Skip to main content

Gee 98News

ਦੇਸ਼ ਦੀ ਨਾਰੀ ਸ਼ਕਤੀ ਮਹਿਲਾ ਰਿਜਰਵੇਸ਼ਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਬਕ ਸਿਖਾਵੇਗੀ-ਕੇਵਲ ਸਿੰਘ ਢਿੱਲੋਂ

ਬਰਨਾਲਾ ,22 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-

-ਕਾਂਗਰਸ, ਸਮਾਜਵਾਦੀ ਪਾਰਟੀ, ਟੀਐਮਸੀ ਅਤੇ ਡੀਐਮਕੇ ਨੇ ਲੋਕ ਸਭਾ ਵਿੱਚ ਔਰਤਾਂ ਦੇ ਰਿਜਰਵੇਸ਼ਨ ਸਬੰਧੀ ਬਿੱਲ ਦਾ ਵਿਰੋਧ ਕਰਕੇ ਆਪਣੀ ਮਹਿਲਾ ਵਿਰੋਧੀ ਮਾਨਸਿਕਤਾ ਦਿਖਾ ਕੇ ਦੇਸ਼ ਦੀ ਅੱਧੀ ਆਬਾਦੀ ਨਾਲ ਵੱਡਾ ਧੋਖਾ ਕੀਤਾ ਹੈ ਜਿਸ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਦੇਸ਼ ਦੀ ਨਾਰੀ ਸ਼ਕਤੀ ਆਪਣੇ ਵੋਟ ਦੀ ਚੋਟ ਨਾਲ ਇਹਨਾਂ ਪਾਰਟੀਆਂ ਨੂੰ ਤਕੜਾ ਸਬਕ ਸਿਖਾਏਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਮੈਂਬਰ ਕੋਰ ਕਮੇਟੀ ਕੇਵਲ ਸਿੰਘ ਢਿੱਲੋਂ ਨੇ ਆਪਣੀ ਸਥਾਨਕ ਰਿਹਾਇਸ਼ ‘ਤੇ ਇੱਕ ਵਿਸ਼ੇਸ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਰਦਾਰ ਢਿੱਲੋਂ ਨੇ ਕਿਹਾ ਕਿ ਕਾਂਗਰਸ, ਸਪਾ, ਟੀਐਮਸੀ ਅਤੇ ਡੀਐਮਕੇ ਵਰਗੀਆਂ ਪਾਰਟੀਆਂ ਨੇ ਦੇਸ਼ ਦੀ ਅੱਧੀ ਆਬਾਦੀ ਦੇ ਹੱਕਾਂ ਨੂੰ ਰੋਕ ਕੇ ਆਪਣੀ ਮਹਿਲਾ ਵਿਰੋਧੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ।‌ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ ਨੀਤੀ ਘੜਨ ਦੀ ਪ੍ਰਕਿਰਿਆ ਵਿੱਚ ਹਿੱਸੇਦਾਰੀ ਦੇਣਾ ਕੋਈ ਅਹਿਸਾਨ ਨਹੀਂ ਸਗੋਂ ਉਹਨਾਂ ਦਾ ਕੁਦਰਤੀ ਅਧਿਕਾਰ ਹੈ। ਉਹਨਾਂ ਕਿਹਾ ਕਿ ਜਦੋਂ ਨਾਰੀ ਸ਼ਕਤੀ ਵੰਦਨ ਐਕਟ ਲਿਆਂਦਾ ਗਿਆ ਸੀ ਉਦੋਂ ਚੋਣਾਂ ਦੇ ਡਰੋ ਇਹਨਾਂ ਪਾਰਟੀਆਂ ਨੇ ਮਜ਼ਬੂਰੀ ਵਿੱਚ ਸਮਰਥਨ ਕੀਤਾ ਸੀ ਪ੍ਰੰਤੂ ਅੱਜ ਜਦੋਂ ਔਰਤਾਂ ਨੂੰ ਅਸਲ ਹੱਕ ਦੇਣ ਦਾ ਸਮਾਂ ਆਇਆ ਤਾਂ ਇਹਨਾਂ ਨੇ ਤਕਨੀਕੀ ਬਹਾਨੇ ਬਣਾ ਕੇ ਇਸ ਦਾ ਵਿਰੋਧ ਕੀਤਾ। ਢਿੱਲੋਂ ਨੇ ਕਿਹਾ ਕਿ ਹੱਦਬੰਦੀ ਇੱਕ ਸੰਵਿਧਾਨਿਕ ਜ਼ਿੰਮੇਵਾਰੀ ਹੈ ਜੋ “ਇੱਕ ਵਿਅਕਤੀ, ਇੱਕ ਵੋਟ,ਇੱਕ ਮੁੱਲ” ਦੇ ਸਿਧਾਂਤ ਨੂੰ ਮਜ਼ਬੂਤ ਕਰਦੀ ਹੈ।

