Gee 98News

ਚੰਡੀਗੜ੍ਹ ,9 ਫਰਵਰੀ 2026, Gee98 News service-

-ਸੋਮਵਾਰ ਸਵੇਰੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਮੁੱਚਾ ਸਿਸਟਮ ਹਿਲਾ ਕੇ ਰੱਖ ਦਿੱਤਾ। ਤਰਨਤਾਰਨ ਦੇ ਇੱਕ ਲਾਅ ਕਾਲਜ ਵਿੱਚ ਸਵੇਰੇ ਇੱਕ ਨੌਜਵਾਨ ਨੇ ਕੁੜੀ ਦੇ ਸਿਰ ਵਿੱਚ ਗੋਲੀ ਮਾਰ ਕੇ ਉਸਦੇ ਹੱਤਿਆ ਕਰ ਦਿੱਤੀ ਅਤੇ ਤੁਰੰਤ ਬਾਅਦ ਖ਼ੁਦ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨਾਲ ਸੰਬੰਧਿਤ 10 ਸੈਕਿੰਡ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵਿਦਿਆਰਥਣ ਕਲਾਸ ਰੂਮ ਦੇ ਬੈਂਚ ‘ਤੇ ਬੈਠੀ ਹੈ,ਇਸ ਦੌਰਾਨ ਇੱਕ ਨੌਜਵਾਨ ਅੰਦਰ ਆਉਂਦਾ ਹੈ, ਲੜਕੀ ਅਤੇ ਨੌਜਵਾਨ ਦੇ ਵਿਚਕਾਰ ਕੁਝ ਗੱਲਬਾਤ ਹੁੰਦੀ ਹੈ ਅਤੇ ਤੁਰੰਤ ਬਾਅਦ ਨੌਜਵਾਨ ਲੜਕੀ ਦੇ ਸਿਰ ਵਿੱਚ ਗੋਲੀ ਮਾਰ ਦਿੰਦਾ ਹੈ ਅਤੇ ਇਸ ਤੋਂ ਬਾਅਦ ਉਹ ਦੁਬਾਰਾ ਪਿਸਤੌਲ ਲੋਡ ਕਰਕੇ ਆਪਣੇ ਸਿਰ ਵਿੱਚ ਵੀ ਗੋਲੀ ਮਾਰ ਲੈਂਦਾ ਹੈ ਅਤੇ ਉੱਥੇ ਹੀ ਡਿੱਗ ਪੈਂਦਾ ਹੈ। ਘਟਨਾ ਤੋਂ ਬਾਅਦ ਕਲਾਸ ਰੂਮ ਵਿੱਚ ਹਾਜ਼ਰ ਵਿਦਿਆਰਥੀਆਂ ਵਿੱਚ ਚੀਕ ਚਿਹਾੜਾ ਮੱਚ ਜਾਂਦਾ ਹੈ ਅਤੇ ਤੁਰੰਤ ਬਾਅਦ ਕੁਝ ਹੋਰ ਵਿਦਿਆਰਥੀ ਵੀ ਪੁੱਜ ਜਾਂਦੇ ਹਨ। ‌ ਮ੍ਰਿਤਕ ਵਿਦਿਆਰਥਣ ਦੀ ਪਹਿਚਾਣ ਸੰਦੀਪ ਕੌਰ ਵਜੋਂ ਹੋਈ ਹੈ ਜਦਕਿ ਹਮਲਾਵਰ ਨੌਜਵਾਨ ਦੀ ਪਹਿਚਾਣ ਪ੍ਰਿੰਸਰਾਜ ਸਿੰਘ ਜੋ ਹੋਈ ਜੋ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਦੋਵੇਂ ਹੀ ਲਾਅ ਕਾਲਜ ਦੇ ਵਿਦਿਆਰਥੀ ਸਨ।

Gee98 Ads

  ਮ੍ਰਿਤਕ ਸੰਦੀਪ ਕੌਰ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਉਹ ਛੇ ਭੈਣਾਂ ਅਤੇ ਇੱਕ ਛੋਟਾ ਭਰਾ ਹੈ। ਮ੍ਰਿਤਕ ਦੀ ਮਾਤਾ ਹਰਜਿੰਦਰ ਕੌਰ ਨੇ ਇਸ ਮਾਮਲੇ ਤੋਂ ਬਾਅਦ ਕਾਲਜ ਵਿੱਚ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ ਪੂਰੀ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਗਈ। ਕਾਲਜ ਵਿੱਚੋਂ ਇੱਕ ਮੈਡਮ ਨੇ ਫੋਨ ਕਰਕੇ ਉਸਨੂੰ ਕਿਹਾ ਕਿ ਤੁਹਾਡੀ ਲੜਕੀ ਦੇ ਸਿਰ ਵਿੱਚ ਸੱਟ ਲੱਗੀ ਹੈ ਤੁਸੀਂ ਜਲਦੀ ਕਾਲਜ ਵਿੱਚ ਪੁੱਜੋ ਜਦੋਂ ਉਹ ਕਾਲਜ ਵਿੱਚ ਪੁੱਜੇ ਤਾਂ ਉਸਦੀ ਬੇਟੀ ਖੂਨ ਨਾਲ ਲੱਥਪੱਥ ਪਈ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ।ਪੁਲਿਸ ਨੇ ਉਹਨਾਂ ਨੂੰ ਪਹਿਲਾਂ ਲਾਸ਼ ਦੇ ਨੇੜੇ ਵੀ ਨਹੀਂ ਜਾਣ ਦਿੱਤਾ। ਇਸ ਘਟਨਾ ਸਬੰਧੀ ਏਸੀਪੀ ਜਗਬੀਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਕਲਾਸ ਰੂਮ ਵਿੱਚ ਬੈਂਚ ‘ਤੇ ਬੈਠੀ ਸੀ, ਅਜੇ ਕਲਾਸ ਸ਼ੁਰੂ ਨਹੀਂ ਹੋਈ ਸੀ ਅਚਾਨਕ ਅੰਦਰ ਆ ਕੇ ਇੱਕ ਨੌਜਵਾਨ ਨੇ ਵਿਦਿਆਰਥਣ ਦੇ ਸਿਰ ਵਿੱਚ ਗੋਲੀ ਮਾਰੀ ਅਤੇ ਉਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਇਸ ਪੂਰੇ ਘਟਨਾਕ੍ਰਮ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਨੌਜਵਾਨ ਦੇ ਪਿਤਾ ਦਾ ਲਾਇਸੈਂਸੀ ਹਥਿਆਰ ਸੀ ਜਾਂ ਫਿਰ ਨਜਾਇਜ਼ ਹਥਿਆਰ ਸੀ।


ਫੋਟੋ ਕੈਪਸ਼ਨ-ਮ੍ਰਿਤਕ ਲੜਕੀ ਦੀ ਤਸਵੀਰ, ਉਸਦੀ ਮਾਤਾ ਦੀ ਗੱਲਬਾਤ ਕਰਦੀ ਹੋਈ ਦੀ ਤਸਵੀਰ ਤੇ ਘਟਨਾ ਵਿੱਚ ਵਰਤਿਆ ਗਿਆ ਪਿਸਤੌਲ

Leave a Reply

Your email address will not be published. Required fields are marked *

error: Content is protected !!