ਚੰਡੀਗੜ੍ਹ, 20 ਅਪ੍ਰੈਲ, Gee98 news service-
ਅਕਸਰ ਲੋਕਾਂ ਕੋਲ ਸਮਾਜ ਵਿਰੋਧੀ ਗਤੀਵਿਧੀਆਂ ਦੀਆਂ ਕੁਝ ਅਜਿਹੀਆਂ ਸੂਚਨਾਵਾਂ ਹੁੰਦੀਆਂ ਹਨ ਜਿਹੜੀਆਂ ਲੋਕ ਪੁਲਿਸ ਨਾਲ ਸਾਂਝਾ ਤਾਂ ਕਰਨਾ ਚਾਹੁੰਦੇ ਹਨ ਪ੍ਰੰਤੂ ਕੁਝ ਪੁਲਿਸ ਅਫ਼ਸਰਾਂ ਦੀ ਬੇਭਰੋਸਗੀ ਅਤੇ ਪੁਲਿਸ ਸਿਆਸੀ ਗੁੰਡਾ ਗੱਠਜੋੜ ਦੇ ਦੇ ਕਾਰਨ ਅਮਨ ਪਸੰਦ ਨਾਗਰਿਕ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦੀ ਸੂਚਨਾ ਸਾਂਝੀ ਕਰਨ ਤੋਂ ਝਿਜਕਦੇ ਹਨ। ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਡਾਕਟਰ ਦਰਪਣ ਆਹਲੂਵਾਲੀਆ ਨੇ ਇੱਕ ਅਜਿਹੀ ਪਹਿਲਕਦਮੀ ਸ਼ੁਰੂ ਕੀਤੀ ਹੈ ਕਿ ਲੋਕ ਬਿਨਾਂ ਕਿਸੇ ਝਿਜਕ ਤੋਂ ਕਿਸੇ ਵੀ ਤਰ੍ਹਾਂ ਦੀ ਸਮਾਜ ਵਿਰੋਧੀ ਗਤੀਵਿਧੀ ਦੀ ਸੂਚਨਾ ਜਾਂ ਸੁਝਾਅ ਪੁਲਿਸ ਨੂੰ ਦੇ ਸਕਦੇ ਹਨ। ਐਸਐਸਪੀ ਡਾਕਟਰ ਦਰਪਣ ਆਲੂਵਾਲੀਆ ਨੇ ਆਪਣੇ ਦਫ਼ਤਰ ਦੇ ਬਾਹਰ ਇੱਕ ਸ਼ਿਕਾਇਤ ਬਾਕਸ ਲਗਾਇਆ ਹੈ ਜਿਸ ਵਿੱਚ ਲੋਕ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਿਖ ਕੇ ਪਾ ਸਕਦੇ ਹਨ। ਇਸ ਸ਼ਿਕਾਇਤ ਬਾਕਸ ਨਾਲ ਜੁੜਿਆ ਇਕ ਅਹਿਮ ਪੱਖ ਇਹ ਹੈ ਕਿ ਇਸ ਦੀ ਚਾਬੀ ਸਿਰਫ਼ ਐਸਐਸਪੀ ਡਾਕਟਰ ਦਰਪਣ ਆਲੂਵਾਲੀਆ ਕੋਲ ਹੀ ਹੈ ਕਿ ਭਾਵ ਇਸ ਨੂੰ ਡਾਕਟਰ ਦਰਪਣ ਆਹਲੂਵਾਲੀਆ ਖੁਦ ਖੋਲਦੇ ਹਨ ਅਤੇ ਇਸ ਵਿੱਚ ਉਹ ਨਿਕਲੀਆਂ ਸ਼ਿਕਾਇਤਾਂ ਖੁਦ ਪੜ੍ਹ ਕੇ ਉਹਨਾਂ ਉੱਪਰ ਕਾਰਵਾਈ ਕਰਦੇ ਹਨ ਤਾਂ ਜੋ ਸ਼ਿਕਾਇਤਕਰਤਾ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰਹੇ ਅਤੇ ਲੋਕਾਂ ਦਾ ਭਰੋਸਾ ਕਾਇਮ ਰਹੇ। ਇਸ ਨਾਲ ਬਾਕਸ ਵਿੱਚ ਸ਼ਿਕਾਇਤ ਜਾਂ ਸੁਝਾਅ ਪਾਉਣ ਵਾਲੇ ਨਾਗਰਿਕ ਨੂੰ ਇਹ ਯਕੀਨੀ ਰਹੇਗਾ ਕਿ ਉਸਦਾ ਪੱਤਰ ਸਿੱਧਾ ਐਸ.ਐਸ.ਪੀ ਦੇ ਹੱਥਾਂ ਵਿੱਚ ਪਹੁੰਚਿਆ ਹੈ। ਕਿਸੇ ਸ਼ਿਕਾਇਤ ਉੱਪਰ ਸ਼ਿਕਾਇਤ ਕਰਦਾ ਦਾ ਨਾਮ ਲਿਖਿਆ ਹੋਵੇ ਜਾਂ ਨਾ ਲਿਖਿਆ ਹੋਵੇ ਇਹ ਜਾਣਕਾਰੀ ਸਿਰਫ਼ ਤੇ ਸਿਰਫ਼ ਐਸਐਸਪੀ ਡਾਕਟਰ ਦਰਪਣ ਆਹਲੂਵਾਲੀਆ ਨੂੰ ਹੀ ਹੁੰਦੀ ਹੈ ਅਤੇ ਉਹ ਅੱਗੇ ਆਪਣੇ ਹਿਸਾਬ ਨਾਲ ਮਿਲੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹਨ।
