਸ ਤੋਂ ਬਾਅਦ ਦੋਵਾਂ ਦੇ ਸੰਬੰਧ ਗਹਿਰੇ ਬਣ ਗਏ ਅਤੇ ਮਾਮਲਾ ਕਾਫੀ ਅੱਗੇ ਵਧ ਗਿਆ। ਕਾਰੋਬਾਰੀ ਦੀਪਕ ਟੰਡਨ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਏ ਹਨ ਕਿ ਹੁਣ ਡੀਐਸਪੀ ਉਸ ਨੂੰ ਬਲੈਕਮੇਲ ਕਰ ਰਹੀ ਹੈ। ਦੀਪਕ ਟੰਡਨ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਹੈ ਕਿ ਹੁਣ ਤੱਕ ਡੀਐਸਪੀ ਉਸ ਕੋਲੋਂ ਲਗਭਗ ਦੋ ਕਰੋੜ ਰੁਪਏ ਨਗਦ, 12 ਲੱਖ ਦੀ ਹੀਰੇ ਦੀ ਅੰਗੂਠੀ, 5 ਲੱਖ ਦੀ ਸੋਨੇ ਦੀ ਚੈਨ ਅਤੇ ਟੌਪਸ, ਇੱਕ ਇਨੋਵਾ ਕ੍ਰਿਸ਼ਟਾ ਕਾਰ,ਇਕ ਲੱਖ ਦੀ ਸੋਨੇ ਦੀ ਬ੍ਰੈਸਲੇਟ ਲੈ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਡੀਐਸਪੀ ਨੇ ਇੱਕ ਮਹਿੰਗਾ ਹੋਟਲ ਵੀ ਕਾਰੋਬਾਰੀ ਟੰਡਨ ਤੋਂ ਆਪਣੇ ਭਰਾ ਦੇ ਨਾਮ ਕਰਵਾ ਲਿਆ ਹੈ ਅਤੇ ਹੁਣ ਉਸਨੇ ਉਹ ਹੋਟਲ ਆਪਣੇ ਨਾਮ ਵੀ ਕਰਵਾ ਲਿਆ ਹੈ। ਕਾਰੋਬਾਰੀ ਨੇ ਦੱਸਿਆ ਕਿ ਉਹਨਾਂ ਦੋਵਾਂ ਦੀ ਨੇੜਤਾ ਡੀਐਸਪੀ ਕਲਪਨਾ ਵਰਮਾ ਦੇ ਬੈਚ ਦੇ ਇੱਕ ਹੋਰ ਡੀਐਸਪੀ ਦੇ ਰਾਹੀਂ ਹੋਈ ਜੋ ਉਸ ਦਾ ਵੀ ਮਿੱਤਰ ਸੀ। ਦੋਵਾਂ ਦੇ ਵਿਚਕਾਰ ਦੋਸਤੀ ਦੀ ਕਹਾਣੀ ਉਸ ਵੇਲੇ ਵਿਗੜ ਗਈ ਜਦ ਇਸ ਦੀ ਭਿਣਕ ਕਾਰੋਬਾਰੀ ਦੀ ਪਤਨੀ ਨੂੰ ਲੱਗੀ। ਸ਼ਿਕਾਇਤਕਰਤਾ ਕਾਰੋਬਾਰੀ ਦਾ ਇਹ ਵੀ ਕਹਿਣਾ ਹੈ ਕਿ ਹੁਣ ਡੀਐਸਪੀ ਉਸਨੂੰ ਇੱਕ ਹੋਰ ਨਵੇਂ ਫਰਜ਼ੀ ਮਾਮਲੇ ਵਿੱਚ ਫਸਾਉਣਾ ਚਾਹੁੰਦੀ ਹੈ। ਇਹ ਡੀਐਸਪੀ ਇੱਕ ਧਾਕੜ ਅਫ਼ਸਰ ਦੇ ਤੌਰ ‘ਤੇ ਜਾਣੀ ਜਾਂਦੀ ਹੈ ਜਿਸ ਦੇ ਖ਼ਿਲਾਫ਼ ਕਰੋੜਾਂ ਦੀ ਠੱਗੀ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਇਹ ਮਾਮਲਾ ਦਿਲਚਸਪ ਬਣਿਆ ਹੋਇਆ ਹੈ। ਦੂਜੇ ਪਾਸੇ ਡੀਐਸਪੀ ਕਲਪਨਾ ਵਰਮਾ ਨੇ ਵੀ ਉਸਦੇ ਖ਼ਿਲਾਫ਼ ਲੱਗੇ ਦੋਸ਼ਾਂ ਸਬੰਧੀ ਖੁੱਲ੍ਹ ਕੇ ਟਿੱਪਣੀ ਕਰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੀਪਕ ਟੰਡਨ ਤੇ ਉਸਦੇ ਪਿਤਾ ਦਾ ਕਾਰੋਬਾਰ ਸਾਂਝਾ ਸੀ ਜਿਸ ਸਬੰਧੀ ਵਿੱਤੀ ਲੈਣ ਦੇਣ ਬਕਾਇਆ ਸੀ ਅਤੇ ਜੋ ਵੀ ਲੈਣ ਦੇਣ ਉਸਦੇ ਅਤੇ ਦੀਪਕ ਟੰਡਨ ਦੇ ਵਿਚਕਾਰ ਹੋਇਆ ਉਹ ਸਾਰਾ ਪਿਤਾ ਨਾਲ ਸਾਂਝੇ ਕਾਰੋਬਾਰ ਦੇ ਨਾਲ ਹੀ ਸੰਬੰਧਿਤ ਸੀ। ਡੀਐਸ ਪੀ ਨੇ ਕਿਹਾ ਕਿ ਇਹ ਸਾਰਾ ਇੱਕ ਵਿੱਤੀ ਵਿਵਾਦ ਹੈ ਅਤੇ ਜਿਸ ਦਾ ਉਸਦੇ ਪ੍ਰਸ਼ਾਸਨਿਕ ਸਟੇਟਸ ਨਾਲ ਕੋਈ ਸੰਬੰਧ ਨਹੀਂ ਹੈ। ਬਹਰਰਾਲ ! ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।