                                                                 ਉਹਨਾਂ ਕਿਹਾ ਕਿ ਦੱਖਣੀ ਭਾਰਤ ਦੇ ਰਾਜਾਂ ਨੂੰ ਡਰਾ ਕੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਹੱਦਬੰਦੀ ਤੋਂ ਬਾਅਦ ਦੱਖਣੀ ਭਾਰਤ ਦੀ ਨੁਮਾਇੰਦਗੀ ਸੁਰੱਖਿਅਤ ਰਹੇਗੀ ਸਗੋਂ ਹੋਰ ਵਧੇਗੀ । ਢਿੱਲੋਂ ਨੇ ਸਮਾਜਵਾਦੀ ਪਾਰਟੀ ਨੂੰ ਕਰਾਰੇ ਹੱਥੀਂ ਲੈਂਦੇ ਹੋਏ ਕਿਹਾ ਕਿ ਸਮਾਜਵਾਦੀ ਪਾਰਟੀ ਵਰਗੀਆਂ ਪਾਰਟੀਆਂ ਔਰਤਾਂ ਦੇ ਰਾਖਵੇਂਕਰਨ ਵਿੱਚ ਧਰਮ ਦੇ ਆਧਾਰ ‘ਤੇ ਕੋਟੇ ਦੀ ਮੰਗ ਕਰ ਰਹੀਆਂ ਹਨ ਜੋ ਕਿ ਪੂਰੀ ਤਰ੍ਹਾਂ ਗ਼ੈਰ ਸੰਵਿਧਾਨਕ ਹੈ। ਉਹਨਾਂ ਕਿਹਾ ਕਿ ਇਹ ਸਿਰਫ਼ ਵੋਟ ਬੈਂਕ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਲਈ ਔਰਤਾਂ ਦੇ ਹੱਕਾਂ ਨੂੰ ਲਟਕਾਉਣ ਦੀ ਇੱਕ ਸਾਜਿਸ਼ ਹੈ ਅਤੇ ਦੇਸ਼ ਦੀ ਨਾਰੀ ਸ਼ਕਤੀ ਇਹਨਾਂ ਪਾਰਟੀਆਂ ਨੂੰ ਇਸ ਸਾਜ਼ਿਸ਼ ਦਾ ਜਵਾਬ ਦੇਣ ਲਈ ਤਿਆਰ ਬੈਠੀ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਨਾਰੀ ਸਸ਼ਕਤੀਕਰਨ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਅੱਜ ਦੀ ਜਾਗਰੂਕ ਨਾਰੀ ਸਭ ਕੁਝ ਸਮਝਦੀ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਇਹਨਾਂ ਅਹੰਕਾਰੀ ਅਤੇ ਮਹਿਲਾ ਵਿਰੋਧੀ ਤਾਕਤਾਂ ਨੂੰ ਕਰਾਰਾ ਜਵਾਬ ਦੇਵੇਗੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਨਰਿੰਦਰ ਗਰਗ ਨੀਟਾ, ਧਰਮ ਸਿੰਘ ਫੌਜੀ, ਹਰਬਖਸ਼ੀਸ਼ ਸਿੰਘ ਗੋਨੀ, ਜਸਵੀਰ ਸਿੰਘ ਗੱਖੀ ਸੋਮਨਾਥ, ਸਾਬਕਾ ਚੇਅਰਮੈਨ ਅਸ਼ੋਕ ਕੁਮਾਰ, ਜੱਗਾ ਸਿੰਘ ਮਾਨ, ਗੁਰਜਿੰਦਰ ਸਿੰਘ ਪੱਪੀ ਸੰਧੂ, ਰਜਿੰਦਰ ਉਪਲ, ਪਰਮਜੀਤ ਕੌਰ ਚੀਮਾ, ਜਥੇਦਾਰ ਮੱਖਣ ਸਿੰਘ ਧਨੌਲਾ, ਬਲਜਿੰਦਰ ਸਿੰਘ ਟੀਟੂ, ਹੈਪੀ ਢਿੱਲੋਂ, ਦੀਪ ਸੰਘੇੜਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਵੀ ਹਾਜ਼ਰ ਸਨ।

Gee98 Ads
error: Content is protected !!