Gee 98News

ਬੀਬੀ ਮੀਮਸਾ ਦਾ ਅਸਤੀਫ਼ਾ ਬਾਦਲ ਪਰਿਵਾਰ ਲਈ ਖੜੀਆਂ ਕਰੇਗਾ ਸਿਆਸੀ ਤੇ ਕਾਨੂੰਨੀ ਮੁਸਕਿਲਾਂ

ਬਰਨਾਲਾ, 13 ਨਵੰਬਰ (ਨਿਰਮਲ ਸਿੰਘ ਪੰਡੋਰੀ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਲ 2015 ’ਚ ਹੋਈ ਬੇਅਦਬੀ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸੁਖਬੀਰ ਸਿੰਘ ਬਾਦਲ ਦੀ ਗਿ੍ਰਫਤਾਰੀ ਕਿਸੇ ਵੇਲੇ ਵੀ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਰਹੀ ਬੀਬੀ ਰਾਜਿੰਦਰ ਕੌਰ ਮੀਮਸਾ ਵੱਲੋਂ ਬੇਅਦਬੀ ਮਾਮਲੇ ਵਿੱਚ ਕੀਤੇ ਇੱਕ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਪੜਤਾਲ ਦੀ ਸੂਈ ਬਾਦਲ ਪਰਿਵਾਰ ਵੱਲ ਜਾ ਰਹੀ ਹੈ। ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ’ਚ ਇੱਕ ਵੱਡਾ ਧਮਾਕਾ ਹੋਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਬੀਬੀ ਰਾਜਿੰਦਰ ਕੌਰ ਮੀਮਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂਅ ਲਿਖੇ ਅਸਤੀਫ਼ੇ ’ਚ ਸੁਖਬੀਰ ਸਿੰਘ ਬਾਦਲ ਦੇ ਬੇਅਦਬੀ ਮਾਮਲੇ ’ਚ ਮੋਸਟ ਵਾਂਟੇਡ ਹਰਸ ਧੂਰੀ ਨਾਲ ਸਬੰਧਾਂ ਉੱਪਰ ਗੰਭੀਰ ਸਵਾਲ ਖੜੇ ਕੀਤੇ ਹਨ। ਬੀਬੀ ਮੀਮਸਾ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ ਦਸੰਬਰ 2016 ਵਿੱਚ ਉਹ ਸੁਖਬੀਰ ਸਿੰਘ ਬਾਦਲ ਦੀ ਦਿੱਲੀ ਰਿਹਾਇਸ ’ਤੇ ਮਿਲਣ ਗਈ ਤਾਂ ਅੱਗੇ ਡੇਰਾ ਸਿਰਸਾ ਨਾਲ ਸਬੰਧਿਤ ਦੋ ਡੇਰਾ ਪ੍ਰੇਮੀ ਹਰਸ ਧੂਰੀ ਅਤੇ ਪ੍ਰਬੰਧਕੀ ਵਿਭਾਗ ਦਾ ਮੁਖੀ ਜਗਜੀਤ ਸਿੰਘ ਬੈਠੇ ਹੋਏ ਸਨ, ਜਿਨਾਂ ਨੂੰ ਮੇਰੇ ਇਲਾਕੇ ਦੇ ਹੋਣ ਕਰਕੇ ਮੈਂ ਪਹਿਲਾਂ ਤੋਂ ਹੀ ਨਿੱਜੀ ਤੌਰ ’ਤੇ ਜਾਣਦੀ ਸੀ। ਬੀਬੀ ਮੀਮਸਾ ਨੇ ਲਿਖਿਆ ਕਿ ਉਸ ਨੇ ਹਰਸ ਧੂਰੀ ਅਤੇ ਜਗਜੀਤ ਸਿੰਘ ਨਾਲ ਗੱਲਬਾਤ ਵੀ ਕੀਤੀ। ਹੁਣ ਜਦੋਂ ਕਿ ਹਰਸ ਧੂਰੀ ਨੂੰ ਅਦਾਲਤ ਨੇ ਬੇਅਦਬੀ ਮਾਮਲੇ ਵਿਚ ਭਗੌੜਾ ਐਲਾਨ ਕਰ ਦਿੱਤਾ ਹੈ ਤਾਂ ਬੀਬੀ ਮੀਮਸਾ ਅਨੁਸਾਰ ਦਿੱਲੀ ਸੁਖਬੀਰ ਬਾਦਲ ਦੀ ਰਿਹਾਇਸ ’ਤੇ ਹਰਸ ਧੂਰੀ ਦੀ ਮੌਜੂਦਗੀ ਉਸਨੂੰ ਖਟਕੀ ਅਤੇ ਸਾਰੀ ਕਹਾਣੀ ਸਮਝਣ ਵਿੱਚ ਬਹੁਤੀ ਦੇਰ ਨਾ ਲੱਗੀ। ਬੀਬੀ ਮੀਮਸਾ ਨੇ ਕਿਹਾ ਕਿ ਬੇਅਦਬੀ ਮਾਮਲੇ ’ਚ ਲੋੜੀਂਦੇ ਦੋਸ਼ੀਆਂ ਦੀ ਪੰਥਕ ਪਾਰਟੀ ਦੇ ਮੁਖੀ ਦੀ ਰਿਹਾਇਸ ’ਤੇ ਮੌਜੂਦਗੀ ਕਈ ਸਵਾਲ ਖੜੇ ਕਰਦੀ ਹੈ। ਜਿਨਾਂ ਦਾ ਜਵਾਬ ਸੁਖਬੀਰ ਸਿੰਘ ਬਾਦਲ ਨੂੰ ਦੇਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਦੀ ਤਲਾਸ਼ ਬਹੁਤ ਸੰਜੀਦਾ ਹਾਲ ਦੇ ਵਿੱਚ ਪੰਜਾਬ ਪੁਲਿਸ ਕਰ ਰਹੀ ਹੋਵੇ, ਉਸ ਵਿਅਕਤੀ ਦਾ ਇੱਕ ਵਾਰ ਨਹੀ ਸਗੋਂ ਕਈ ਵਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਪਿੱਛੇ ਕੀ ਕਾਰਨ ਹੋ ਸਕਦੇ ਹਨ।
ਬਾਕਸ ਆਈਟਮ-
ਬੀਬੀ ਰਾਜਿੰਦਰ ਕੌਰ ਮੀਮਸਾ ਦੇ ਉਕਤ ਖੁਲਾਸੇ ਨੂੰ ਪੰਜਾਬ ਪੁਲਿਸ ਨੇ ਸੰਜ਼ੀਦਗੀ ਨਾਲ ਲਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬੀਬੀ ਮੀਮਸਾ ਐਸਆਈਟੀ ਦੇ ਮੈਂਬਰਾਂ ਅਤੇ ਪੰਜਾਬ ਪੁਲਿਸ ਦੇ ਮੁਖੀ ਨੂੰ ਮਿਲ ਵੀ ਚੁੱਕੀ ਹੈ। ਜੀ98 ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਬੀਬੀ ਮੀਮਸਾ ਨੇ ਕਿਹਾ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਜਾ ਦਿਵਾਉਣ ਅਤੇ ਇਸ ਅਤਿ ਘਿਨੌਣੇ ਪਿੱਛੇ ਲੁਕੇ ਚਿਹਰਿਆਂ ਨੂੰ ਉਜਾਗਰ ਕਰਨ ਲਈ ਐਸਆਈਟੀ ਦਾ ਪੂਰਾ ਸਹਿਯੋਗ ਕਰੇਗੀ। ਉਨਾਂ ਕਿਹਾ ਕਿ ਬੇਅਦਬੀ ਘਟਨਾਵਾਂ ਦੀ ਸੱਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ। ਬੀਬੀ ਮੀਮਸਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਬੇਅਦਬੀ ਮਾਮਲੇ ਨੂੰ ਜਾਣਬੁੱਝ ਕੇ ਲਟਕਾਉਣ ਦੀ ਜਾਂਚ ਦੀ ਵੀ ਮੰਗ ਕੀਤੀ ਹੈ।

error: Content is protected !!