Gee 98News

ਬਰਨਾਲਾ ,25 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

-ਇੱਕ ਪਾਸੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਲੋਕਾਂ ਨੂੰ ਸੂਬੇ ਦੇ ਸਰਕਾਰੀ ਸਕੂਲਾਂ ਪ੍ਰਤੀ ਪ੍ਰੇਰਿਤ ਕਰਨ ਲਈ ਪੂਰਾ ਜ਼ੋਰ ਲੱਗਿਆ ਹੋਇਆ ਹੈ ਪ੍ਰੰਤੂ ਦੂਜੇ ਪਾਸੇ ਕੁਝ ਸਕੂਲਾਂ ਦੇ ਅਧਿਆਪਕ ਸਰਕਾਰੀ ਸਕੂਲਾਂ ‘ਚ ਬੱਚੇ ਦਾਖ਼ਲ ਕਰਨ ਤੋਂ ਆਨਾਕਾਨੀ ਕਰ ਰਹੇ ਹਨ। ‌ ਅਜਿਹਾ ਇੱਕ ਮਾਮਲਾ ਬਰਨਾਲਾ ਦੇ ਕੱਚਾ ਕਾਲਜ ਰੋਡ ਗਲੀ ਨੰਬਰ 4 ਵਿੱਚ ਸਥਿਤ ਜਵਾਹਰ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨਾਲ ਸੰਬੰਧਿਤ ਸਾਹਮਣੇ ਆਇਆ ਹੈ ਜਿੱਥੇ ਅਧਿਆਪਕਾਂ ਨੇ ਇੱਕ ਬੱਚੇ ਨੂੰ ਪੰਜਵੀਂ ਕਲਾਸ ਵਿੱਚ ਦਾਖਲ ਕਰਨ ਤੋਂ ਮਨ੍ਹਾਂ ਕਰ ਦਿੱਤਾ, ਜਿਸ ਤੋਂ ਬਾਅਦ ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜੀ ਅਤੇ ਹੁਣ ਉਕਤ ਸਕੂਲ ਦੇ ਮੁੱਖ ਅਧਿਆਪਕ ਪਰਮਿੰਦਰ ਸਿੰਘ ਬਾਜਵਾ ਅਤੇ ਕਲਾਸ ਇੰਚਾਰਜ ਮਹਿਲਾ ਅਧਿਆਪਕ ਜ਼ਿਲਾ ਸਿੱਖਿਆ ਅਫ਼ਸਰ ਦੀ ਪੜ੍ਹਤਾਲ ਦੇ ਘੇਰੇ ਵਿੱਚ ਫਸ ਚੁੱਕੇ ਹਨ। ‌ ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਨਾਨਕਸਰ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਜਵਾਹਰ ਬਸਤੀ ਦੇ ਪ੍ਰਾਈਮਰੀ ਸਕੂਲ ਵਿੱਚ ਪੰਜਵੀਂ ਕਲਾਸ ਵਿੱਚ ਦਾਖਲ ਕਰਵਾਉਣ ਗਿਆ ਸੀ। ‌ ਉਸਨੇ ਕਿਹਾ ਕਿ ਉਸ ਦਾ ਬੱਚਾ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ ਪ੍ਰੰਤੂ ਉਹ ਪ੍ਰਾਈਵੇਟ ਸਕੂਲਾਂ ਦੇ ਖਰਚੇ ਚੁੱਕਣ ਤੋਂ ਅਸਮਰੱਥ ਹੋ ਗਿਆ ਜਿਸ ਤੋਂ ਬਾਅਦ ਉਸ ਨੇ ਆਪਣਾ ਬੱਚਾ ਸਰਕਾਰੀ ਸਕੂਲ ਵਿੱਚ ਪੜਾਉਣਾ ਚਾਹਿਆ। ‌ ਉਸਨੇ ਦੱਸਿਆ ਕਿ ਜਦ ਉਹ ਜਵਾਹਰ ਬਸਤੀ ਦੇ ਉਕਤ ਸਕੂਲ ਵਿੱਚ ਗਿਆ ਤੇ ਮੁੱਖ ਅਧਿਆਪਕ ਨੂੰ ਮਿਲ ਕੇ ਆਪਣਾ ਬੱਚਾ ਪੰਜਵੀਂ ਕਲਾਸ ਵਿੱਚ ਦਾਖਲ ਕਰਵਾਉਣ ਸਬੰਧੀ ਗੱਲ ਕੀਤੀ ਤਾਂ ਪਹਿਲਾਂ ਮੁੱਖ ਅਧਿਆਪਕ ਨੇ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ “ਛੱਡੋ ਜੀ ਇਹ ਤਾਂ ਸਕੂਲ ਬਹੁਤ ਛੋਟਾ ਹੈ,ਇਸ ਦੇ ਕਮਰੇ ਘਰਾਂ ਦੇ ਵਾਂਗ ਛੋਟੇ ਹਨ, ਤੁਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ ਹੀ ਪੜ੍ਹਾ ਲਵੋ। ਜਦ ਸ਼ਿਕਾਇਤ ਕਰਤਾ ਨੇ ਮੁੱਖ ਅਧਿਆਪਕ ਨੂੰ ਕਿਹਾ ਕਿ ਉਸ ਨੇ ਆਪਣਾ ਬੱਚਾ ਸਰਕਾਰੀ ਸਕੂਲ ਵਿੱਚ ਹੀ ਪੜਾਉਣਾ ਹੈ ਅਤੇ ਉਸਨੂੰ ਸਿੱਖਿਆ ਬੋਰਡ ਦੀਆਂ ਹੀ ਕਿਤਾਬਾਂ ਚਾਹੀਦੀਆਂ ਹਨ ਤਾਂ ਮੁੱਖ ਅਧਿਆਪਕ ਨੇ ਕਿਹਾ ਕਿ “ਕਿਤਾਬਾਂ ਦਾ ਤੁਹਾਨੂੰ ਨੇੜੇ ਬੁੱਕ ਡੀਪੂ ਤੋਂ ਵੀ ਮਿਲ ਜਾਣਗੀਆਂ, ਤੁਸੀਂ ਸਾਡਾ ਨਾਮ ਲੈ ਕੇ ਉਥੋਂ ਕਿਤਾਬਾਂ ਲੈ ਲਵੋ ਤੁਹਾਨੂੰ ਡਿਸਕਾਊਂਟ ਵੀ ਮਿਲ ਜਾਊਗਾ”, ਪਰੰਤੂ ਜਦੋਂ ਉਸਨੇ ਕਿਹਾ ਕਿ ਉਹ ਆਪਣਾ ਬੱਚਾ ਇਥੇ ਹੀ ਦਾਖਲ ਕਰਵਾਉਣਾ ਚਾਹੁੰਦਾ ਹੈ ਤਾਂ ਮੁੱਖ ਅਧਿਆਪਕ ਨੇ ਉਸ ਨੂੰ ਕਲਾਸ ਇੰਚਾਰਜ ਅਧਿਆਪਕਾ ਕੋਲ ਭੇਜ ਦਿੱਤਾ ਜਦ ਉਹ ਅੱਗੇ ਇੰਚਾਰਜ ਅਧਿਆਪਕਾ ਨੂੰ ਮਿਲਿਆ ਤਾਂ ਉਸ ਦਾ ਰਵੱਈਆ ਵੀ ਮੁੱਖ ਅਧਿਆਪਕ ਤੋਂ ਮਾੜਾ ਨਿਕਲਿਆ ਅਤੇ ਉਨ੍ਹਾਂ ਨੇ ਬੱਚੇ ਨੂੰ ਪੰਜਵੀਂ ਕਲਾਸ ਵਿੱਚ ਦਾਖਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।

