ਚੰਡੀਗੜ੍ਹ ,2 ਫਰਵਰੀ , Gee98 news service-
-ਸੜਕ ਦੇ ਕਿਨਾਰੇ ‘ਤੇ ਹਵਾਈ ਫਾਇਰ ਕਰਨ ਵਾਲੀ ਅਤੇ ਹਥਿਆਰ ਲਹਿਰਾਉਣ ਵਾਲੀ ਇੱਕ ਲੜਕੀ ਦੇ ਖ਼ਿਲਾਫ਼ ਬਠਿੰਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਨੋਟਿਸ ਲੈਂਦੇ ਹੋਏ ਬਠਿੰਡਾ ਦੇ ਥਰਮਲ ਥਾਣਾ ‘ਚ ਉਕਤ ਲੜਕੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਦੇ ਅਧਾਰ ‘ਤੇ ਪੁਲਿਸ ਨੇ ਵਿਸ਼ੇਸ਼ ਟੀਮ ਦਾ ਗਠਨ ਕਰਕੇ ਉਕਤ ਲੜਕੀ ਦੀ ਪਹਿਚਾਣ ਕੀਤੀ ਅਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ। ਡੀਐਸਪੀ ਨੇ ਦੱਸਿਆ ਕਿ ਸੰਬੰਧਿਤ ਲੜਕੀ ਦਾ “ਨਵਜੋਤ ਕੌਰ” ਦੇ ਨਾਂ ‘ਤੇ ਸੋਸ਼ਲ ਮੀਡੀਆ ਅਕਾਊਂਟ ਬਣਿਆ ਹੋਇਆ ਹੈ ਤੇ ਉਹ ਆਪਣੇ ਆਪ ਨੂੰ ਗਿੱਧਾ ਕੋਚ ਦੱਸਦੀ ਹੈ। ਵੀਡੀਓ ‘ਚ ਸ਼ਰੇਆਮ ਦਿਖਾਈ ਦੇ ਰਿਹਾ ਹੈ ਕਿ ਇੱਕ ਲੜਕੀ ਹੱਥ ਵਿੱਚ ਹਥਿਆਰ ਫੜਕੇ ਲਹਿਰਾ ਰਹੀ ਹੈ ਅਤੇ ਸੜਕ ਦੇ ਕਿਨਾਰੇ ‘ਤੇ ਖੁੱਲੇਆਮ ਹਵਾਈ ਫਾਇਰ ਵੀ ਕਰ ਰਹੀ ਹੈ। ਡੀਐਸਪੀ ਨੇ ਇਹ ਵੀ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਲੜਕੀ ਦੇ ਹੱਥ ਵਿੱਚ ਫੜਿਆ ਇਹ ਹਥਿਆਰ ਲਾਇਸੰਸ ਸ਼ੁਦਾ ਇਹ ਜਾਂ ਗ਼ੈਰ ਲਾਇਸੰਸਸ਼ੁਦਾ ਹੈ, ਉਹਨਾਂ ਕਿਹਾ ਕਿ ਜੇਕਰ ਅਜਿਹੀ ਕੋਈ ਗੜਬੜ ਹੋਈ ਤਾਂ ਆਰਮਜ਼ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਸਮੇਂ ਸਮੇਂ ‘ਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਖੁੱਲੇਆਮ ਹਵਾਈ ਫਾਇਰਿੰਗ ਨਾ ਕੀਤੀ ਜਾਵੇ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਨਾ ਕੀਤੀ ਜਾਵੇ ਪਰੰਤੂ ਇਸ ਦੇ ਬਾਵਜੂਦ ਵੀ ਕੁਝ ਫੁਕਰੀ ਕਿਸਮ ਦੇ ਲੋਕ ਐਵੇਂ ਹੀ ਆਪਣਾ ਬਾਂਦਰ ਲੰਡਾ ਕਰਵਾ ਲੈਂਦੇ ਹਨ।










