Gee 98News

ਚੰਡੀਗੜ੍ਹ,20 ਫਰਵਰੀ, Gee98 News service

-ਪੰਜਾਬ ‘ਚ ਸਿੱਖਿਆ ਕ੍ਰਾਂਤੀ ਦੇ ਵੱਡੇ ਦਾਅਵਿਆਂ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅੱਠਵੀਂ ਕਲਾਸ ਦੇ ਪੇਪਰਾਂ ਦੌਰਾਨ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ, ਪਹਿਲਾਂ ਵੀ ਅਜਿਹੇ ਕਾਰਨਾਮੇ ਕਰਕੇ ਬੋਰਡ ਅਕਸਰ ਚਰਚਾ ਵਿੱਚ ਰਹਿੰਦਾ ਹੈ। ‌ ਸ਼ੁੱਕਰਵਾਰ 20 ਫਰਵਰੀ ਨੂੰ ਅੱਠਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੇ ਸਾਇੰਸ ਵਿਸ਼ੇ ਦੇ ਪ੍ਰਸ਼ਨ ਪੱਤਰ ਵਿੱਚ ਪੰਜਾਬੀ ਵਿਭਾਗ ਦੇ ਤਿੰਨ ਪ੍ਰਸ਼ਨ ਪ੍ਰਿੰਟ ਹੀ ਨਹੀਂ ਕੀਤੇ ਗਏ। ‌ ਜ਼ਿਕਰਯੋਗ ਹੈ ਕਿ ਅੱਠਵੀਂ, ਦਸਵੀਂ ਅਤੇ ਬਾਰਵੀਂ ਕਲਾਸ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਪ੍ਰਿੰਟ ਕੀਤੇ ਜਾਂਦੇ ਹਨ ਪ੍ਰੰਤੂ ਸ਼ੁੱਕਰਵਾਰ ਸਾਇੰਸ ਵਿਸ਼ੇ ਦੀ ਅੱਠਵੀਂ ਦੀ ਪ੍ਰੀਖਿਆ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਗ ਵਿੱਚ 30-30 ਪ੍ਰਸ਼ਨ ਪ੍ਰਿੰਟ ਕੀਤੇ ਗਏ ਸਨ ਪਰੰਤੂ ਪੰਜਾਬੀ ਵਿਭਾਗ ਵਿੱਚ ਕੁੱਲ 27 ਪ੍ਰਸ਼ਨ ਹੀ ਦਿੱਤੇ ਗਏ ਸਨ। ਇਸ ਤਰ੍ਹਾਂ ਕੁੱਲ 15 ਅੰਕਾਂ ਦੇ ਪ੍ਰਸ਼ਨ ਪੰਜਾਬੀ ਭਾਗ ਵਿੱਚ ਪ੍ਰਿੰਟ ਹੀ ਨਹੀਂ ਕੀਤੇ ਗਏ, ਜਿਸ ਨੇ ਪੰਜਾਬੀ ਮਾਧਿਅਮ ਵਾਲੇ ਵਿਦਿਆਰਥੀਆਂ ਨੂੰ ਭੰਬਲ ਭੂਸੇ ਵਿੱਚ ਪਾਇਆ। ਸੂਤਰਾਂ ਅਨੁਸਾਰ ਕੁਝ ਵਿਦਿਆਰਥੀ ਇਹ ਭਾਗ ਹੱਲ ਨਹੀਂ ਕਰ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਖਿਆ ਕੇਂਦਰਾਂ ‘ਤੇ ਜਦੋਂ ਸਵੇਰੇ ਅੱਠਵੀਂ ਜਮਾਤ ਦਾ ਪ੍ਰਸ਼ਨ ਪੱਤਰ ਖੋਲਿਆ ਤਾਂ ਉਸ ਵਿੱਚ ਪੰਜਾਬੀ ਵਿਭਾਗ ਵਿੱਚ 27 ਪ੍ਰਸ਼ਨ ਹੀ ਪ੍ਰਿੰਟ ਸਨ, ਇਹ ਮਾਮਲਾ ਜਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਤੱਕ ਪੁੱਜਿਆ ਤਾਂ ਅਧਿਕਾਰੀਆਂ ਨੇ ਸੈਂਟਰ ਸੁਪਰਡੈਂਟ ਨੂੰ ਵਟਸਐਪ ‘ਤੇ ਮੈਸੇਜ ਜਾਰੀ ਕੀਤਾ ਕਿ ਡਿਊਟੀ ਦੇ ਰਹੇ ਅਧਿਆਪਕਾਂ ਨੂੰ ਕਹਿ ਕੇ ਪੰਜਾਬੀ ਮੀਡੀਅਮ ਦੇ ਵਿਦਿਆਰਥੀਆਂ ਨੂੰ ਮਿਸਪ੍ਰਿੰਟ ਰਹੇ ਤਿੰਨਾਂ ਪ੍ਰਸ਼ਨਾਂ ਦੀ ਪੰਜਾਬੀ ਲਿਖਵਾਈ ਜਾਵੇ ਤਾਂ ਜੋ ਬੱਚੇ ਪੂਰੀ ਪ੍ਰੀਖਿਆ ਦੇ ਸਕਣ ਪ੍ਰੰਤੂ ਕੁਝ ਪ੍ਰੀਖਿਆ ਕੇਂਦਰਾਂ ‘ਚ ਇਹ ਮੈਸੇਜ ਪਹੁੰਚਿਆ ਤਾਂ ਜ਼ਰੂਰ ਪਰ ਸਮੇਂ ਸਿਰ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਹ ਆਪਣਾ ਪ੍ਰਸ਼ਨ ਪੱਤਰ ਛੱਡ ਕੇ ਹੀ ਆ ਗਏ। ‌ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ ਆਪਣੀ ਇਸ ਗਲਤੀ ਦੇ ਗ੍ਰੇਸ ਮਾਰਕ ਦਿੰਦਾ ਹੈ ਜਾਂ ਨਹੀਂ।

Leave a Reply

Your email address will not be published. Required fields are marked *

error: Content is protected !!