Gee 98News

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

ਬਰਨਾਲਾ,13 ਮਈ (ਨਿਰਮਲ ਸਿੰਘ ਪੰਡੋਰੀ)-

-ਨਗਰ ਸੁਧਾਰ ਟਰੱਸਟ ਬਰਨਾਲਾ ਦੀ 25 ਏਕੜ ਸਕੀਮ ਵਾਲੀ ਜਗ੍ਹਾ ਵਿੱਚੋਂ ਸੈਂਕੜੇ ਦਰੱਖ਼ਤ ਗ਼ੈਰ ਕਾਨੂੰਨੀ ਤਰੀਕੇ ਨਾਲ ਪੁੱਟੇ ਜਾਣ ਦੇ ਜ਼ਿੰਮੇਵਾਰ ਅਧਿਕਾਰੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਦੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗਠਿਤ ਕੀਤੀ ਉਚ ਅਧਿਕਾਰੀਆਂ ਦੀ ਜਾਂਚ ਕਮੇਟੀ ਨੇ ਪਿਛਲੇ ਦਿਨੀ 25 ਏਕੜ ਸਕੀਮ ਦੀ ਸਬੰਧਤ ਜਗ੍ਹਾ ਦਾ ਦੌਰਾ ਕਰਕੇ ਪੁੱਟੇ ਗਏ ਦਰੱਖ਼ਤਾਂ ਸਬੰਧੀ ਮੁਆਇਨਾ ਕੀਤਾ ਸੀ ਜਿਸ ਸਬੰਧੀ ਜਾਂਚ ਟੀਮ ਨੇ ਆਪਣੀ ਇੱਕ ਲੰਮੀ ਰਿਪੋਰਟ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਸੌਂਪ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਹਿਯੋਗੀਆਂ ਖਿਲਾਫ਼ FIR ਦਰਜ ਕਰਨ, ਜੁਰਮਾਨਾ ਵਸੂਲਣ, ਜ਼ਿਲਾ ਪੱਧਰੀ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ, ਪੁੱਟੇ ਗਏ ਰੁੱਖਾਂ ਬਦਲੇ 5 ਗੁਣਾ ਰੁੱਖ ਵਿਸ਼ੇਸ਼ ਜ਼ਮੀਨ ’ਤੇ ਲਗਾਉਣ, ਬਾਕੀ ਖੜੇ ਰੁੱਖਾਂ ’ਤੇ ਨੰਬਰ ਲਗਾਉਣ ਸਬੰਧੀ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਜਾਂਚ ਟੀਮ ਨੇ NGT ਨੂੰ ਭੇਜੀ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਰੁੱਖ ਪੁੱਟਣ ਲਈ ਕੋਈ ਮਨਜ਼ੂਰੀ ਨਹੀਂ ਲਈ ਗਈ।‌ ਇਸ ਤੋਂ ਇਲਾਵਾ ਨਜ਼ਦੀਕ ਰਹਿੰਦੇ ਝੁੱਗੀ ਝੌਂਪੜੀ ਵਾਲਿਆਂ ਨੇ 200 ਰੁੱਖ ਨਗਰ ਸੁਧਾਰ ਟਰੱਸਟ ਵਲੋਂ ਪੁੱਟਣ ਸੰਬੰਧੀ ਦੱਸਿਆ ਹੈ। ਕੱਟੇ ਗਏ ਰੁੱਖਾਂ ਦੀਆਂ ਟਾਹਣੀਆਂ ਅਤੇ ਪੱਤੇ ਤੇ ਮਲਬਾ ਖ਼ਤਮ ਕਰ ਦਿੱਤਾ ਗਿਆ। ਜਾਂਚ ਟੀਮ ਨੇ ਰਿਪੋਰਟ ਵਿੱਚ ਲਿਖਿਆ ਕਿ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਤੇ ਚੇਅਰਮੈਨ ਤੋਂ ਦਰੱਖ਼ਤਾਂ ਦੀ ਕਟਾਈ ਤੇ ਜੇ.ਸੀ.ਬੀ. ਮਸ਼ੀਨ ਚਲਾਉਣ ਦੀ ਮਨਜ਼ੂਰੀ ਲਈ ਪੁੱਛਿਆ ਗਿਆ ਤਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਅਤੇ ਮਾਨਯੋਗ ਹਾਈਕੋਰਟ ਦੇ 24 ਦਸੰਬਰ 2025 ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ। ਟੀਮ ਨੇ ਲਿਖਿਆ ਕਿ ਨਗਰ ਸੁਧਾਰ ਟਰੱਸਟ ਰੁੱਖਾਂ ਦੀ ਰੱਖਿਆ ਕਰਨ ਵਿਚ ਅਸਫ਼ਲ ਹੀ ਨਹੀਂ ਰਹਿਆ ਸਗੋਂ ਰੁੱਖਾਂ ਦੀ ਤਬਾਹੀ ਤੇ ਲੱਕੜ ਦੀ ਦੁਰਵਰਤੋਂ ਕੀਤੀ ਗਈ ਹੈ।

