ਚੰਡੀਗੜ੍ਹ,14 ਮਈ, Gee98 News service-
ਕੇਂਦਰੀ ਜਾਂਚ ਏਜੰਸੀ CBI ਵੱਲੋਂ ਪੰਜਾਬ ਰਾਜ ਵਿਜੀਲੈਂਸ ਬਿਊਰੋ ਦੇ ਦਫ਼ਤਰ ‘ਤੇ ਪਈ ਰੇਡ ਸਬੰਧੀ ਅਹਿਮ ਖੁਲਾਸੇ ਸਾਹਮਣੇ ਆ ਰਹੇ ਹਨ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਜਿਸ ਕੇਸ ਦੇ ਨਿਪਟਾਰੇ ਸਬੰਧੀ ਰਿਸ਼ਵਤ ਮੰਗਣ ਦਾ ਦੋਸ਼ ਹੈ ਉਸ ਕੇਸ ਨਾਲ ਸੰਬੰਧਿਤ ਕੋਈ ਸ਼ਿਕਾਇਤ ਵਿਜੀਲੈਂਸ ਦੇ ਰਿਕਾਰਡ ਵਿੱਚ ਦਰਜ ਹੀ ਨਹੀਂ ਮਿਲੀ ਹੈ। ਦੂਜੇ ਪਾਸੇ ਵਿਜੀਲੈਂਸ ਨੇ ