Skip to main content

Gee 98News

…ਅਜੇ ਤੱਕ ਲਾਲਜੀਤ ਭੁੱਲਰ ਦਾ ਮੋਬਾਈਲ ਫੋਨ ਤੇ ਡੀਵੀਆਰ ਨਹੀਂ ਮਿਲਿਆ ਪੁਲਿਸ ਨੂੰ….!

ਚੰਡੀਗੜ੍ਹ 30 ਮਾਰਚ , Gee98 news service-

-ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਰੰਧਾਵਾ ਦੀ ਮੌਤ ਦੇ ਮਾਮਲੇ ‘ਚ ਪੰਜਾਬ ਪੁਲਿਸ ਉਸੇ ਰਸਤੇ ‘ਤੇ ਚੱਲ ਰਹੀ ਜਾਪਦੀ ਹੈ ਜਿਸ ਦੀ ਸ਼ੰਕਾ ਕੀਤੀ ਜਾ ਰਹੀ ਸੀ। ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਅਜੇ ਤੱਕ ਪੰਜਾਬ ਪੁਲਿਸ ਉਹਨਾਂ ਦਾ ਮੋਬਾਈਲ ਫੋਨ ਰਿਕਵਰ ਨਹੀਂ ਕਰਵਾ ਸਕੇ ਅਤੇ ਨਾ ਹੀ ਪੁਲਿਸ ਭੁੱਲਰ ਦੇ ਦਫ਼ਤਰ ਦਾ ਡੀਵੀਆਰ ਰਿਕਵਰ ਕਰ ਸਕੀ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਪੁਲਿਸ ਕਿਸੇ ਘਟਨਾ ਤੋਂ ਬਾਅਦ ਆਂਢੀਆਂ-ਗੁਆਂਢੀਆਂ ਇਥੋਂ ਤੱਕ ਕਿ ਸਾਰੇ ਪਿੰਡ ਦੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਲਾਹ ਕੇ ਲੈ ਜਾਂਦੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੁਲਿਸ ਹਿਰਾਸਤ ਵਿੱਚ ਹੀ ਭੁੱਲਰ ਨੇ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦਿੰਦੇ ਹੋਏ ਗੱਲਬਾਤ ਕੀਤੀ ‌ਸੀ। ਸਵਾਲ ਉਠਦੇ ਹਨ ਕਿ ਜੇਕਰ ਟੀਵੀ ਚੈਨਲ ਦੇ ਐਂਕਰ ਨਾਲ ਭੁੱਲਰ ਨੇ ਆਪਣੇ ਫੋਨ ਤੋਂ ਗੱਲ ਨਹੀਂ ਕੀਤੀ ਤਾਂ ਫਿਰ ਕੀ ਕਿਸੇ ਪੁਲਿਸ ਅਧਿਕਾਰੀ ਨੇ ਆਪਣੇ ਫੋਨ ਤੋਂ ਭੁੱਲਰ ਦੀ ਐਂਕਰ ਨਾਲ ਗੱਲ ਕਰਵਾਈ ਸੀ। ਪੰਜਾਬ ਪੁਲਿਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਭੁੱਲਰ ਨੂੰ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਰੱਖਿਆ ਅਤੇ ਬੀਤੇ ਕੱਲ੍ਹ ਪੇਸ਼ ਕਰਨ ਮੌਕੇ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਅਜੇ ਤੱਕ ਭੁੱਲਰ ਦਾ ਮੋਬਾਈਲ ਫੋਨ ਅਤੇ ਉਹਨਾਂ ਦੇ ਦਫ਼ਤਰ ਦਾ ਡੀਵੀਆਰ ਰਿਕਵਰ ਕਰਨਾ ਹੈ ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਤਿੰਨ ਦਿਨ ਦਾ ਹੋਰ ਰਿਮਾਂਡ ਦੇ ਦਿੱਤਾ।

