ਚੰਡੀਗੜ੍ਹ ,29 ਜਨਵਰੀ, Gee98 news service-
-ਪੰਜਾਬ ਕਾਂਗਰਸ ਦੇ ਇੱਕ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਜਿਸ ਜਹਾਜ਼ ਵਿੱਚ ਸਫ਼ਰ ਕਰ ਰਹੇ ਸਨ ਉਹ ਜੈਪੁਰ ਏਅਰਪੋਰਟ ‘ਤੇ ਪਾਇਲਟ ਦੀ ਸੂਝ ਬੂਝ ਸਦਕਾ ਇੱਕ ਹਾਦਸੇ ਤੋਂ ਬਚ ਗਿਆ। ਏਅਰਪੋਰਟ ‘ਤੇ ਜਹਾਜ਼ ਦੀ ਲੈਡਿੰਗ ਦੌਰਾਨ ਪਾਇਲਟ ਵੱਲੋਂ ਤੁਰੰਤ ਲਏ ਗਏ ਦਲੇਰ ਫੈਸਲੇ ਦੇ ਕਾਰਨ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਜੈਪੁਰ ਏਅਰਪੋਰਟ ‘ਤੇ ਪੁੱਜੀ ਏਅਰ ਇੰਡੀਆ ਦੀ ਇੱਕ ਫਲਾਈਟ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਕਾਰਨ ਰਨਵੇ ਨੂੰ ਛੂਹਣ ਤੋਂ ਬਾਅਦ ਮੁੜ ਅਸਮਾਨ ਵਿੱਚ ਉੱਡ ਗਈ। ਇਸ ਦੌਰਾਨ ਏਅਰਪੋਰਟ ‘ਤੇ ਹਾਜ਼ਰ ਸਾਰੇ ਸਟਾਫ਼ ਅਤੇ ਜਹਾਜ਼ ਵਿੱਚ ਸਵਾਰ ਯਾਤਰੀਆਂ ‘ਚ ਹਫੜਾ ਦਫੜੀ ਮੱਚ ਗਈ ਪ੍ਰੰਤੂ ਪਾਇਲਟ ਨੇ ਤੁਰੰਤ ਜਹਾਜ਼ ਨੂੰ ਦੁਬਾਰਾ ਉੱਪਰ ਚੁੱਕਿਆ ਅਤੇ ਅਸਮਾਨ ਵਿੱਚ 10 ਮਿੰਟ ਤੱਕ ਚੱਕਰ ਲਗਾਉਣ ਤੋਂ ਬਾਅਦ ਦੁਬਾਰਾ ਸੁਰੱਖਿਅਤ ਲੈਂਡਿੰਗ ਕੀਤੀ। ਏਅਰ ਇੰਡੀਆ ਦੇ ਇਸ ਜਹਾਜ਼ ਵਿੱਚ 100 ਤੋਂ ਵੱਧ ਯਾਤਰੀ ਸਵਾਰ ਸਨ। ਰਾਹਤ ਦੀ ਗੱਲ ਇਹ ਰਹੀ ਕਿ ਪਾਇਲਟ ਦੀ ਸੂਝ-ਬੂਝ ਅਤੇ ਤੁਰੰਤ ਫੈਸਲੇ ਨਾਲ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ। ਇਸ ਜਹਾਜ਼ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ, ਜੋ ਇਸ ਘਟਨਾ ਵਿੱਚ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਇਹ ਫ਼ਲਾਈਟ ਦਿੱਲੀ ਤੋਂ ਜੈਪੁਰ ਆ ਰਹੀ ਸੀ ਅਤੇ ਨਿਰਧਾਰਤ ਸਮੇਂ ‘ਤੇ ਜੈਪੁਰ ਏਅਰਪੋਰਟ ‘ਤੇ ਉਤਰਨੀ ਸੀ। ਜਿਵੇਂ ਹੀ ਜਹਾਜ਼ ਰਨਵੇ ‘ਤੇ ਲੈਂਡਿੰਗ ਲਈ ਹੇਠਾਂ ਆਇਆ, ਉਸੇ ਵੇਲੇ ਅਚਾਨਕ ਤਕਨੀਕੀ ਸਮੱਸਿਆ ਸਾਹਮਣੇ ਆ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਪਹੀਏ ਜ਼ਮੀਨ ਨੂੰ ਛੂਹਦੇ ਹੀ ਪਾਇਲਟ ਨੂੰ ਸਥਿਤੀ ਸਧਾਰਨ ਨਾ ਲੱਗੀ, ਜਿਸ ਕਾਰਨ ਉਸਨੇ ਤੁਰੰਤ ਮੁੜ ਟੇਕਆਫ਼ ਕਰਨ ਦਾ ਫੈਸਲਾ ਲਿਆ। ਪਾਇਲਟ ਦੇ ਇਸ ਸਿਆਣਪ ਭਰੇ ਕਦਮ ਨਾਲ ਵੱਡੀ ਅਣਹੋਣੀ ਤੋਂ ਬਚਾਅ ਹੋ ਗਿਆ। ਘਟਨਾ ਦੇ ਤੁਰੰਤ ਬਾਅਦ ਜੈਪੁਰ ਏਅਰਪੋਰਟ ਪ੍ਰਸ਼ਾਸਨ ਅਤੇ ਏਅਰ ਟ੍ਰੈਫਿਕ ਕੰਟਰੋਲ (ATC) ਅਲਰਟ ਮੋਡ ‘ਚ ਆ ਗਏ ਅਤੇ ਜਹਾਜ਼ ਨੂੰ ਸੁਰੱਖਿਅਤ ਉਚਾਈ ‘ਤੇ ਲੈ ਜਾ ਕੇ ਮੁੜ ਲੈਂਡਿੰਗ ਦੀ ਤਿਆਰੀ ਕੀਤੀ ਗਈ। ਤਕਨੀਕੀ ਜਾਂਚ ਪੂਰੀ ਕਰਨ ਤੋਂ ਬਾਅਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾ ਦਿੱਤੀ ਗਈ। ਏਅਰਪੋਰਟ ਸੂਤਰਾਂ ਮੁਤਾਬਕ ਰਨਵੇ ਅਤੇ ਏਅਰਕ੍ਰਾਫਟ ਦੋਵਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਤਕਨੀਕੀ ਖ਼ਾਮੀ ਦੇ ਸਹੀ ਕਾਰਨ ਦਾ ਪਤਾ ਲਗਾਇਆ ਜਾ ਸਕੇ। ਇਸ ਦੇ ਨਾਲ ਹੀ ਜ਼ਹਾਜ ਸੁਰੱਖਿਆ ਏਜੰਸੀਆਂ ਵੀ ਇਸ ਪੂਰੇ ਘਟਨਾਕ੍ਰਮ ਬਾਰੇ ਆਪਣੀ ਰਿਪੋਰਟ ਤਿਆਰ ਕਰ ਰਹੀਆਂ ਹਨ।










