Gee 98News

ਚੰਡੀਗੜ੍ਹ,16 ਫਰਵਰੀ, Gee98 news service-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਨ ਦੀਆਂ ਖ਼ਬਰਾਂ ਆ ਰਹੀਆਂ ਹਨ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੋਰਟਿਸ ਹਸਪਤਾਲ ਵਿੱਚ ਪੁੱਜੇ। ਮੁੱਖ ਮੰਤਰੀ ਨੇ ਬੀਤੇ ਕੱਲ੍ਹ ਸ਼ਿਵਰਾਤਰੀ ਦੇ ਮੌਕੇ ‘ਤੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਨੇੜੇ ਪਿੰਡ ਰਣੀਕੇ ਵਿਖੇ ਸ੍ਰੀ ਰਣਕੇਸ਼ਵਰ ਮੰਦਰ ਵਿੱਚ ਪੂਜਾ ਕੀਤੀ, ਇਸ ਮੌਕੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਹੋਰ ਆਗੂ ਵੀ ਮੁੱਖ ਮੰਤਰੀ ਦੇ ਨਾਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਮੁੱਖ ਮੰਤਰੀ ਨੇ ਸਿੱਧੇ ਫਾਜ਼ਲਿਕਾ ਵਿਖੇ ਇੱਕ ਸਮਾਗਮ ਵਿੱਚ ਪੁੱਜਣਾ ਸੀ ਪ੍ਰੰਤੂ ਉਹ ਅਚਾਨਕ ਫੋਰਟਿਸ ਹਸਪਤਾਲ ਪੁੱਜੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਸਾਰੇ ਟੈਸਟ ਸਹੀ ਹਨ ਪ੍ਰੰਤੂ ਫਿਰ ਵੀ ਅੱਜ ਮੋਗਾ ਜ਼ਿਲ੍ਹੇ ਦੇ ਕਿਲੀ ਚਾਹਲਾਂ ਵਿਖੇ ਹੋਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਰੈਲੀ ਵਿੱਚ ਮੁੱਖ ਮੰਤਰੀ ਦੀ ਸ਼ਮੂਲੀਅਤ ਸਪੱਸ਼ਟ ਨਹੀਂ ਹੈ। ਆਮ ਆਦਮੀ ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ‘ਸਭ ਅੱਛਾ ਨਹੀਂ’ ਹੈ। ‌ਪੰਜਾਬ ‘ਚ ਡਿਪਟੀ ਮੁੱਖ ਮੰਤਰੀ ਦੀ ਨਿਯੁਕਤੀ ਨੂੰ ਲੈ ਕੇ ਦੋਵੇਂ ਚੋਟੀ ਦੇ ਆਗੂਆਂ ਵਿਚਕਾਰ ਪੇਚ ਫਸਿਆ ਹੋਇਆ ਹੈ। ਕਨਸੋਆਂ ਇਹ ਵੀ ਹਨ ਕਿ ਪਾਰਟੀ ਹਾਈਕਮਾਂਡ ਮਾਲਵੇ ਦੇ ਇੱਕ ਮੰਤਰੀ ਨੂੰ ਬਦਲਣਾ ਚਾਹੁੰਦੀ ਹੈ ਪ੍ਰੰਤੂ ਭਗਵੰਤ ਮਾਨ ਅਜਿਹਾ ਨਹੀਂ ਚਾਹੁੰਦੇ। ਦੂਜੇ ਪਾਸੇ ਮੋਗਾ ਵਿਖੇ ਹੋ ਰਹੀ ਰੈਲੀ ‘ਤੇ ਪੰਜਾਬ ਦੇ ਖਜ਼ਾਨੇ ਵਿੱਚੋਂ ਕੀਤੇ ਜਾ ਰਹੇ ਖਰਚੇ ‘ਤੇ ਪਹਿਲਾਂ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਅੱਜ ਦਾ ਦਿਨ ਪੰਜਾਬ ‘ਚ ਆਮ ਆਦਮੀ ਪਾਰਟੀ ਲਈ ਮਹੱਤਵਪੂਰਨ ਹੋਵੇਗਾ ਅਤੇ ਸਭ ਦੀਆਂ ਨਜ਼ਰਾਂ ਮੋਗਾ ਵਿਖੇ ਹੋ ਰਹੀ ਰੈਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਭਾਸ਼ਣ ‘ਤੇ ਟਿਕੀਆਂ ਰਹਿਣਗੀਆਂ। ਜੇਕਰ ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਵਿੱਚ ਅਰਵਿੰਦ ਕੇਜਰੀਵਾਲ ਰੈਲੀ ਦੌਰਾਨ ਕੋਈ ਮਹੱਤਵਪੂਰਨ ਐਲਾਨ ਕਰਦੇ ਹਨ ਤਾਂ ਆਮ ਆਦਮੀ ਪਾਰਟੀ ਪੰਜਾਬ ‘ਚ ਨਵੀਂ ਸਫ਼ਬੰਦੀ ਸ਼ੁਰੂ ਹੋਣ ਦੇ ਆਸਾਰ ਹਨ।

Leave a Reply

Your email address will not be published. Required fields are marked *

error: Content is protected !!