Gee 98News

ਚੰਡੀਗੜ੍ਹ 25 ਫਰਵਰੀ, Gee98 News service-

-ਪੰਜਾਬ ‘ਚ ਪੁਲਿਸ ਦੇ ਪੱਕੇ ਡੀਜੀਪੀ ਦੀ ਨਿਯੁਕਤੀ ਹੋਵੇਗੀ। UPSC ਨੇ ਪੱਕੇ DGP ਦੀ ਨਿਯੁਕਤੀ ਲਈ ਪੰਜਾਬ ਸਰਕਾਰ ਤੋਂ ਸੀਨੀਅਰ ਅਧਿਕਾਰੀਆਂ ਦਾ ਪੈਨਲ ਮੰਗ ਰਿਹਾ ਹੈ। ਦੱਸ ਦੇਈਏ ਕਿ ਸ੍ਰੀ ਗੌਰਵ ਯਾਦਵ IPS ਪੰਜਾਬ ‘ਚ ਕਾਰਜਕਾਰੀ ਡੀਜੀਪੀ ਦੇ ਤੌਰ ‘ਤੇ ਕੰਮ ਕਰ ਰਹੇ ਹਨ। ਯੂਪੀਐਸਸੀ ਨੇ 18 ਫਰਵਰੀ ਨੂੰ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਸੁਪਰੀਮ ਕੋਰਟ ਦੇ 5 ਫਰਵਰੀ ਦੇ ਹੁਕਮਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਯੂਪੀਐਸਸੀ ਦੀ ਚਿੱਠੀ ਤੋਂ ਬਾਅਦ ਪੰਜਾਬ ਦੇ ਗ੍ਰਹਿ ਵਿਭਾਗ ਨੇ ਡੀਜੀਪੀ ਦਫ਼ਤਰ ਤੋਂ ਯੋਗ ਅਫ਼ਸਰਾਂ ਦੇ ਨਾਮ ਵੀ ਮੰਗ ਲਏ ਹਨ, ਜਿਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਪੱਕੇ DGP ਦੀ ਨਿਯੁਕਤੀ ਹੋ ਜਾਵੇਗੀ। ਪੰਜਾਬ ‘ਚ ਇਸ ਵੇਲੇ 17 ਪੁਲਿਸ ਅਫ਼ਸਰ DGP ਰੈਂਕ ‘ਤੇ ਕੰਮ ਕਰ ਰਹੇ ਹਨ ਜਿਨਾਂ ਵਿੱਚੋਂ ਸ੍ਰੀ ਸੰਜੀਵ ਕਾਲੜਾ ਸਭ ਤੋਂ ਸੀਨੀਅਰ ਹਨ ਪ੍ਰੰਤੂ ਉਹ ਛੇ ਮਹੀਨੇ ਦੇ ਕਾਰਜਕਾਲ ਦੀ ਸ਼ਰਤ ਪੂਰੀ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਸੇਵਾ ਮੁਕਤੀ 28 ਫਰਵਰੀ ਨੂੰ ਹੈ। ਇਸ ਤੋਂ ਇਲਾਵਾ ਪੰਜਾਬ ‘ਚ ਡੀਜੀਪੀ ਦੇ ਪੈਨਲ ਸਬੰਧੀ ਜੇਕਰ ਚਰਚਾ ਕੀਤੀ ਜਾਵੇ ਤਾਂ ਸ੍ਰੀ ਸ਼ਰਦ ਸਤਿਆ ਚੌਹਾਨ, ਹਰਪ੍ਰੀਤ ਸਿੱਧੂ ਅਤੇ ਕੁਲਦੀਪ ਸਿੰਘ ਦਾ ਨਾਮ ਪ੍ਰਮੁੱਖ ਤੌਰ ‘ਤੇ ਸਾਹਮਣੇ ਆਉਂਦਾ ਹੈ। ਇਸ ਤੋਂ ਇਲਾਵਾ ਪੰਜਾਬ ਕਾਡਰ ਦੇ ਸ੍ਰੀ ਪਰਾਗ ਜੈਨ ਵੀ ਸੀਨੀਅਰ ਅਫ਼ਸਰਾਂ ਦੀ ਸੂਚੀ ਵਿੱਚ ਹਨ ਪ੍ਰੰਤੂ ਉਨਾਂ ਦੇ ਵਾਪਸ ਪੰਜਾਬ ਆਉਣ ਦੀ ਉਮੀਦ ਘੱਟ ਹੈ ਕਿਉਂਕਿ ਉਹ ਇਸ ਵੇਲੇ “ਰਾਅ” ਦੇ ਚੀਫ਼ ਹਨ। ਪੈਨਲ ਵਿੱਚ ਸ੍ਰੀ ਗੌਰਵ ਯਾਦਵ ਦਾ ਨਾਮ ਵੀ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਯਾਦਵ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ ਜੋ ਸਾਢੇ ਤਿੰਨ ਸਾਲ ਤੋਂ ਵਧੇਰੇ ਸਮੇਂ ਤੋਂ ਪੰਜਾਬ ਦੇ ਕਾਰਜਕਾਰੀ ਡੀਜੀਪੀ ਹਨ। ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਨਿਯਮਤ ਤੌਰ ‘ਤੇ ਡੀਜੀਪੀ ਦੀ ਨਿਯੁਕਤੀ ਲਈ ਕੋਈ ਪੈਨਲ ਨਹੀਂ ਭੇਜਿਆ ਸਗੋਂ ਪੰਜਾਬ ਸਰਕਾਰ ਨੇ 2023 ‘ਚ ਪੁਲਿਸ ਐਕਟ ਵਿੱਚ ਸੋਧ ਕਰ ਯੂਪੀਐਸਸੀ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਕਿਵੇਂ ਹੁੰਦੀ ਹੈ ਪੱਕੇ ਡੀਜੀਪੀ ਦੀ ਚੋਣ
ਪੰਜਾਬ ਸਰਕਾਰ ਯੂਪੀਐਸਸੀ ਨੂੰ ਪੱਕੇ ਡੀਜੀਪੀ ਦੀ ਨਿਯੁਕਤੀ ਲਈ ਯੋਗ ਅਫ਼ਸਰਾਂ ਦੀ ਸੂਚੀ ਭੇਜੇਗੀ। ਯੂਪੀਐਸਸੀ ਇਸ ਸੂਚੀ ਵਿੱਚੋਂ ਸੀਨੀਆਰਿਟੀ, ਤਜਰਬੇ ਅਤੇ ਸਰਵਿਸ ਰਿਕਾਰਡ ਦੇ ਅਧਾਰ ‘ਤੇ ਤਿੰਨ ਅਫ਼ਸਰਾਂ ਦਾ ਪੈਨਲ ਬਣਾਵੇਗੀ, ਇਹਨਾਂ ਤਿੰਨਾਂ ਵਿੱਚੋਂ ਹੀ ਕਿਸੇ ਅਫ਼ਸਰ ਨੂੰ ਪੱਕਾ ਡੀਜੀਪੀ ਨਿਯੁਕਤ ਕੀਤਾ ਜਾਵੇਗਾ।
ਡੀਜੀਪੀ ਦੀ ਨਿਯੁਕਤੀ ਦੀ ਬਣੀ ਹੋਈ ਕਮੇਟੀ
ਕਿਸੇ ਵੀ ਸੂਬੇ ਦੇ ਡੀਜੀਪੀ ਦੀ ਨਿਯੁਕਤੀ ਲਈ ਕਮੇਟੀ ਵਿੱਚ ਯੂਪੀਐਸਸੀ ਦੇ ਮੁਖੀ ਸ਼ਾਮਿਲ ਹੁੰਦੇ ਹਨ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਸਕੱਤਰ ਜਾਂ ਉਹਨਾਂ ਵਿੱਚੋਂ ਨਾਮਜ਼ਦ ਕੀਤਾ ਕੋਈ ਅਫ਼ਸਰ ਵੀ ਸ਼ਾਮਿਲ ਹੁੰਦਾ ਹੈ। ਇਸ ਦੇ ਨਾਲ ਹੀ ਸੂਬੇ ਦਾ ਮੁੱਖ ਸਕੱਤਰ, ਸੂਬਾ ਸਰਕਾਰ ਦਾ ਇੱਕ ਪ੍ਰਤੀਨਿਧੀ ਅਤੇ ਮੌਜੂਦਾ ਡੀਜੀਪੀ ਇਸ ਕਮੇਟੀ ਵਿੱਚ ਸ਼ਾਮਿਲ ਹੁੰਦਾ ਹੈ।

Leave a Reply

Your email address will not be published. Required fields are marked *

error: Content is protected !!