                                                                          ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਅਤੇ ਇੰਚਾਰਜ ਅਧਿਆਪਕਾ ਦੇ ਇਸ ਰਵਈਏ ਤੋਂ ਤੰਗ ਆ ਕਿ ਗੁਰਪ੍ਰੀਤ ਸਿੰਘ ਨੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਜੋ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਰਨਾਲਾ ਕੋਲ ਪੜ੍ਹਤਾਲ ਲਈ ਪੁੱਜ ਚੁੱਕੀਆਂ ਹਨ। ‌ ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਇੰਦੂ ਸਿੰਮਕ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੜ੍ਹਤਾਲ ਲਈ ਸ੍ਰੀਮਤੀ ਸ਼ਿੰਦਰ ਕੌਰ ਸੀਐਚਟੀ ਮਹਿਲ ਕਲਾਂ ਅਤੇ ਸ੍ਰੀ ਨਿਤਿਨ ਸੋਢੀ ਸੀਐਸਟੀ ਰੂੜੇਕੇ ਕਲਾਂ ‘ਤੇ ਆਧਾਰਤ ਪੜ੍ਹਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਨਾਂ ਦੀ ਪੜ੍ਹਤਾਲ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ-ਮਾਮਲੇ ਸਬੰਧੀ ਜਾਣਕਾਰੀ ਦੇਣ ਸਮੇਂ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ

Gee98 Ads

Leave a Reply

Your email address will not be published. Required fields are marked *

error: Content is protected !!