Skip to main content

Gee 98News

ਕਲਾਕਾਰੀ ਦੇ ਸ਼ੌਕ ਤੇ ਚਮਚਾਗਿਰੀ ਨੇ ਕਰਵਾ ਦਿੱਤਾ ਇੰਸਪੈਕਟਰ ਦਾ ਬਾਂਦਰ ਲੰਡਾ

ਚੰਡੀਗੜ੍ਹ ,26 ਫਰਵਰੀ, Gee98 News service-

-ਉੰਝ ਤਾਂ ਭਾਵੇਂ ਸਰਕਾਰੀ ਮੁਲਾਜ਼ਮ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਹੁਕਮਾਂ ਦੀ ਤਾਮੀਲ ਕਰਦੇ ਹੀ ਹੁੰਦੇ ਹਨ ਪਰੰਤੂ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਪੁਲਿਸ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਤੀਜੇ ਚੌਥੇ ਦਰਜੇ ਦੇ ਇੱਕ ਆਗੂ ਦੀ ਚਮਚਾਗਿਰੀ ਕਰਦੇ ਹੋਏ ਆਪਣੇ ਵਕਾਰ ਦਾ ਬਾਂਦਰ ਲੰਡਾ ਕਰਵਾ ਲਿਆ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇੰਸਪੈਕਟਰ ਸੁਰਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਬਟਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਕ ਮਹਿਤਾ ਦੇ ਵਿਆਹ ਦੀ ਪ੍ਰੀ ਵੈਡਿੰਗ ਸ਼ੂਟਿੰਗ ਵਿੱਚ ਕਲਾਕਾਰੀ ਭੂਮਿਕਾ ਨਿਭਾਉਣ ਦਾ ਸਖ਼ਤ ਨੋਟਿਸ ਲਿਆ ਹੈ। ਇਸ ਮਾਮਲੇ ਸਬੰਧੀ ਡੀਐਸਪੀ ਤਜਿੰਦਰਪਾਲ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਕਲਿੱਪ ਵਿੱਚ ਦਿਖਾਈ ਦੇ ਰਹੇ ਪੁਲਿਸ ਅਧਿਕਾਰੀਆਂ ਨੇ ਬਿਨਾਂ ਪਰਮਿਸ਼ਨ ਦੇ ਵੀਡੀਓ ਵਿੱਚ ਭਾਗ ਲਿਆ ਹੈ ਜਿਸ ਸਬੰਧੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਇਹਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਵੀਡੀਓ ਕਲਿੱਪ ਅਜਿਹੇ ਸਮੇਂ ਵਾਇਰਲ ਹੋਇਆ ਹੈ ਜਦੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀ ਗੈਂਗਸਟਰਾਂ ਵੱਲੋਂ ਇੱਕ ਇੱਕ ਚੈੱਕ ਪੋਸਟ ‘ਤੇ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਮਾਮਲਾ ਗਰਮਾਇਆ ਹੋਇਆ ਹੈ, ਅਜਿਹੇ ਹਾਲਾਤਾਂ ਵਿੱਚ ਇੱਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੱਲੋਂ ਕਿਸੇ ਆਮ ਵਿਅਕਤੀ ਦੀ ਪ੍ਰੀ ਵੈਡਿੰਗ ਸ਼ੂਟਿੰਗ ਵਿੱਚ ਭੂਮਿਕਾ ਨਿਭਾਉਣਾ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਇੱਕ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਇਸ਼ਾਰੇ ‘ਤੇ ਛੱਡ ਦੇਣਾ ਤੇ ਚੇਅਰਮੈਨ ਨੂੰ ਨਾਕੇ ‘ਤੇ ਖੜ ਕੇ ਸਲੂਟ ਮਾਰਨ ਕਰਕੇ ਪੁਲਿਸ ਫੋਰਸ ਦਾ ਮਜ਼ਾਕ ਬਣਾਉਣ ਦੀ ਪ੍ਰਕਿਰਿਆ ਵਜੋਂ ਹੀ ਵੇਖਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਇਸ ਮਾਮਲੇ ਨੂੰ ਪੰਜਾਬ ਪੁਲਿਸ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਭਾਵੇਂ ਕਿ ਪੰਜਾਬ ਪੁਲਿਸ ਨੇ ਆਪਣੇ ਮੁਲਾਜ਼ਮਾਂ ਦੇ ਖ਼ਿਲਾਫ਼ ਤਾਂ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਇਹ ਵੇਖਣਯੋਗ ਹੋਵੇਗਾ ਕਿ ਕੀ ਸੱਤਾਧਾਰੀ ਪਾਰਟੀ ਦੇ ਇੱਕ ਆਗੂ ਵੱਲੋਂ ਸ਼ਰੇਆਮ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਮਾਮਲੇ ‘ਚ ਕੋਈ ਕਾਰਵਾਈ ਹੋਵੇਗੀ ?

error: Content is protected !!