Skip to main content

Gee 98News

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੱਤਿਆ ‘ਚ ਸ਼ਾਮਿਲ ਕੈਦੀ ਨੇ ਜੇਲ੍ਹ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਗੰਭੀਰ ਦੋਸ਼

ਚੰਡੀਗੜ੍ਹ ,20 ਅਪ੍ਰੈਲ , Gee98 News service-

-ਪੰਜਾਬ ‘ਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਕੈਦੀ ਦੀ ਵੀਡੀਓ ਕਲਿੱਪ ਨੇ ਪੰਜਾਬ ‘ਚ ਜੇਲ੍ਹਾਂ ਦੇ ਅੰਦਰੂਨੀ ਹਾਲਾਤਾਂ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜੇ ਕੀਤੇ ਹਨ। ਵੀਡੀਓ ਵਿੱਚ ਕੈਦੀ ਨੇ ਜੇਲ੍ਹ ਅੰਦਰ ਕੁੱਟਮਾਰ ਕਰਨ ਅਤੇ 2 ਲੱਖ ਰੁਪਏ ਮੰਗਣ ਦੇ ਦੋਸ਼ ਲਗਾਏ ਹਨ ਇਹਨਾਂ ਵਿੱਚੋਂ ਇੱਕ ਕੈਦੀ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਇੱਕ ਦੋਸ਼ੀ ਪ੍ਰਦੀਪ ਦੇ ਕਤਲ ਸਬੰਧੀ ਜੇਲ੍ਹ ਵਿੱਚ ਬੰਦ ਹੈ। ਵੀਡੀਓ ਵਿੱਚ ਇੱਕ ਕੈਦੀ ਆਪਣੀ ਪਿੱਠ ‘ਤੇ ਕੁੱਟਮਾਰ ਦੇ ਨਿਸ਼ਾਨ ਵੀ ਦਿਖਾਉਂਦਾ ਹੈ ਅਤੇ ਕੋਲ ਖੜੇ ਇੱਕ ਹੋਰ ਕੈਦੀ ਵੱਲੋਂ ਵੀਡੀਓ ਵਿੱਚ ਲਗਾਏ ਜਾ ਰਹੇ ਦੋਸ਼ਾਂ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ। ਵੀਡੀਓ ਕਲਿੱਪ ਵਿੱਚ ਦਿਖਾਈ ਦੇ ਰਿਹਾ ਕੈਦੀ ਪਰਮਜੀਤ ਸਿੰਘ ਕਾਲਾ ਹੈ,ਜੋ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਪ੍ਰਦੀਪ ਹੱਤਿਆਕਾਂਡ ‘ਚ ਬੰਦ ਹੈ ਜਿਸ ਨੇ ਵੀਡੀਓ ਵਿੱਚ ਦਾਅਵਾ ਕੀਤਾ ਹੈ ਕਿ ਜੇਲ੍ਹ ਦੇ ਵਿੱਚ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਕੈਦੀ ਪਰਮਜੀਤ ਸਿੰਘ ਕਾਲਾ ਦੀ ਇਸ ਤੋਂ ਪਹਿਲਾਂ ਵੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਨੂੰ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ। ਹੁਣ ਉਸੇ ਕੈਦੀ ਦਾ ਇਹ ਨਵਾਂ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਹੈ ਅਤੇ ਜੇਲ੍ਹ ਪ੍ਰਸ਼ਾਸਨ ‘ਤੇ ਸਵਾਲ ਉੱਠ ਰਹੇ ਹਨ। ਜੇਲ੍ਹ ਦੇ ਅੰਦਰੋਂ ਵੀਡੀਓ ਵਾਇਰਲ ਕਰਕੇ ਲਗਾਏ ਦੋਸ਼ਾਂ ਨੇ ਜੇਲ੍ਹ ਪ੍ਰਬੰਧਾਂ ਦੀ ਪਾਰਦਰਸ਼ਤਾ ਅਤੇ ਜੇਲ੍ਹਾਂ ਦੇ ਅੰਦਰ ਕੈਦੀਆਂ ਦੀ ਸੁਰੱਖਿਆ ਸਬੰਧੀ ਵੀ ਧਿਆਨ ਖਿੱਚਿਆ ਹੈ। ਜੇਲ੍ਹ ਅੰਦਰੋਂ ਵਾਇਰਲ ਕੀਤੀ ਕੈਦੀ ਵੀ ਇਸ ਵੀਡੀਓ ਸਬੰਧੀ ਅਜੇ ਤੱਕ ਜੇਲ੍ਹ ਪ੍ਰਸ਼ਾਸਨ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ, ਹੁਣ ਨਜ਼ਰਾਂ ਇਸ ‘ਤੇ ਟਿਕੀਆਂ ਹਨ ਕਿ ਪ੍ਰਸ਼ਾਸਨ ਇਹਨਾਂ ਦੋਸ਼ਾਂ ਸਬੰਧੀ ਕੀ ਕਾਰਵਾਈ ਕਰਦਾ ਹੈ।

error: Content is protected !!