                                                                ਇਸ ਮਾਮਲੇ ‘ਚ ਪੰਜਾਬ ਪੁਲਿਸ ਅਜੇ ਤੱਕ ਭੁੱਲਰ ਦੇ ਨਾਲ ਐਫਆਈਆਰ ਵਿੱਚ ਨਾਮਜ਼ਦ ਭੁੱਲਰ ਦੇ ਪਿਤਾ ਅਤੇ ਉਸਦੇ ਪੀਏ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ ਜਦਕਿ ਐਫਆਈਆਰ ਵਿੱਚ ਦਰਜ ਦੋ ਅਣਪਛਾਤਿਆਂ ਦਾ ਤਾਂ ਅਜੇ ਪੁਲਿਸ ਇਹ ਵੀ ਪਤਾ ਨਹੀਂ ਲਗਾ ਸਕੀ ਕਿ ਉਹ ਕੌਣ ਹਨ। ਰੰਧਾਵਾ ਦਾ ਪਰਿਵਾਰ ਪਹਿਲੇ ਦਿਨ ਤੋਂ ਮੰਗ ਕਰ ਰਿਹਾ ਕਿ ਭੁੱਲਰ ਦੇ ਮੋਬਾਈਲ ਫੋਨ ਅਤੇ ਉਸ ਦੇ ਦਫ਼ਤਰ ਦੇ ਡੀਵੀਆਰ ਦੀ ਜਾਂਚ ਕੀਤੀ ਜਾਵੇ ਪ੍ਰੰਤੂ ਜੇਕਰ ਪੰਜ ਦਿਨਾਂ ਦੇ ਰਿਮਾਂਡ ਦੌਰਾਨ ਵੀ ਪੁਲਿਸ ਭੁੱਲਰ ਤੋਂ ਮੋਬਾਈਲ ਫੋਨ ਤੇ ਡੀਵੀਆਰ ਰਿਕਵਰ ਨਹੀਂ ਕਰਵਾ ਸਕੀ ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਪੁਲਿਸ ਆਪਣੇ “ਆਕਾ ਦੀ ਹਦਾਇਤ” ਅਨੁਸਾਰ ਹੀ ਕੰਮ ਕਰੇਗੀ। ਪੁਲਿਸ ਨੇ ਭਾਵੇਂ ਸਾਰੇ ਪਾਸੇ ਤੋਂ ਦਬਾਅ ਪੈਣ ਤੋਂ ਬਾਅਦ ਭੁੱਲਰ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਪ੍ਰੰਤੂ ਅਜੇ ਤੱਕ ਉਸਦੇ ਪਿਤਾ ਤੇ ਪੀਏ ਦਾ ਕੋਈ ਥਹੁ ਪਤਾ ਪੁਲਿਸ ਨਹੀਂ ਲਗਾ ਸਕੀ। ਦੂਜੇ ਪਾਸੇ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੇ ਉਹਨਾਂ ਦਾ ਮੋਬਾਈਲ ਫੋਨ ਪੁਲਿਸ ਨੂੰ ਦੇ ਦਿੱਤਾ ਹੈ। ‌ ਦੱਸ ਦੇਈਏ ਕਿ ਵੇਅਰ ਹਾਊਸ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਨੇ 21 ਮਾਰਚ ਦੀ ਸਵੇਰ ਨੂੰ ਸਲਫਾਸ ਦੀਆਂ ਗੋਲੀਆਂ ਖਾਧੀਆਂ ਅਤੇ ਆਪਣੀ ਮੌਤ ਦਾ ਜ਼ਿੰਮੇਵਾਰ ਲਾਲਜੀਤ ਸਿੰਘ ਭੁੱਲਰ ਨੂੰ ਦੱਸਦੇ ਹੋਏ ਇਕ ਵੀਡੀਓ ਬਣਾਈ। 21 ਅਤੇ 22 ਮਾਰਚ ਦੀ ਰਾਤ ਪੁਲਿਸ ਨੇ ਲਾਲਜੀਤ ਸਿੰਘ ਭੁੱਲਰ ਉਸ ਦੇ ਪਿਤਾ ਤੇ ਪੀਏ ਸਮੇਤ ਦੋ ਅਣਪਛਾਤਿਆਂ ‘ਤੇ ਐਫਆਈਆਰ ਦਰਜ ਕੀਤੀ। ਪੁਲਿਸ ਨੇ 23 ਮਾਰਚ ਨੂੰ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਅਤੇ 24 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਿਲ ਕੀਤਾ ਅਤੇ ਬੀਤੇ ਕੱਲ੍ਹ ਪੁਲਿਸ ਨੇ ਦੁਬਾਰਾ ਫਿਰ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

Gee98 Ads
error: Content is protected !!