ਚੰਡੀਗੜ੍ਹ,2 ਫਰਵਰੀ 2026, Gee98 news service-
-ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬਿਕਰਮ ਮਜੀਠੀਆ ‘ਤੇ ਲੱਗੇ ਦੋਸ਼ਾਂ ਨੂੰ ਗ਼ਲਤ ਦੱਸਣ ਤੋਂ ਬਾਅਦ ਹੁਣ ਸਿਆਸੀ ਜੰਗ ਛਿੜ ਗਈ ਹੈ। ਦੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵੱਲੋਂ ਬਿਆਨ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ 13 ਮੁਖੀ ਦੇ ਖ਼ਿਲਾਫ਼ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਆਪ ਆਗੂ ਡੇਰਾ ਮੁਖੀ ਦੇ ਬਿਆਨ ਤੋਂ ਬਾਅਦ ਸਿਆਸੀ ਤੜਫ ਤੋਂ ਪੀੜਤ ਹੋ ਗਏ ਹਨ। ਆਪ ਆਗੂ ਨੀਲ ਗਰਗ ਨੇ ਕਿਹਾ ਕਿ “ਕੌਣ ਗ਼ਲਤ ਹੈ ਅਤੇ ਕੌਣ ਸਹੀ, ਇਸ ਦਾ ਫੈਸਲਾ ਕਰਨਾ ਸਿਰਫ਼ ਅਦਾਲਤਾਂ ਦਾ ਕੰਮ ਹੈ।” ਉਨਾਂ ਕਿਹਾ ਕਿ ਕਿਸੇ ਧਾਰਮਿਕ ਆਗੂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਅਦਾਲਤੀ ਪ੍ਰਕਿਰਿਆ ਪ੍ਰਭਾਵਿਤ ਹੋਵੇ। ਆਪ ਆਗੂ ਇਸ ਗੱਲੋਂ ਵੀ ਤੜਫ ਚੁੱਕੇ ਹਨ ਕਿ ਬਿਆਸ ਸੰਪਰਦਾ ਦੇ ਦੇਸ਼ ਵਿਦੇਸ਼ ਵਿੱਚ ਲੱਖਾਂ ਕਰੋੜਾਂ ਸ਼ਰਧਾਲੂ ਹਨ ਇਸ ਲਈ ਡੇਰਾ ਮੁਖੀ ਵੱਲੋਂ ਕਹੀ ਕਿਸੇ ਵੀ ਗੱਲ ਦਾ ਇੱਕ ਪ੍ਰਭਾਵਸ਼ਾਲੀ ਮੈਸੇਜ ਜਾਵੇਗਾ। ਨੀਲ ਗਰਗ ਨੇ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸੇ ਸੰਗੀਨ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਨੂੰ ‘ਕਲੀਨ ਚਿੱਟ’ ਦੇਣਾ ਮੰਦਭਾਗਾ ਹੈ। ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਜੇਲ੍ਹ ਵਿੱਚ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ‘ਤੇ ਲੱਗੇ ਦੋਸ਼ਾਂ ਨੂੰ ਗ਼ਲਤ ਦੱਸਿਆ ਸੀ। ਨੀਲ ਗਰਗ ਦੇ ਇਸ ਤਿੱਖੇ ਜਵਾਬ ਤੋਂ ਬਾਅਦ ਹੁਣ ਇਹ ਮੁੱਦਾ ਪੰਜਾਬ ਦੀ ਸਿਆਸਤ ਵਿੱਚ ਹੋਰ ਭਖਣ ਦੀ ਉਮੀਦ ਹੈ। “ਆਪ” ਦੇ ਸੋਸ਼ਲ ਮੀਡੀਆ ਆਗੂਆਂ ਵੱਲੋਂ ਵੀ ਬਿਆਸ ਡੇਰਾ ਮੁਖੀ ਦੇ ਬਿਆਨ ਤੋਂ ਬਾਅਦ ਕੁਝ ਅਜਿਹੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਜਿਨਾਂ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਏਜੰਟ ਦਰਸਾਇਆ ਗਿਆ ਹੈ। ਆਪ ਆਗੂਆਂ ਵੱਲੋਂ ਡੇਰਾ ਬਿਆਸ ਮੁਖੀ ਦੇ ਖ਼ਿਲਾਫ਼ ਪਾਈਆਂ ਜਾ ਰਹੀਆਂ ਇਹਨਾਂ ਪੋਸਟਾਂ ‘ਤੇ ਸ਼ਬਦਾਂ ਦੀ ਮਰਿਆਦਾ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ, ਜਿਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਇੱਕ ਵੱਡੇ ਡੇਰੇ ਦੇ ਮੁਖੀ ਵੱਲੋਂ ਬਿਕਰਮ ਮਜੀਠੀਆ ਦੇ ਹੱਕ ਵਿੱਚ ਦਿੱਤੇ ਬਿਆਨ ਤੋਂ ਬਾਅਦ ਤੜਫ ਉੱਠੀ ਹੈ।
ਫੋਟੋ ਕੈਪਸ਼ਨ- ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਤਸਵੀਰ










