Gee 98News

ਲਾਡਲੇ ਦੋਹਤੇ ਨੇ ਨਾਨਾ ਵੀ ਫਸਾ ਦਿੱਤਾ…ਸਿਮਰਨਜੀਤ ਸਿੰਘ ਮਾਨ ਸਵਾਲਾਂ ਦੇ ਘੇਰੇ ‘ਚ

ਚੰਡੀਗੜ੍ਹ,1 ਫਰਵਰੀ, Gee98 news service-

-ਸੋਸ਼ਲ ਮੀਡੀਆ ‘ਤੇ ਅੱਜ ਘੁੰਮ ਰਹੀ ਇੱਕ ਪੋਸਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕੀਤਾ ਹੋਇਆ ਹੈ। ਸਿਮਰਨਜੀਤ ਸਿੰਘ ਮਾਨ ਦੀ ਸਿਆਸੀ ਜ਼ਿੰਦਗੀ ਵਿੱਚ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਉਹਨਾਂ ਨੂੰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‌ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਪੋਸਟ ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਦੇ ਵਿਆਹ ਨਾਲ ਸੰਬੰਧਿਤ ਹੈ ਜਿਸ ਵਿੱਚ ਸੰਧੂ ਨੇ ਆਪਣੀ ਦਸਤਾਰ ਤੇ ਕਲਗੀ ਸਜਾਈ ਹੋਈ ਹੈ ਅਤੇ ਉਸ ਦੇ ਸਿਰ ਉੱਪਰ ਬਕਾਇਦਾ ਚੌਰ ਸਾਹਿਬ ਝੁਲਾਇਆ ਜਾ ਰਿਹਾ ਹੈ। ਇਹ ਪੋਸਟ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋਈ ਅਤੇ ਲੋਕਾਂ ਨੇ ਮਾਨ ‘ਤੇ ਸਵਾਲਾਂ ਦੇ ਢੇਰ ਲਗਾ ਦਿੱਤੇ। ਲੋਕਾਂ ਦੇ ਸਵਾਲਾਂ ਦਾ ਮੁੱਖ ਵਿਸ਼ਾ ਇਹੋ ਰਿਹਾ ਕਿ ਸਾਰੀ ਉਮਰ ਪੰਥ ਇਥੇ ਸਿੱਖੀ ਰਵਾਇਤਾਂ ਦਾ ਢਿੰਡੋਰਾ ਪਿੱਟਣ ਵਾਲੇ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਦੋਹਤੇ ਨੂੰ ਇਨੀ ਵੱਡੀ ਕੁਰਹਿਤ ਕਰਨ ਤੋਂ ਕਿਉਂ ਨਹੀਂ ਰੋਕਿਆ। ਇਸ ਮਾਮਲੇ ਸੰਬੰਧੀ ਇਕੱਲੇ ਸਿਮਰਨਜੀਤ ਸਿੰਘ ਮਾਨ ‘ਤੇ ਹੀ ਨਹੀਂ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ‘ਤੇ ਵੀ ਸਵਾਲ ਉਠੇ ਰਹੇ ਹਨ। ‌ ਕੀ ਜਥੇਦਾਰ ਅਕਾਲ ਤਖ਼ਤ ਸਾਹਿਬ ਕਲਗੀ ਲਗਾ ਕੇ ਚੌਰ ਸਾਹਿਬ ਝਲਾਉਣ ਦੇ ਮਾਮਲੇ ‘ਚ ਗੋਬਿੰਦ ਸਿੰਘ ਸੰਧੂ ਨੂੰ ਤਲਬ ਕਰਨਗੇ ? ਭਾਵੇਂ ਕਿ ਇਸ ਮਾਮਲੇ ‘ਚ ਗੋਬਿੰਦ ਸੰਧੂ ਸਿੰਘ ਸੰਧੂ ਨੇ ਸੋਸ਼ਲ ਮੀਡੀਆ ‘ਤੇ ਹੀ ਇੱਕ ਪੋਸਟ ਪਾ ਕੇ ਮਾਫ਼ੀ ਮੰਗੀ ਹੈ ਪ੍ਰੰਤੂ ਕੀ ਇਹ ਮਾਮਲਾ ਸਿਰਫ਼ ਮਾਫ਼ੀ ਨਾਲ ਖ਼ਤਮ ਹੋ ਜਾਵੇਗਾ। ਗੋਬਿੰਦ ਸਿੰਘ ਸੰਧੂ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਹ ਇੱਕ ਰਿਆਸਤੀ ਘਰਾਣੇ ਨਾਲ ਸੰਬੰਧਿਤ ਹੈ ਅਤੇ ਪੁਰਾਤਨ ਸਮੇਂ ‘ਚ ਰਿਆਸਤਾਂ ਦੇ ਵਿਆਹ ਇਸੇ ਤਰੀਕੇ ਨਾਲ ਹੀ ਹੁੰਦੇ ਸਨ ਅਤੇ ਉਸਨੇ ਆਪਣੇ ਘਰਾਣਿਆਂ ਦੀ ਪੁਰਾਤਨ ਰਵਾਇਤ ਨੂੰ ਬਰਕਰਾਰ ਰੱਖਦੇ ਹੋਏ ਹੀ ਕਲਗੀ ਲਗਾ ਕੇ ਚੌਰ ਚਲਾਇਆ ਹੈ ਪ੍ਰੰਤੂ ਗੋਬਿੰਦ ਸਿੰਘ ਸੰਧੂ ਇਹ ਭੁੱਲ ਗਏ ਜਾਪਦੇ ਹਨ ਕਿ ਉਹ ਪੁਰਾਤਨ ਸਮੇਂ ਵਿੱਚ ਨਹੀਂ ਸਗੋਂ ਅਜੋਕੇ ਸਮੇਂ ਵਿੱਚ ਰਹਿ ਰਹੇ ਹਨ ਜਿੱਥੇ ਇਹ ਸਤਿਕਾਰ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਹੀ ਰਾਖਵਾਂ ਹੈ ਜਿਸ ਦਾ ਜ਼ਿਕਰ ਗੋਬਿੰਦ ਸਿੰਘ ਸੰਧੂ ਨੇ ਆਪਣੀ ਪੋਸਟ ਵਿੱਚ ਵੀ ਕੀਤਾ ਹੈ। ਹੁਣ ਪੰਥਕ ਹਲਕਿਆਂ ਦੀਆਂ ਨਜ਼ਰਾਂ ਸਿਮਰਨਜੀਤ ਸਿੰਘ ਮਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲ ਟਿਕੀਆਂ ਹੋਈਆਂ ਹਨ। ਕੀ ਸਿਮਰਨਜੀਤ ਸਿੰਘ ਮਾਨ ਇਸ ਮਾਮਲੇ ਵਿੱਚ ਕੋਈ ਬਿਆਨ ਜਾਰੀ ਕਰਦੇ ਹਨ ਅਤੇ ਕੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗੋਬਿੰਦ ਸਿੰਘ ਸੰਧੂ ਨੂੰ ਤਲਬ ਕਰਨਗੇ ?

error: Content is protected !!