Gee98 Ads

30 ਅਪ੍ਰੈਲ ਨੂੰ ਕੀਤੇ ਗਏ ਇੱਕ ਸਾਈਟ ਨਿਰੀਖਣ ਦੌਰਾਨ, ਕਮੇਟੀ ਨੇ ਪਾਇਆ ਕਿ ਜ਼ਮੀਨ ਦੀ ਖੁਦਾਈ ਉਸਾਰੀ ਨਾਲ ਸਬੰਧਤ ਗਤੀਵਿਧੀਆਂ ਲਈ ਕੀਤੀ ਗਈ ਸੀ ਅਤੇ ਪੱਧਰੀ ਕੀਤੀ ਗਈ ਸੀ। ਸਾਈਟ ‘ਤੇ ਖੁਦਾਈ ਕੀਤੀ ਗਈ ਮਿੱਟੀ ਦੇ ਵੱਡੇ ਢੇਰ ਅਤੇ ਤਾਜ਼ੀ ਸੁੱਟੀ ਗਈ ਮਿੱਟੀ ਦੇਖੇ ਗਏ। ਪੈਨਲ ਨੇ ਨੋਟ ਕੀਤਾ ਕਿ ਸੁਧਾਰ ਟਰੱਸਟ ਰੁੱਖਾਂ ਦੀ ਕਟਾਈ ਨੂੰ ਅਧਿਕਾਰਤ ਕਰਨ ਵਾਲੀ ਕੋਈ ਵੀ ਇਜਾਜ਼ਤ, ਰੁੱਖਾਂ ਦੀ ਗਿਣਤੀ ਰਿਕਾਰਡ ਜਾਂ ਅਧਿਕਾਰਤ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਿਹਾ। ਜਿਸ ਕਰਕੇ ਐਸ.ਐਸ.ਪੀ. ਬਰਨਾਲਾ ਨੂੰ ਨਗਰ ਸੁਧਾਰ ਟਰੱਸਟ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਹਿਯੋਗੀਆਂ ਖਿਲਾਫ਼ ਐਫ.ਆਈ.ਆਰ ਦਰਜ ਕਰਨ ਦਾ ਆਦੇਸ਼ ਦੇਣ, ਟਰੱਸਟ ਦੇ ਜ਼ਿੰਮੇਵਾਰ ਜ਼ਿਲਾ ਪੱਧਰੀ ਅਧਿਕਾਰੀਆਂ ਅਤੇ ਸਹਿਯੋਗੀਆਂ ਵਿਰੁੱਧ ਪੰਜਾਬ ਸਿਵਲ ਨਿਯਮਾਂ ਤਹਿਤ ਅਨੁਸ਼ਾਸਨੀ ਕਾਰਵਾਈ ਕਰਨ ਸਮੇਤ ਜੁਰਮਾਨਾ ਲਗਾਉਣ, ਪੁੱਟੇ ਗਏ ਹਰੇ ਭਰੇ ਰੁੱਖਾਂ ਬਦਲੇ ਪੰਜ ਗੁਣਾ 5 ਫੁੱਟ ਉਚਾਈ ਦੇ ਵਧੀਆਂ ਕਿਸਮਾਂ ਦੇ ਬੂਟੇ ਵਿਸ਼ੇਸ਼ ਜ਼ਮੀਨ ਵਿਚ ਲਗਾ ਕੇ ਪੰਜ ਸਾਲ ਤੱਕ ਸੰਭਾਲ ਕਰਨ ਦੀ ਜ਼ਿੰਮੇਵਾਰੀ ਤੈਅ ਕਰਨ, 25 ਏਕੜ ਵਾਲੀ ਜਗਾ ਵਿਚ ਖੜੇ ਬਾਕੀ ਰੁੱਖਾਂ ‘ਤੇ ਨੰਬਰ ਲਗਾ ਕੇ ਵਿਸ਼ੇਸ਼ ਰਿਕਾਰਡ ਤਿਆਰ ਕਰਕੇ ਰੁੱਖਾਂ ਦੀ ਰੱਖਿਆ ਕਰਨ ਦੇ ਆਦੇਸ਼ ਦੇਣ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਸਿਫ਼ਾਰਸ਼ ਕੀਤੀ ਗਈ ਹੈ। ਪੈਨਲ ਨੇ ਸਿਫਾਰਸ਼ ਕੀਤੀ ਕਿ NGT ਸੀਨੀਅਰ ਸੁਪਰਡੈਂਟ ਆਫ਼ ਪੁਲਿਸ (SSP), ਬਰਨਾਲਾ ਨੂੰ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਭਾਰਤੀ ਦੰਡ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦੇਵੇ, ਜਿਸ ਵਿੱਚ ਜਨਤਕ ਜਾਇਦਾਦ ਦੀ ਚੋਰੀ ਅਤੇ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਨਾਲ ਸਬੰਧਤ ਅਪਰਾਧ ਸ਼ਾਮਲ ਹਨ। ਹੁਣ ਵੇਖਣਾ ਹੈ ਕਿ ਪਟੀਸ਼ਨ ਦੀ ਸੁਣਵਾਈ ਕਰ ਰਹੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਬੈਂਚ ਵੱਲੋਂ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ ‘ਤੇ ਜ਼ਿਲ੍ਹੇ ਦੇ SSP ਨੂੰ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਕਦੋਂ ਹੁਕਮ ਜਾਰੀ ਕੀਤੇ ਜਾਂਦੇ ਹਨ।

error: Content is protected !!