ਚੰਡੀਗੜ੍ਹ, 20 ਮਾਰਚ, Gee98 news service-
-ਅਮਰੀਕਾ-ਇਜਰਾਈਲ ਅਤੇ ਈਰਾਨ ਜੰਗ ਦਾ ਅਸਰ ਭਾਰਤ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਸੀ ਕਿ ਜੇਕਰ ਅਮਰੀਕਾ-ਈਰਾਨ ਯੁੱਧ ਲੰਮਾ ਸਮਾਂ ਚੱਲਦਾ ਹੈ ਤਾਂ ਇਸ ਨਾਲ ਵਿਸ਼ਵ ਦੇ ਹੋਰ ਮੁਲਕਾਂ ਵਾਂਗ ਭਾਰਤ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦੇ ਨਾਲ ਨਾਲ ਹੋਰ ਮਹਿੰਗਾਈ ਵੀ ਵਧੇਗੀ। ਅਮਰੀਕਾ ਈਰਾਨ ਯੁੱਧ ਦੇ ਕਾਰਨ ਭਾਰਤ ਵਿੱਚ ਪੈਟਰੋਲ ਦੀਆਂ ਕੀਮਤਾਂ ‘ਚ ਦੋ ਰੁਪਏ ਤੱਕ ਦਾ ਵਾਧਾ ਹੋਇਆ ਹੈ। ਇਹ ਵਾਧਾ “ਪ੍ਰੀਮੀਅਮ ਪੈਟਰੋਲ” ਦੀਆਂ ਕੀਮਤਾਂ ਵਿੱਚ ਕੀਤਾ ਗਿਆ ਜਦਕਿ ਨਾਰਮਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਲਹਾਲ ਕੋਈ ਵਾਧਾ ਨਹੀਂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਜੇਕਰ ਕੁਝ ਦਿਨਾਂ ਤੱਕ ਯੁੱਧ ਹੋਰ ਜਾਰੀ ਰਿਹਾ ਤਾਂ ਭਾਰਤ ਵਿੱਚ ਨਾਰਮਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ‘ਚ ਪ੍ਰੀਮੀਅਮ ਪੈਟਰੋਲ ਦੀਆਂ ਵਧੀਆਂ ਕੀਮਤਾਂ ਅੱਜ ਸਵੇਰ ਤੋਂ ਲਾਗੂ ਹੋ ਗਈਆਂ ਹਨ।
ਪੰਜਾਬ ‘ਚ ਪ੍ਰੀਮੀਅਮ ਪੈਟਰੋਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਸਭ ਤੋਂ ਵੱਧ ਸ਼ਹਿਰੀ ਖੇਤਰਾਂ ਦੇ ਪੈਟਰੋਲ ਪੰਪ ‘ਤੇ ਪਵੇਗਾ, ਜਿਵੇਂ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਵਰਗੇ ਵੱਡੇ ਸ਼ਹਿਰਾਂ ਵਿੱਚ ਜੇਕਰ ਪੈਟਰੋਲ ਦੀ ਖਪਤ 100 ਲੀਟਰ ਹੁੰਦੀ ਹੈ ਤਾਂ ਉਸ ਵਿੱਚੋਂ 35 ਲੀਟਰ ਪ੍ਰੀਮੀਅਮ ਪੈਟਰੋਲ ਦੀ ਖਪਤ ਹੁੰਦੀ ਹੈ। ਪ੍ਰੀਮੀਅਮ ਪੈਟਰੋਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਉਹਨਾਂ ਲੋਕਾਂ ‘ਤੇ ਪਵੇਗਾ ਜਿਨਾਂ ਕੋਲ ਲਗਜ਼ਰੀ ਕਾਰਾਂ ਤੇ ਹਾਈ ਵੈਲੂਏਬਲ ਸਪੋਰਟਸ ਬਾਈਕਸ ਹਨ।









