Skip to main content

Gee 98News

CM ਭਗਵੰਤ ਮਾਨ ਨੂੰ ਖਾਣੇ ‘ਚ ਜ਼ਹਿਰੀਲਾ ਪਦਾਰਥ ਦੇਣ ਦੀ ਧਮਕੀ ਭਰੀ ਈਮੇਲ ‘ਚ ਕਿੰਨੀ ਕੁ ਸੱਚਾਈ…!

ਚੰਡੀਗੜ੍ਹ 17 ਫਰਵਰੀ, Gee98 News service-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਸਮੱਸਿਆ ਕਰਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹਨ। ਇਸ ਦੌਰਾਨ ਮੁੱਖ ਮੰਤਰੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਸ ਤਹਿਤ ਖਾਲਿਸਤਾਨ ਨੈਸ਼ਨਲ ਆਰਮੀ ਨੇ ਇਹ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੋਲੋਨੀਅਮ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ। ਖਾਲਿਸਤਾਨ ਨੈਸ਼ਨਲ ਆਰਮੀ ਇੱਕ ਪਾਬੰਦੀ ਸ਼ੁਦਾ ਖਾਲਿਸਤਾਨੀ ਸੰਗਠਨ ਹੈ ਜਿਸਨੇ ਈਮੇਲ ਰਾਹੀਂ ਫੋਰਟਿਸ ਹਸਪਤਾਲ ਸਮੇਤ 15 ਹੋਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਹੈ। ਇਸ ਧਮਕੀ ਭਰੀ ਈਮੇਲ ਤੋਂ ਬਾਅਦ ਫੋਰਟਿਸ ਹਸਪਤਾਲ ਦੀ ਸੁਰੱਖਿਆ ਵਿੱਚ ਹੋਰ ਵਾਧਾ ਕੀਤਾ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਸੁਚੇਤ ਹੋ ਗਈਆਂ ਹਨ।

                                             ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੋਲੋਨੀਅਮ ਨਾਮ ਦਾ ਜ਼ਹਰੀਲਾ ਪਦਾਰਥ ਦੇਣ ਦੇ ਦਾਅਵਿਆਂ ਸਬੰਧੀ ਮਾਹਰਾਂ ਦੀ ਰਾਏ ਵੀ ਸਾਹਮਣੇ ਆ ਰਹੀ ਹੈ। ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਉੱਚ ਸੁਰੱਖਿਆ ਪ੍ਰਾਪਤ ਵੀਆਈਪੀ ਨੂੰ ਕੋਈ ਜ਼ਹਰੀਲਾ ਪਦਾਰਥ ਦੇਣਾ ਸੰਭਵ ਨਹੀਂ ਹੈ। ਮੈਡੀਕਲ ਮਾਹਰਾਂ ਅਨੁਸਾਰ ਪੋਲੋਨੀਅਮ ਇੱਕ ਜ਼ਹਰੀਲਾ ਪਦਾਰਥ ਹੈ ਜੋ ਕਿਸੇ ਵਿਅਕਤੀ ਦੇ ਅੰਦਰ ਜਾਂਦੇ ਹੀ ਖੂਨ ਦੇ ਸੈੱਲਾਂ ਅਤੇ ਟਿਸ਼ੂਜ ਨੂੰ ਨਸ਼ਟ ਕਰਦਾ ਹੈ। ‌ ਇਸ ਦੇ ਪ੍ਰਭਾਵ ਤੋਂ ਬਾਅਦ ਉਲਟੀਆਂ ਅਤੇ ਦਸਤ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ ਅਤੇ ਪੀੜਤ ਦੇ ਵਾਲ ਵੀ ਝੜਨੇ ਸ਼ੁਰੂ ਹੋ ਜਾਂਦੇ ਹਨ। ਇਹ ਜ਼ਹਰੀਲਾ ਪਦਾਰਥ ਲਿਵਰ ਅਤੇ ਕਿਡਨੀ ‘ਤੇ ਜ਼ਿਆਦਾ ਅਸਰ ਕਰਦਾ ਹੈ ਅਤੇ ਖ਼ੂਨ ਦੇ ਸਾਰੇ ਸੈੱਲ ਨਸ਼ਟ ਹੋ ਜਾਂਦੇ ਹਨ। ਮੈਡੀਕਲ ਮਾਹਰਾਂ ਅਨੁਸਾਰ ਇਸ ਦੇ ਪ੍ਰਭਾਵ ਨਾਲ ਅੰਦਰੂਨੀ ਬਲੀਡਿੰਗ ਵੀ ਸ਼ੁਰੂ ਹੋ ਜਾਂਦੀ ਹੈ। ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਪੋਲੋਨੀਅਮ ਨਾਮ ਦਾ ਜ਼ਹਰੀਲਾ ਪਦਾਰਥ ਦੇਣ ਦੇ ਦਾਅਵਿਆਂ ਦੀ ਸੱਚਾਈ ਦੀ ਘੋਖ ਕੀਤੀ ਜਾਵੇ ਤਾਂ ਇਹ ਸੰਭਵ ਨਹੀਂ ਲੱਗਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਉੱਚ ਸੁਰੱਖਿਆ ਦੇ ਘੇਰੇ ਵਿੱਚ ਰਹਿੰਦੇ ਹਨ। ਮੁੱਖ ਮੰਤਰੀ ਨੂੰ ਦਿੱਤੇ ਜਾਣ ਵਾਲੇ ਕਿਸੇ ਵੀ ਭੋਜਨ ਨੂੰ ਪਹਿਲਾਂ ਸੁਰੱਖਿਆ ਟੀਮ ਜਾਂ ਨਿਯੁਕਤ ਕੀਤੇ ਗਏ ਫੂਡ ਇੰਸਪੈਕਟਰਾਂ ਵੱਲੋਂ ਚੰਗੀ ਤਰ੍ਹਾਂ ਪਰਖਿਆ ਜਾਂਦਾ ਹੈ। ‌ ਮੁੱਖ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਫੋਰਸ ਰਸੋਈ ਤੋਂ ਲੈ ਕੇ ਡਾਇਨਿੰਗ ਟੇਬਲ ਤੱਕ ਨਿਗਰਾਨੀ ਕਰਦੀ ਹੈ। ‌ ਮੁੱਖ ਮੰਤਰੀ ਦੀ ਰਸੋਈ ਤੱਕ ਕਿਸੇ ਵੀ ਬਾਹਰੀ ਵਿਅਕਤੀ ਦਾ ਦਾਖਲਾ ਵਰਜਿਤ ਹੁੰਦਾ ਹੈ। ‌ ਮੁੱਖ ਮੰਤਰੀ ਦੀ ਰਸੋਈ ਵਿੱਚ ਖਾਣਾ ਬਣਾਉਣ ਵਾਲੇ ਰਸੋਈਏ ਅਤੇ ਹੋਰ ਸਟਾਫ਼ ਦੀ ਪੂਰੀ ਗੰਭੀਰਤਾ ਨਾਲ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਅਕਸਰ ਇਹ ਕਰਮਚਾਰੀ ਸਰਕਾਰੀ ਹੀ ਹੁੰਦੇ ਹਨ ਜਿਨਾਂ ਨੂੰ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ‌

