Gee 98News

ਹਕੂਮਤੀ ਧੱਕੇਸ਼ਾਹੀ ਨਿਗਮ ਚੋਣਾਂ ‘ਚ ਕਿਤੇ ਹਾਲਾਤ “ਲੋਟੇ ਦੇ ਹੱਕ ਵਿੱਚ ਹੀ ਲੋਟ” ਨਾ ਕਰ ਦੇਵੇ

ਬਰਨਾਲਾ, 4 ਫਰਵਰੀ 2026 (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਜ਼ਿਲ੍ਹੇ ਦੀ ਰਾਜਨੀਤੀ ਹੁਣ ਤੱਕ ਭਾਵੇਂ ਬਦਲਾਖ਼ੋਰੀ ਦੀ ਰਾਜਨੀਤੀ ਤੋਂ ਦੂਰ ਹੀ ਰਹੀ ਹੈ ਪ੍ਰੰਤੂ ਜੇਕਰ ਅਜੋਕੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਬਰਨਾਲਾ ਜ਼ਿਲ੍ਹੇ ਦਾ ਰਾਜਨੀਤਿਕ ਮਾਹੌਲ ਵੀ ਈਰਖਾਵਾਦੀ ਬਣਦਾ ਜਾ ਰਿਹਾ ਹੈ। ਸਿਆਸੀ ਪਲੇਟਫਾਰਮ ‘ਤੇ ਵਿਚਰਦੇ ਹੋਏ ਜੇਕਰ ਗੱਲ ਨਾ ਬਣੇ ਤਾਂ ਬਰਨਾਲਾ ਦੇ ਪੁਰਾਣੇ ਆਗੂਆਂ ਨੇ ਕਦੇ ਵੀ ਧੱਕੇਸ਼ਾਹੀ, ਗ਼ੈਰ ਕਾਨੂੰਨੀ ਢੰਗ ਤਰੀਕੇ ਵਰਤਣ ਤੋਂ ਗੁਰੇਜ਼ ਹੀ ਕੀਤਾ ਹੈ ਪ੍ਰੰਤੂ ਬਰਨਾਲਾ ‘ਚ ਅਜੋਕੇ ਦੌਰ ਦੀ ਸਿਆਸਤ ਜਦੋਂ “ਸਿੱਧੀ ਉਂਗਲ ਨਾਲ ਘਿਉ ਨਾ ਨਿਕਲੇ ਤਾਂ ਟੇਢੀ ਕਰਨ ਦੇ ਤਰੀਕੇ” ਵਰਤਦੀ ਨਜ਼ਰ ਆ ਰਹੀ ਹੈ। ਬਰਨਾਲਾ ਦੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਵੀ ਇੱਕ ਤਾਜ਼ਾ ਵੀਡੀਓ ਕਲਿੱਪ ਸ਼ਹਿਰ ਦੇ ਬਦਲੇ ਹੋਏ ਸਿਆਸੀ ਮਾਹੌਲ ਵੱਲ ਇਸ਼ਾਰਾ ਕਰਦੀ ਹੈ। ਮਹੇਸ਼ ਕੁਮਾਰ ਲੋਟਾ ਨੇ ਵੀਡੀਓ ਕਲਿਪ ਵਿੱਚ ਖੁਲਾਸਾ ਕੀਤਾ ਹੈ ਕਿ ਉਸ ਉੱਪਰ ਅਤੇ ਉਸਦੇ ਪਰਿਵਾਰਕ ਮੈਂਬਰਾਂ ‘ਤੇ ਪਹਿਲਾਂ ਵੀ ਮੁਕੱਦਮੇ ਦਰਜ ਕਰਨ ਤੋਂ ਬਾਅਦ ਹੁਣ ਇੱਕ ਹੋਰ ਮੁਕੱਦਮਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮਹੇਸ਼ ਲੋਟੇ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਵੱਲੋਂ ਸਦਰ ਬਾਜ਼ਾਰ ਵਿੱਚ ਦੁਕਾਨਾਂ ਦੇ ਅੱਗੇ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਨੂੰ ਜਦ ਕੁਝ ਦੁਕਾਨਦਾਰਾਂ ਨੇ ਰੋਕ ਦਿੱਤਾ ਤਾਂ ਨਗਰ ਨਿਗਮ ਦੇ ਕਰਮਚਾਰੀਆਂ ਦੀਆਂ ਟੀਮ ਵਾਪਸ ਮੁੜ ਗਈ ਪ੍ਰੰਤੂ ਹੁਣ ਨਗਰ ਨਿਗਮ ਦੇ ਕਰਮਚਾਰੀਆਂ ਨੇ ਉਸ ਦੇ ਖ਼ਿਲਾਫ਼ ਸਦਰ ਬਾਜ਼ਾਰ ਵਿੱਚ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਤਹਿਤ ਸਰਕਾਰੀ ਕੰਮ ‘ਚ ਵਿਘਨ ਪਾਉਣ ਦੀ ਇੱਕ ਦਰਖ਼ਾਸਤ ਦਿੱਤੀ ਜੋ ਬਰਨਾਲਾ ਦੇ ਡੀਐਸਪੀ ਸਤਬੀਰ ਸਿੰਘ ਬੈਂਸ ਕੋਲ ਪੜ੍ਹਤਾਲ ਅਧੀਨ ਹੈ। ਇਸ ਸਬੰਧੀ ਜਦੋਂ ਡੀਐਸਪੀ ਨਾਲ ਗੱਲ ਕੀਤੀ ਤਾਂ ਡੀਐਸਪੀ ਬੈਂਸ ਨੇ ਵੀ ਮਹੇਸ਼ ਕੁਮਾਰ ਲੋਟਾ ਦੇ ਖ਼ਿਲਾਫ਼ ਦਰਖਾਸਤ ਪੜ੍ਹਤਾਲ ਅਧੀਨ ਹੋਣ ਦੀ ਪੁਸ਼ਟੀ ਕੀਤੀ ਹੈ,ਜਦ ਕਿ ਮਹੇਸ਼ ਕੁਮਾਰ ਲੋਟਾ ਦਾ ਕਹਿਣਾ ਹੈ ਕਿ ਉਹ ਉਸ ਦਿਨ ਮੌਕੇ ‘ਤੇ ਹਾਜ਼ਰ ਹੀ ਨਹੀਂ ਸੀ।

                                                    ਬਹਰਹਾਲ ! ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਕੁਝ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ਪਿਆ ਸਮਾਨ ਚੁੱਕਣ ਤੋਂ ਰੋਕਿਆ ਤਾਂ ਉਸ ਵੇਲੇ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈਆਂ ਸਨ। ਹੁਣ ਵੇਖਣਾ ਹੋਵੇਗਾ ਕਿ ਕੀ ਪੁਲਿਸ ਪ੍ਰਸ਼ਾਸਨ ਇਹਨਾਂ ਵੀਡੀਓ ਕਲਿੱਪਾਂ ਨੂੰ ਪੜ੍ਹਤਾਲ ਦਾ ਹਿੱਸਾ ਬਣਾਉਂਦਾ ਹੈ ਜਾਂ ਨਹੀਂ। ਮਹੇਸ਼ ਕੁਮਾਰ ਲੋਟਾ ਦੀ ਇਸ ਤਾਜ਼ਾ ਵੀਡੀਓ ਤੋਂ ਬਾਅਦ ਸ਼ਹਿਰ ‘ਚ ਇਹ ਚਰਚਾ ਵੀ ਹੋ ਰਹੀ ਹੈ ਕਿ ਆਖਰ ਹਕੂਮਤ ਲੋਟੇ ਦੇ ਮਗਰ ਹੱਥ ਧੋ ਕੇ ਕਿਉਂ ਪਈ ਹੈ। ਕਿਤੇ ਕਿਤੇ ਘੁਸਰ ਮੁਸਰ ਇਹ ਵੀ ਹੁੰਦੀ ਹੈ ਕਿ ਮਹੇਸ਼ ਕੁਮਾਰ ਲੋਟੇ ਨੇ ਸ਼ਹਿਰ ਦੇ ਉਸੇ ਵਾਰਡ ਤੋਂ ਨਗਰ ਨਿਗਮ ਦੀ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ ਜਿੱਥੋਂ ਹਕੂਮਤ ਆਪਣੇ ਇੱਕ ਵੱਡੇ ਕਮਾਂਡਰ ਨੂੰ ਚੋਣ ਲੜਾਉਣਾ ਚਾਹੁੰਦੀ ਹੈ। ਇਹ ਗੱਲ ਮਹੇਸ਼ ਕੁਮਾਰ ਲੋਟੇ ਨੇ ਵੀ ਠੋਕ ਵਜਾ ਕੇ ਕਹੀ ਕਿ ਹਕੂਮਤ ਚਾਹੁੰਦੀ ਹੈ ਕਿ ਇਸ ਵਾਰਡ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਕਮਜ਼ੋਰ ਹੋਵੇ ਅਤੇ ਲੋਟਾ ਖੁਦ ਇਥੋਂ ਚੋਣ ਨਾ ਲੜੇ, ਪ੍ਰੰਤੂ ਹਕੂਮਤੀ ਧੱਕੇਸ਼ਾਹੀ ਤੋਂ ਅੱਕੇ ਹੁਣ ਮਹੇਸ਼ ਲੋਟੇ ਨੇ ਖੁੱਲ੍ਹ ਕੇ ਐਲਾਨ ਕਰ ਦਿੱਤਾ ਹੈ ਕਿ ਉਹ ਹਰ ਹਾਲਤ ਵਿੱਚ ਉਸੇ ਵਾਰਡ ਤੋਂ ਹੀ ਚੋਣ ਲੜੇਗਾ। ਕੁੱਲ ਮਿਲਾ ਕੇ ਹਕੂਮਤੀ ਧਿਰ ਤੇ ਮਹੇਸ਼ ਕੁਮਾਰ ਲੋਟਾ ਦੇ ਵਿਚਕਾਰ ਹਾਲਾਤ ਕੁਝ ਇਹੋ ਜਿਹੇ ਬਣ ਚੁੱਕੇ ਹਨ ਕਿ ਹਕੂਮਤ ਹਰ ਹੀਲੇ ਵਸੀਲੇ ਮਹੇਸ਼ ਕੁਮਾਰ ਨੂੰ “ਲੋਟ” ਕਰਨਾ ਚਾਹੁੰਦੀ ਹੈ ਪ੍ਰੰਤੂ ਮਹੇਸ਼ ਕੁਮਾਰ ਲੋਟਾ ਹੁਣ ਕਿਸੇ ਵੀ ਤਰੀਕੇ ਨਾਲ “ਲੋਟ” ਆਉਂਦਾ ਨਜ਼ਰ ਨਹੀਂ ਆ ਰਿਹਾ। ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਮਹੇਸ਼ ਕੁਮਾਰ ਲੋਟੇ ਨੂੰ ਧੱਕੇ ਨਾਲ “ਲੋਟ” ਕਰਦੀ-ਕਰਦੀ ਹਕੂਮਤੀ ਧੱਕੇਸ਼ਾਹੀ ਨਿਗਮ ਚੋਣਾਂ ‘ਚ ਕਿਤੇ ਹਾਲਾਤ “ਲੋਟੇ ਦੇ ਹੱਕ ਵਿੱਚ ਹੀ ਲੋਟ” ਨਾ ਕਰ ਦੇਵੇ।
ਫੋਟੋ ਕੈਪਸ਼ਨ-ਆਪਣੇ ਖ਼ਿਲਾਫ਼ ਨਵੀਂ ਦਰਖ਼ਾਸਤ ਸਬੰਧੀ ਜਾਣਕਾਰੀ ਦਿੰਦਾ ਹੋਇਆ ਮਹੇਸ਼ ਕੁਮਾਰ ਲੋਟਾ

Gee98 Ads
error: Content is protected !!