ਬਰਨਾਲਾ ,4 ਮਈ, (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਵਿੱਚ ਜੇਕਰ ਸ਼ਰਾਬ ਦੀ ਖਪਤ ਦੀ ਗੱਲ ਕੀਤੀ ਜਾਵੇ ਤਾਂ ਇਉ ਲੱਗਦੈ ਕਿ ਸਾਰਾ ਪੰਜਾਬ ਹੀ ਸ਼ਰਾਬ ‘ਚ ਡੁੱਬਿਆ ਪਿਆ। ਪੰਜਾਬ ‘ਚ ਹਰ 31 ਮਾਰਚ ਤੋਂ ਬਾਅਦ ਨਵਾਂ ‘ਆਬਕਾਰੀ ਸਾਲ’ ਸ਼ੁਰੂ ਹੁੰਦਾ ਹੈ ਤੇ ਹਰ ਸਾਲ ਸ਼ਰਾਬ ਦਾ ਕੋਟਾ ਵੱਧ ਜਾਂਦਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਸ਼ਹਿਰੀ ਖੇਤਰ ‘ਚ ਕਿਤੇ ਕਿਤੇ ਸ਼ਰਾਬ ਦਾ ਠੇਕਾ ਹੁੰਦਾ ਸੀ। ਜੇਕਰ ਪੇਂਡੂ ਖੇਤਰ ਦੀ ਗੱਲ ਕਰੀਏ ਤਾਂ ਤਿੰਨ-ਚਾਰ ਪਿੰਡਾਂ ਦੇ ਵਿਚਕਾਰ ਇੱਕ ਅਜਿਹੀ ਜਗ੍ਹਾ ‘ਤੇ ਸ਼ਰਾਬ ਦਾ ਇੱਕ ਠੇਕਾ ਹੁੰਦਾ ਸੀ ਜਿੱਥੇ ਤਿੰਨ-ਚਾਰ ਪਿੰਡਾਂ ਦੇ ਪਿਆਕੜ ਸੌਖੇ ਪੁੱਜ ਸਕਦੇ ਸਨ ਪ੍ਰੰਤੂ ਹੁਣ ਪਿੰਡ-ਪਿੰਡ ਸ਼ਰਾਬ ਦਾ ਠੇਕਾ ਖੁੱਲ੍ਹ ਚੁੱਕਿਆ ਹੈ, ਇੱਥੋਂ ਤੱਕ ਕਿ ਕਈ ਪਿੰਡਾਂ ਵਿੱਚ ਸ਼ਰਾਬ ਦੇ ਦੋ-ਦੋ ਅਤੇ ਦੋ ਤੋਂ ਵੱਧ ਠੇਕੇ ਵੀ ਖੁੱਲੇ ਹੋਏ ਹਨ। ਜੇਕਰ ਬਰਨਾਲਾ ਸ਼ਹਿਰ ਅਤੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਸਾਰਾ ਬਰਨਾਲਾ ਸ਼ਰਾਬ ਦੇ ਠੇਕਿਆਂ ਨਾਲ ਇਉਂ ਵਿੰਨਿਆ ਪਿਆ ਜਿਵੇਂ ਕੋਈ ਤੀਰ ਅੰਦਾਜ਼ ਯੁੱਧ ਦੇ ਮੈਦਾਨ ਵਿੱਚ ਆਪਣੇ ਨਿਹੱਥੇ ਦੁਸ਼ਮਣ ਨੂੰ ਤੀਰਾਂ ਨਾਲ ਵਿੰਨ੍ਹ ਦਿੰਦਾ ਹੈ। ਬਰਨਾਲਾ ਸ਼ਹਿਰ ਦੇ ਹਰ ਵੱਡੇ ਚੌਂਕ, ਹਰ ਵੱਡੇ ਰੋਡ ,ਹਰ ਮੋੜ ‘ਤੇ, ਹਰ ਛੋਟੀ ਸੜਕ ‘ਤੇ ਸ਼ਰਾਬ ਦਾ ਠੇਕਾ ਖੁੱਲਿਆ ਹੋਇਆ ਹੈ। ਜੇਕਰ ਤੁਸੀਂ ਆਪਣੀ ਗੱਡੀ ‘ਤੇ ਸਫ਼ਰ ਦੌਰਾਨ ਸ਼ਰਾਬ ਦੀ ਬੋਤਲ ਖਰੀਦਣ ਦੀ ਇੱਛਾ ਰੱਖਦੇ ਹੋ ਪ੍ਰੰਤੂ ਤੁਸੀਂ ਸ਼ਰਾਬ ਦਾ ਠੇਕਾ ਲੰਘ ਚੁੱਕੇ ਹੋ ਤਾਂ ਤੁਹਾਨੂੰ ਆਪਣੀ ਗੱਡੀ ਦਾ ਬੈਕ ਗੇਅਰ ਪਾਉਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਅੱਗੇ ਕੁਝ ਹੀ ਕਦਮਾਂ ‘ਤੇ ਸ਼ਰਾਬ ਦਾ ਦੂਜਾ ਠੇਕਾ ਖੁੱਲਿਆ ਮਿਲ ਜਾਵੇਗਾ। ਸ਼ਹਿਰ ਦੀ ਪੂਰੀ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਵੀ ਸ਼ਰਾਬ ਦੇ ਠੇਕੇ ਖੁੱਲ ਚੁੱਕੇ ਹਨ। ਸ਼ਹਿਰ ਵਿੱਚ ਧਾਰਮਿਕ ਸਥਾਨਾਂ ਅਤੇ ਵਿਦਿਅਕ ਅਦਾਰਿਆਂ ਦੇ ਨੇੜੇ ਵੀ ਸ਼ਰਾਬ ਦੇ ਠੇਕੇ ਖੁੱਲੇ ਹੋਏ ਹਨ। ਇਹ ਵੀ ਹੈਰਾਨੀਜਨਕ ਹੈ ਕਿ ਜਿਹੜੇ ਆਗੂਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ‘ਤੇ ਧਾਰਮਿਕ ਭਾਵਨਾਵਾਂ ਭੜਕ ਜਾਂਦੀਆਂ ਹਨ ਉਹਨਾਂ ਨੇ ਧਾਰਮਿਕ ਅਸਥਾਨਾਂ ਦੇ ਬਿਲਕੁਲ ਨੇੜੇ ਖੁੱਲੇ ਸ਼ਰਾਬ ਦੇ ਠੇਕਿਆਂ ਸਬੰਧੀ ਚੁੱਪੀ ਧਾਰਨ ਕੀਤੀ ਹੋਈ ਹੈ। ਜੇਕਰ ਪੰਜਾਬ ਦੀ ਵਿੱਤੀ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਫ਼ੀ ਹੱਦ ਤੱਕ ਸ਼ਰਾਬ ਤੋਂ ਹੋਣ ਵਾਲੀ ਆਮਦਨ ‘ਤੇ ਨਿਰਭਰ ਹੋ ਚੁੱਕਿਆ ਹੈ। ਜੇ ਸ਼ਰਾਬ ਤੋਂ ਹੋਣ ਵਾਲੀ ਆਮਦਨ ਨੂੰ ਪੰਜਾਬ ਦੀ ਕੁੱਲ ਆਮਦਨ ਵਿੱਚੋਂ ਮਨਫੀ ਕਰ ਦਿੱਤਾ ਜਾਵੇ ਤਾਂ ਸਰਕਾਰ ਦੋ ਦਿਨਾਂ ਵਿੱਚ ਹੱਥ ਖੜੇ ਕਰ ਦੇਵੇਗੀ। ਦੂਜੇ ਸ਼ਬਦਾਂ ਵਿੱਚ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਤਾਂ ਚੱਲ ਹੀ ਸ਼ਰਾਬ ‘ਤੇ ਰਹੀ ਹੈ ਕਿਉਂਕਿ ਪੰਜਾਬ ਦੇ ਦੋ ਵੱਡੇ ਅਦਾਰੇ ਪੀਆਰਪੀਸੀ ਅਤੇ ਪਾਵਰਕਾਮ ਦੀ ਤਾਂ ਸਬਸਿਡੀਆਂ ਦੇ ਬੋਝ ਨੇ ਜਾਨ ਕੱਢ ਦਿੱਤੀ ਹੈ। ਕਿਸੇ ਵੇਲੇ ਇਹ ਦੋਵੇਂ ਅਦਾਰੇ ਪੰਜਾਬ ਦੇ ਖਜ਼ਾਨੇ ਦੀ ਸ਼ਾਨ ਹੁੰਦੇ ਸਨ ਪ੍ਰੰਤੂ ਹੁਣ ਇਹ ਦੋਵੇਂ ਅਦਾਰੇ ਆਖਰੀ ਸਾਹ ਭਰ ਰਹੇ ਹਨ। ਅਜਿਹੇ ਹਾਲਾਤਾਂ ‘ਚ ਪੰਜਾਬ ਸਰਕਾਰ ਕੋਲ ਇੱਕੋ ਇੱਕ ਆਬਕਾਰੀ ਮਹਿਕਮਾ ਹੀ ਹੈ ਜਿਸ ਨੇ ਸਰਕਾਰ ਨੂੰ ਵਿੱਤੀ ਆਕਸੀਜਨ ਦਿੱਤੀ ਹੋਈ ਹੈ ਸ਼ਾਇਦ ਇਸੇ ਕਰਕੇ ਸਰਕਾਰ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ ਕਿ ਜਿੱਥੇ ਜੀਅ ਕਰਦਾ ਖੋਖਾ ਰੱਖ ਕੇ ਵਿੱਚ ਸ਼ਰਾਬ ਦੀਆਂ ਬੋਤਲਾਂ ਚਿਣ ਦੇਵੋ। ਇਹ ਤਾਂ ਸਪੱਸ਼ਟ ਹੈ ਕਿ ਸਰਕਾਰਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀਆਂ ਪਰੰਤੂ ਸ਼ਰਾਬ ਇੱਕ ਅਜਿਹਾ ਨਸ਼ਾ ਬਣ ਚੁੱਕਿਆ ਹੈ ਜਿਹੜਾ ਭੁੱਕੀ ਅਤੇ ਅਫੀਮ ਦੇ ਨਸ਼ੇ ਤੋਂ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ। ਸ਼ਰਾਬ ਦੀ ਆਦਤ ਦੇ ਕਾਰਨ ਪਤੀ ਪਤਨੀ ਦੇ ਘਰੇਲੂ ਝਗੜਿਆਂ ‘ਚ ਵਾਧਾ ਹੋ ਰਿਹਾ ਅਤੇ ਕਈ ਘਰ ਟੁੱਟ ਵੀ ਰਹੇ ਹਨ। ਜਿੱਥੇ ਇੱਕ ਪਾਸੇ ਲੋਕਾਂ ਦੇ ਹੋਰ ਛੋਟੇ ਵੱਡੇ ਕਾਰੋਬਾਰ ਮੰਦੇ ਦੀ ਮਾਰ ਹੇਠ ਆ ਕੇ ਪਿੱਟ ਰਹੇ ਹਨ ਉੱਥੇ ਸ਼ਰਾਬ ਇੱਕ ਅਜਿਹਾ ਕਾਰੋਬਾਰ ਬਣ ਚੁੱਕਿਆ ਹੈ ਜੋ ਲਗਾਤਾਰ ਵੱਧ ਫੁੱਲ ਰਿਹਾ ਹੈ ਕਿਉਂਕਿ ਇਸ ਕਾਰੋਬਾਰ ‘ਤੇ ਸਰਕਾਰਾਂ ਵੀ ਮਿਹਰਬਾਨ ਹਨ।