Gee98 Ads

                                                         ਇਸ ਤੋਂ ਇਲਾਵਾ ਮੁੱਖ ਮੰਤਰੀ ਲਈ ਬਣਨ ਵਾਲੇ ਭੋਜਨ ‘ਚ ਵਰਤੇ ਜਾਣ ਵਾਲੇ ਕੱਚੇ ਮਾਲ ਸਬਜ਼ੀ, ਅਨਾਜ, ਤੇਲ ਵਗੈਰਾ ਦੀ ਗੁਣਵੱਤਾਂ ਦੀ ਜਾਂਚ ਵੀ ਮਾਪਦੰਡਾਂ ਤਹਿਤ ਪੂਰੀ ਗੰਭੀਰਤਾ ਨਾਲ ਕੀਤੀ ਜਾਂਦੀ ਹੈ। ਜੇਕਰ ਮੁੱਖ ਮੰਤਰੀ ਕਿਤੇ ਬਾਹਰ ਵਿਸ਼ੇਸ਼ ਦੌਰੇ ‘ਤੇ ਹਨ ਤਾਂ ਉੱਥੇ ਮੁੱਖ ਮੰਤਰੀ ਦੇ ਖਾਣੇ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਅਤੇ ਖਾਧ ਸੁਰੱਖਿਆ ਵਿਭਾਗ ਦੀ ਹੁੰਦੀ ਹੈ, ਜਿਨਾਂ ਵੱਲੋਂ ਮੁੱਖ ਮੰਤਰੀ ਨੂੰ ਭਰੋਸੇ ਜਾਣ ਵਾਲੇ ਭੋਜਨ ਦੀ ਸ਼ੁੱਧਤਾ ਅਤੇ ਸੁਰੱਖਿਆ ਸਬੰਧੀ ਮਾਪਦੰਡਾਂ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਮੁੱਖ ਮੰਤਰੀ ਦੇ ਦੌਰੇ ਦੌਰਾਨ ਇੱਕ ਮੋਬਾਈਲ ਫੂਡ ਟੈਸਟਿੰਗ ਲੈਬੋਰੇਟਰੀ ਵੀ ਹੁੰਦੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੋਲੋਨੀਅਮ ਵਰਗਾ ਜ਼ਹਰੀਲਾ ਪਦਾਰਥ ਦੇਣ ਦੇ ਦਾਅਵਿਆਂ ਨੂੰ ਭਾਵੇਂ ਕਿ ਦਹਿਸ਼ਤ ਪੈਦਾ ਕਰਨ ਵਾਲੀ ਧਮਕੀ ਹੀ ਮੰਨਿਆ ਜਾ ਰਿਹਾ ਹੈ ਪ੍ਰੰਤੂ ਫਿਰ ਵੀ ਸੁਰੱਖਿਆ ਏਜੰਸੀਆਂ ਇਸ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।

error: Content is protected !!