Gee 98News

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਚੰਡੀਗੜ੍ਹ ,4 ਮਈ, Gee98 news service-

-ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ‘ਚ ਸੀਬੀਆਈ ਦੀਆਂ ਸਰਗਰਮੀਆਂ ਨੇ ਪੰਜਾਬ ਦੇ ਕੁਝ ਆਈਪੀਐਸ-ਆਈਏਐਸ ਅਫ਼ਸਰਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੀਬੀਆਈ ਨੂੰ ਇਸ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁੱਢਲੀ ਪੜ੍ਹਤਾਲ (ਐਫਆਈਆਰ ਦਰਜ ਕਰਨ ਤੋਂ ਪਹਿਲਾਂ ਦੀ ਪੜ੍ਹਤਾਲ) ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਡੀਆਈਜੀ ਭੁੱਲਰ ਦੇ ਵਿਚੋਲੇ ਕ੍ਰਿਸ਼ਨਾਨੂੰ ਸ਼ਾਰਦਾ ਨਾਲ ਸੰਪਰਕ ਵਿੱਚ ਰਹੇ ਚੋਟੀ ਦੇ ਅਧਿਕਾਰੀਆਂ ‘ਚ ਤਰਥੱਲੀ ਮੱਚੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਤਿੰਨਾਂ ਕੁ ਮਹੀਨਿਆਂ ਤੱਕ ਪੰਜਾਬ ਦੇ ਕੁਝ ਆਈਪੀਐਸ ਆਈਏਐਸ ਅਫਸਰਾਂ ਦੀ ਗ੍ਰਹਿ ਦਿਸ਼ਾ ਵਿਗੜ ਸਕਦੀ ਹੈ ਕਿਉਂਕਿ ਸੀਬੀਆਈ ਨੇ ਕਿਸੇ ਵੀ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਦੀ ਮੁੱਢਲੀ ਪੜ੍ਹਤਾਲ ਤਿੰਨ ਕੁ ਮਹੀਨਿਆਂ ਦੇ ਸਮੇਂ ‘ਚ ਪੂਰੀ ਕਰਨੀ ਹੁੰਦੀ ਹੈ। ਹੁਣ ਸੀਬੀਆਈ ਇਹ ਪੜ੍ਹਤਾਲ ਕਰੇਗੀ ਕਿਹੜੇ ਉਹ ਵੱਡੇ ਅਫਸਰ ਹਨ ਜਿਨਾਂ ਦੇ ਹੱਥ ਭ੍ਰਿਸ਼ਟਾਚਾਰ ਦੇ ਨਾਲ ਰੰਗੇ ਹੋਏ ਹਨ। ਸੀਬੀਆਈ ਨੇ ਵਿਸ਼ੇਸ਼ ਅਦਾਲਤ ਅੱਗੇ ਉਹ ਸਾਰੇ ਤੱਥ ਰੱਖ ਦਿੱਤੇ ਹਨ ਜਿਨਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਕ੍ਰਿਸ਼ਨਾਨੂੰ ਸ਼ਾਰਦਾ ਸਿਰਫ ਹਰਚਰਨ ਸਿੰਘ ਭੁੱਲਰ ਦੇ ਸੰਪਰਕ ਵਿੱਚ ਹੀ ਨਹੀਂ ਸੀ ਜਦੋਂ ਉਹ ਹੋਰ ਵੀ ਚੋਟੀ ਦੇ ਅਧਿਕਾਰੀਆਂ ਲਈ ਕੰਮ ਕਰਦਾ ਸੀ, ਜਿਹੜੇ ਭ੍ਰਿਸ਼ਟਾਚਾਰ ਦੀ ਖੇਡ ਖੇਡ ਰਹੇ ਹਨ ਅਤੇ ਕ੍ਰਿਸ਼ਨਾਨੂੰ ਸ਼ਾਰਦਾ ਭ੍ਰਿਸ਼ਟਾਚਾਰ ਦੀ ਇਸ ਵੱਡੀ ਖੇਡ ਵਿੱਚ ਕੁਝ ਚੋਟੀ ਦੇ ਅਧਿਕਾਰੀਆਂ ਦਾ ਮੋਹਰਾ ਬਣਿਆ ਹੋਇਆ ਸੀ। ਸੂਤਰਾਂ ਅਨੁਸਾਰ ਪੰਜਾਬ ਦੇ ਚੋਟੀ ਦੇ 20 ਕੁ ਅਧਿਕਾਰੀ ਸੀਬੀਆਈ ਦੇ ਰਾਡਾਰ ‘ਤੇ ਹਨ ਜਿਨਾਂ ਬਾਰੇ ਹੁਣ ਤੱਕ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਭੁੱਲਰ ਦੇ ਵਿਚੋਲੇ ਸ਼ਾਰਦਾ ਦੇ ਸੰਪਰਕ ਵਿੱਚ ਰਹੇ ਹਨ। ‌ ਵਿਸ਼ੇਸ਼ ਅਦਾਲਤ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੀਬੀਆਈ ਹੁਣ ਇਸ ਮਾਮਲੇ ਵਿੱਚ ਅੱਗੇ ਅਗਲੇਰੀ ਪੜ੍ਹਤਾਲ ਲਈ ਕਿਸੇ ਨੂੰ ਵੀ ਸੰਮਨ ਕਰ ਸਕਦੀ ਹੈ ਅਤੇ ਪੁੱਛ ਸਕਦੀ ਹੈ ਕਿ ਅਕਸਰ ਕ੍ਰਿਸ਼ਨਾਨੂੰ ਸ਼ਾਰਦਾ ਨਾਲ ਉਹਨਾਂ ਦਾ ਅਜਿਹਾ ਕਿਹੜਾ ਰਿਸ਼ਤਾ ਸੀ ਕਿ ਉਹ ਇਹਨਾਂ ਅਫ਼ਸਰਾਂ ਦੇ ਲਗਾਤਾਰ ਸੰਪਰਕ ਵਿੱਚ ਬਣਿਆ ਹੋਇਆ ਸੀ। ਇੱਥੇ ਇਹ ਵੀ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਇਸ ਮਾਮਲੇ ‘ਚ ਸੀਬੀਆਈ ਦੀ ਪੜ੍ਹਤਾਲ ਹੋਰ ਵੀ ਵਧੇਰੇ ਧਿਆਨ ਖਿੱਚੇਗੀ।

                                                                  ਦੂਜੇ ਪਾਸੇ ਪੰਜਾਬ ‘ਚ ਜਨਗਣਨਾ ਦੇ ਅਧਿਕਾਰੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਫਰਵਰੀ 2027 ‘ਚ ਪੰਜਾਬ ‘ਚ ਜਨਗਣਨਾ ਦਾ ਦੌਰ ਚੱਲੇਗਾ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਸੰਬਰ ਵਿੱਚ ਹੋ ਸਕਦੀਆਂ ਹਨ। ਇਸ ਦੇ ਮੱਦੇਨਜ਼ਰ ਸੀਬੀਆਈ ਭੁੱਲਰ ਦੇ ਮਾਮਲੇ ਦੀ ਪੜ੍ਹਤਾਲ ਨੂੰ ਨਵੰਬਰ ਤੱਕ ਪੂਰਾ ਕਰਨਾ ਚਾਹੇਗੀ। ਇਹ ਵੀ ਚਰਚਾ ਹੈ ਕਿ ਕੇਂਦਰ ਸਰਕਾਰ ਨੇ ਸੀਬੀਆਈ ਦੇ ਜ਼ਰੀਏ ਪੰਜਾਬ ਦੇ ਚੋਟੀ ਦੇ ਕੁਝ ਅਧਿਕਾਰੀਆਂ ਨੂੰ ਗਰਦਨ ਤੋਂ ਫੜਿਆ ਹੋਇਆ ਹੈ ਜਿਹੜੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਲਈ ਕੰਮ ਕਰਨ ਲਈ ਮਜ਼ਬੂਰ ਹੋਣਗੇ। ਇਸ ਗੱਲ ‘ਤੇ ਵੀ ਧਿਆਨ ਬਣਿਆ ਰਹੇਗਾ ਕਿ ਭੁੱਲਰ ਦੇ ਮਾਮਲੇ ‘ਚ ਅਗਲੇਰੀ ਪੜ੍ਹਤਾਲ ਦੌਰਾਨ ਕੀ ਸੱਚਮੁੱਚ ਹੀ ਸੀਬੀਆਈ ਦੀ ਕਾਰਵਾਈ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇਣ ਵੱਲ ਸੇਧਤ ਹੋਵੇਗੀ ਜਾਂ ਫਿਰ ਸੀਬੀਆਈ ਇਸ ਮਾਮਲੇ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਅੱਗੇ ਵਧੇਗੀ ? ਸੂਤਰਾਂ ਅਨੁਸਾਰ ਭੁੱਲਰ ਅਤੇ ਕ੍ਰਿਸ਼ਨਾਨੂੰ ਸ਼ਾਰਦਾ ਦੇ ਰਿਮਾਂਡ ਦੌਰਾਨ ਉਨਾਂ ਦੇ ਡਿਜੀਟਲ ਡਿਵਾਈਸਾਂ ਦੀ ਪੜ੍ਹਤਾਲ ਦੌਰਾਨ ਕ੍ਰਿਸ਼ਨਾਨੂੰ ਦੇ ਪੰਜਾਬ ਦੇ ਚੋਟੀ ਦੇ ਅਧਿਕਾਰੀਆਂ ਨਾਲ ਸੰਪਰਕ ਸਾਹਮਣੇ ਆਉਣ ਤੋਂ ਬਾਅਦ ਸੀਬੀਆਈ ਨੇ ਇਹਨਾਂ ਸਾਰੇ ਡਿਜੀਟਲ ਡਿਵਾਈਸਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਹਨਾਂ ਡਿਵਾਈਸਾਂ ਦੇ ਆਧਾਰ ‘ਤੇ ਹੀ ਸੀਬੀਆਈ ਅਗਲੇਰੀ ਪੜ੍ਹਤਾਲ ਕਰੇਗੀ ਕਿ ਆਖਰ ਪੰਜਾਬ ਦੇ ਚੋਟੀ ਦੇ ਅਧਿਕਾਰੀਆਂ ਦਾ ਕ੍ਰਿਸ਼ਨਾਨੂੰ ਸ਼ਾਰਦਾ ਨਾਲ ਕੀ ਰਿਸ਼ਤਾ ਰਿਹਾ ਹੈ। ਸੂਤਰਾਂ ਅਨੁਸਾਰ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਨਾਨੂੰ ਸ਼ਾਰਦਾ ਦੇ ਇਹਨਾਂ ਡਿਜੀਟਲ ਡਿਵਾਈਸਾਂ ਵਿੱਚੋਂ ਕੁਝ ਅਜਿਹੇ ਖ਼ਤਰਨਾਕ ਤੱਥ ਸੀਬੀਆਈ ਨੂੰ ਮਿਲੇ ਜਿਨਾਂ ਦੇ ਆਧਾਰ ‘ਤੇ ਹੀ ਵਿਸ਼ੇਸ਼ ਅਦਾਲਤ ਨੇ ਸੀਬੀਆਈ ਨੂੰ ਇਸ ਮਾਮਲੇ ਦੀ ਮੁੱਢਲੀ ਪੜ੍ਹਤਾਲ ਦੀ ਇਜਾਜ਼ਤ ਦਿੱਤੀ ਹੈ।

Gee98 Ads
error: Content is protected !!