Gee 98News

ਚੰਡੀਗੜ੍ਹ ,13 ਅਪ੍ਰੈਲ , Gee98 News service-

-ਪੰਜਾਬ ‘ਚ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਵਾਲੀ “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਸੰਬੰਧੀ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਹੁਣ ਇਸ ਯੋਜਨਾ ਲਈ ਰਜਿਸਟਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਪਹਿਲਾਂ 13 ਅਪ੍ਰੈਲ ਤਾਰੀਕ ਰੱਖੀ ਗਈ ਸੀ ਜੋ ਵਿਧਾਨ ਸਭਾ ਵਿੱਚ ਬੇਅਦਬੀ ਦਾ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਦੇ ਕਰਕੇ ਬਦਲ ਦਿੱਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 14 ਅਪ੍ਰੈਲ ਨੂੰ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਲਕੇ ‘ਚ ਰੈਲੀ ਦੌਰਾਨ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ। ਦੱਸ ਦੇਈਏ ਕਿ ਪਹਿਲਾਂ ਇਹ ਯੋਜਨਾ ਪੰਜਾਬ ਦੇ 7 ਜ਼ਿਲ੍ਹਿਆਂ ਮੁਕਤਸਰ, ਰੋਪੜ, ਪਟਿਆਲਾ, ਸੰਗਰੂਰ, ਮੋਗਾ, ਜਲੰਧਰ, ਫਰੀਦਕੋਟ ਵਿੱਚ ਸ਼ੁਰੂ ਹੋਵੇਗੀ, ਇਹਨਾਂ ਵਿੱਚੋਂ 5 ਜ਼ਿਲ੍ਹੇ ਸਭ ਤੋਂ ਜ਼ਿਆਦਾ ਵਿਧਾਨ ਸਭਾ ਸੀਟਾਂ ਵਾਲੇ ਮਾਲਵਾ ਖੇਤਰ ਅਤੇ 2 ਜ਼ਿਲ੍ਹੇ ਦਲਿਤ ਵੋਟਰਾਂ ਦੀ ਬਹੁ ਗਿਣਤੀ ਦੁਆਬਾ ਖੇਤਰ ‘ਚ ਹਨ।

                                                                            ਪੰਜਾਬ ‘ਚ ਇਸ ਯੋਜਨਾ ਲਈ ਪਹਿਲਾਂ ਜਿਹੜੇ 7 ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਉਹਨਾਂ ਵਿੱਚੋਂ ਚਾਰ ਸੀਟਾਂ ਪੰਜਾਬ ਦੇ ਸੀਨੀਅਰ ਮੰਤਰੀਆਂ ਦੀਆਂ ਹਨ, ਇੱਕ ਵਿਧਾਨ ਸਭਾ ਦੇ ਸਪੀਕਰ ਅਤੇ ਇੱਕ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਦੀ ਸੀਟ ਹੈ। ਸਰਕਾਰ ਵੱਲੋਂ ਅਜੇ ਇਹ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਇਹ ਯੋਜਨਾ ਕਦੋਂ ਸ਼ੁਰੂ ਹੋਵੇਗੀ। ‌ ਸਰਕਾਰ ਵੱਲੋਂ ਅਜੇ ਅਧਿਕਾਰਤ ਤੌਰ ‘ਤੇ ਇਹ ਵੀ ਸਪੱਸ਼ਟ ਨਹੀਂ ਕੀਤਾ ਜਾ ਰਿਹਾ ਕਿ ਮਹਿਲਾਵਾਂ ਦੇ ਖਾਤਿਆਂ ਵਿੱਚ ਇਹ ਪੈਸੇ ਕਿਹੜੇ ਮਹੀਨੇ ਤੋਂ ਆਉਣੇ ਸ਼ੁਰੂ ਹੋਣਗੇ, ਕਿਉਂਕਿ ਅਜੇ ਸਿਰਫ਼ 15 ਅਪ੍ਰੈਲ ਤੋਂ ਸਰਕਾਰ ਯੋਗ ਮਹਿਲਾਵਾਂ ਦੀ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰਨ ਦੀ ਗੱਲ ਕਰ ਰਹੀ ਹੈ। ਇਹ ਜਾਣਕਾਰੀ ਵੀ ਨਹੀਂ ਦਿੱਤੀ ਜਾ ਰਹੀ ਕਿ ਇਹ ਰਜਿਸਟਰੇਸ਼ਨ ਕਦੋਂ ਤੱਕ ਪੂਰੀ ਹੋਵੇਗੀ ਅਤੇ ਰਜਿਸਟਰੇਸ਼ਨ ਪੂਰੀ ਹੋਣ ਤੋਂ ਬਾਅਦ ਯੋਗ ਮਹਿਲਾਵਾਂ ਦੀ ਫਾਈਨਲ ਸੂਚੀ ਕਦੋਂ ਤਿਆਰ ਹੋਵੇਗੀ ਅਤੇ ਕਿਹੜੇ ਮਹੀਨੇ ਇਹ ਰਕਮ ਮਹਿਲਾਵਾਂ ਦੇ ਖਾਤਿਆਂ ਵਿੱਚ ਆਵੇਗੀ। ਸਰਕਾਰ ਅਜੇ ਤੱਕ ਸਿਰਫ਼ ਸੂਬੇ ਦੀਆਂ ਜਨਰਲ ਅਤੇ ਐਸਸੀ ਮਹਿਲਾਵਾਂ ਨੂੰ ਕਰਮਵਾਰ 1000 ਅਤੇ 1500 ਰੁਪਏ ਦੇਣ ਦਾ ਦਾਅਵਾ ਕਰ ਰਹੀ ਹੈ ਪ੍ਰੰਤੂ ਸਰਕਾਰ ਵੱਲੋਂ ਅਜੇ ਤੱਕ ਇਹ ਬਿਆਨ ਸਾਹਮਣੇ ਨਹੀਂ ਆਇਆ ਕਿ ਕੀ ਇਹ ਰਕਮ ਹਰ ਮਹੀਨੇ ਲਗਾਤਾਰ ਦਿੱਤੀ ਜਾਵੇਗੀ, ਕਿਉਂਕਿ ਪੰਜਾਬ ਦੀ ਵਿੱਤੀ ਹਾਲਤ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੇ ਦਾਅਵਿਆਂ ‘ਤੇ ਸ਼ੰਕਾ ਕੀਤੀ ਜਾ ਰਹੀ ਹੈ।

Gee98 Ads

Leave a Reply

Your email address will not be published. Required fields are marked *

error: Content is protected !!