ਕਈ ਵਾਰ ਦੇਖਿਆ ਜਾਂਦਾ ਹੈ ਕਿ ਅਕਸਰ ਲੋਕ ਡਰ ਜਾਂ ਝਿਜਕ ਕਾਰਨ ਪੁਲਿਸ ਕੋਲ ਖੁੱਲ੍ਹ ਕੇ ਸ਼ਿਕਾਇਤ ਨਹੀਂ ਕਰ ਸਕਦੇ, ਖਾਸ ਕਰਕੇ ਨਸ਼ੇ, ਅਪਰਾਧ ਜਾਂ ਦਬਾਅ ਨਾਲ ਸੰਬੰਧਿਤ ਮਾਮਲਿਆਂ ਵਿੱਚ ਲੋਕ ਸਾਹਮਣੇ ਆਉਣ ਤੋਂ ਕਤਰਾਉਂਦੇ ਹਨ। ਅਜਿਹੇ ਹਾਲਾਤਾਂ ਵਿੱਚ ਇਹ ਸ਼ਿਕਾਇਤ ਬਾਕਸ ਇੱਕ ਸੁਰੱਖਿਅਤ ਮਾਧਿਅਮ ਵਜੋਂ ਸਾਹਮਣੇ ਆਇਆ ਹੈ, ਜਿੱਥੇ ਲੋਕ ਬਿਨਾਂ ਆਪਣਾ ਨਾਮ ਦੱਸੇ ਵੀ ਆਪਣੀ ਗੱਲ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਹਨ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਖੁਦ ਸ਼ਿਕਾਇਤ ਬਾਕਸ ਖੋਲ੍ਹਣ ਦਾ ਫੈਸਲਾ ਇਸ ਪਹਿਲ ਨੂੰ ਹੋਰ ਵੀ ਭਰੋਸੇਯੋਗ ਬਣਾਉਂਦਾ ਹੈ। ਇਸ ਨਾਲ ਇਹ ਯਕੀਨੀ ਬਣਦਾ ਹੈ ਕਿ ਸ਼ਿਕਾਇਤ ਕਿਸੇ ਵੀ ਪੱਧਰ ‘ਤੇ ਲੀਕ ਨਾ ਹੋਵੇ ਅਤੇ ਸਿੱਧੀ ਉਨ੍ਹਾਂ ਤੱਕ ਪਹੁੰਚੇ। ਇਸ ਨਾਲ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਐਸ.ਐਸ.ਪੀ ਨੇ ਕਿਹਾ ਕਿ ਇਹ ਪਹਿਲ ਉਦੋਂ ਹੀ ਕਾਮਯਾਬ ਹੋਵੇਗੀ ਜਦੋਂ ਲੋਕ ਇਸਦਾ ਸਹੀ ਇਸਤੇਮਾਲ ਕਰਨ। ਜੇਕਰ ਕਿਸੇ ਕੋਲ ਕਿਸੇ ਅਪਰਾਧ, ਨਸ਼ਾ ਤਸਕਰੀ, ਗੈਰਕਾਨੂੰਨੀ ਗਤੀਵਿਧੀ ਜਾਂ ਹੋਰ ਕਿਸੇ ਸਮੱਸਿਆ ਨਾਲ ਸੰਬੰਧਿਤ ਜਾਣਕਾਰੀ ਹੈ, ਤਾਂ ਉਹ ਬਿਨਾਂ ਡਰ ਇਸ ਬਾਕਸ ਵਿੱਚ ਪਾ ਸਕਦੇ ਹਨ। ਸਮਾਜ ਦੀ ਭਲਾਈ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਲਤ ਕੰਮਾਂ ਦੇ ਖ਼ਿਲਾਫ਼ ਆਵਾਜ਼ ਉਠਾਏ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵਿਭਾਗ ਵਿੱਚ ਕਿਸੇ ਸੁਧਾਰ ਦੀ ਲੋੜ ਹੈ ਤਾਂ ਉਸ ਬਾਰੇ ਵੀ ਸੁਝਾਅ ਦਿੱਤੇ ਜਾਣ, ਚੰਗੇ ਸੁਝਾਵਾਂ ‘ਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ।
ਫੋਟੋ ਕੈਪਸ਼ਨ-ਸ਼ਿਕਾਇਤ ਬਾਕਸ ਖੋਲ ਕੇ ਸ਼ਿਕਾਇਤਾਂ ਕੱਢਦੇ ਹੋਏ ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ










