Gee 98News

ਬਰਨਾਲਾ 22 ਫਰਵਰੀ (ਨਿਰਮਲ ਸਿੰਘ ਪੰਡੋਰੀ)-

-ਸੁਪਰ ਫਾਸਟ ਵੰਦੇ ਭਾਰਤ ਰੇਲ ਗੱਡੀ ਆਖ਼ਰ ਬਰਨਾਲਾ ਦੇ ਸਟੇਸ਼ਨ ‘ਤੇ ਰੁਕਣ ਲੱਗ ਪਈ ਹੈ। ਵੰਦੇ ਭਾਰਤ ਟ੍ਰੇਨ ਦਾ ਬਰਨਾਲਾ ਅਤੇ ਇਸ ਦੇ ਆਸ ਪਾਸ ਖੇਤਰ ਦੇ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਇਹ ਆਉਣ ਵਾਲੇ ਦਿਨਾਂ ਵਿੱਚ ਯਾਤਰੀਆਂ ਦੀ ਗਿਣਤੀ ਦੇ ਆਧਾਰ ‘ਤੇ ਪਤਾ ਲੱਗ ਜਾਵੇਗਾ ਪ੍ਰੰਤੂ ਵੰਦੇ ਭਾਰਤ ਸਟੇਸ਼ਨ ਬਰਨਾਲਾ ਵਿਖੇ ਰੁਕਣ ਸਬੰਧੀ ਸਿਆਸੀ ਆਗੂਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੇ ਇਹਨਾਂ ਆਗੂਆਂ ਦੀ ਲੋਕਾਂ ਵਿੱਚ ਬੌਧਿਕ ਤੇ ਸਿਆਸੀ ਸਥਿਤੀ ਹਾਸੋਹੀਣੀ ਬਣਾ ਦਿੱਤੀ ਹੈ। ਵੰਦੇ ਭਾਰਤ ਦੇ ਬਰਨਾਲਾ ਸਟੇਸ਼ਨ ਦੇ ਰੁਕਣ ਦੀ ਪ੍ਰਾਪਤੀ ਨੂੰ ਕੁਝ ਇਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਜਿਵੇਂ ਇਸ ਤੋਂ ਵੱਧ ਬਰਨਾਲਾ ਖੇਤਰ ਲਈ ਕਰਨ ਵਾਲਾ ਕੋਈ ਕੰਮ ਹੁਣ ਰਹਿ ਹੀ ਨਹੀਂ ਗਿਆ ਹੋਵੇ। ਟਰੇਨ ਰੋਕਣ ਸਬੰਧੀ ਸਿਆਸੀ ਆਗੂ ਦਾਅਵੇ ਕੁਝ ਇਸ ਤਰ੍ਹਾਂ ਕਰ ਰਹੇ ਹਨ ਜਿਵੇਂ ਲੋਕਾਂ ਨੂੰ ਕੁਝ ਪਤਾ ਹੀ ਨਾ ਹੋਵੇ ਕਿ ਕਿਹੜਾ ਕੰਮ ਕਿੱਥੋਂ ਅਤੇ ਕਿਵੇਂ ਹੁੰਦਾ ਹੈ। ਇਹ ਆਗੂ ਭਲੀਭਾਂਤ ਜਾਣਦੇ ਹਨ ਕਿ ਅਜੋਕੇ ਦੌਰ ਦੀਆਂ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਸਰਗਰਮੀਆਂ ਮੋਬਾਈਲ ਫੋਨ ਵਿੱਚ ਕੈਦ ਹੋ ਰਹੀਆਂ ਹਨ ਅਤੇ ਹੁਣ ਲੱਗਭੱਗ ਹਰ ਹੱਥ ਵਿੱਚ ਮੋਬਾਈਲ ਫੋਨ ਹੈ। ਉਹ ਪੁਰਾਣੇ ਸਮਿਆਂ ਦੀ ਗੱਲ ਹੈ ਜਦੋਂ ਆਮ ਲੋਕ ਰਾਜਨੀਤੀ ਤੋਂ ਕੋਰੇ ਸਨ ਪ੍ਰੰਤੂ ਹੁਣ ਹਰ ਪਰਿਵਾਰ ਵਿੱਚ ਰਾਜਨੀਤੀ ਦੀ ਚਰਚਾ ਹੁੰਦੀ ਹੈ ਅਤੇ ਕੁਝ ਪਰਿਵਾਰ ਤਾਂ ਅਜਿਹੇ ਹਨ ਜਿਨਾਂ ਦੇ ਪਰਿਵਾਰਕ ਮੈਂਬਰ ਇੱਕ ਤੋਂ ਵੱਧ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਹਨ। ਅਜੋਕੇ ਦੌਰ ਦੇ ਲੀਡਰਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜੇਕਰ ਲੀਡਰ ਇਹ ਮੰਨ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਲੋਕਾਂ ਤੇ ਹਲਕੇ ਸਬੰਧੀ ਸਭ ਕੁਝ ਪਤਾ ਹੈ ਤਾਂ ਇਹਨਾਂ ਲੀਡਰਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਹਲਕੇ ਦੇ ਲੋਕਾਂ ਨੂੰ ਵੀ ਲੀਡਰਾਂ ਬਾਰੇ ਸਾਰਾ ਕੁਝ ਪਤਾ ਹੀ ਹੁੰਦਾ ਹੈ। ਬੱਸ ! ਲੋਕ ਸਰਕਾਰਾਂ ਤੋਂ ਕੰਮ ਲੈਣ ਦੇ ਬਾਰੇ ਕੁਝ ਬੋਲਦੇ ਨਹੀਂ ਅਤੇ ਚੁੱਪਚਾਪ ਆਪਣਾ ਕੰਮ ਕੱਢਦੇ ਰਹਿੰਦੇ ਹਨ। ਇਸ ਲਈ ਆਮ ਲੋਕਾਂ ਨਾਲੋਂ ਕੀਤੇ ਕਿਸੇ ਵੀ ਕੰਮ ਦੀ ਸਿਹਰਾਬੰਦੀ ਕਿ “ਇਹ ਮੈਂ ਕੀਤਾ ਹੈ, ਇਹ ਮੈਂ ਕੱਢਿਆ ਹੈ,ਇਹ ਮੈਂ ਤੋਰਿਆ ਹੈ, ਇਸਨੂੰ ਮੈਂ ਰੋਕਿਆ ਹੈ….” ਅਜਿਹੇ ਹਾਲਾਤ ਆਗੂ ਦੀ ਬੌਧਿਕ ਅਤੇ ਰਾਜਨੀਤੀ ਸਥਿਤੀ ਨੂੰ ਹਾਸੋਹੀਣਾ ਹੀ ਬਣਾਉਂਦੇ ਹਨ ਕਿਉਂਕਿ….ਯੇਹ ਪਬਲਿਕ ਹੈ,ਜੋ ਸਭ ਜਾਨਤੀ ਹੈ… ਕਿ ਕਿਹੜੇ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਪਲੇਟਫਾਰਮ ‘ਤੇ ਕਿਹੜਾ ਆਗੂ ਕਿੰਨੇ ਕੁ ਪਾਣੀ ਵਿੱਚ ਹੈ।
ਫੋਟੋ ਕੈਪਸ਼ਨ- ਬਰਨਾਲਾ ਦੇ ਸਟੇਸ਼ਨ ‘ਤੇ ਪਹਿਲੇ ਦਿਨ ਰੁਕੀ ਵੰਦੇ ਭਾਰਤ ਟ੍ਰੇਨ ਦੀ ਤਸਵੀਰ

Leave a Reply

Your email address will not be published. Required fields are marked *

error: Content is protected !!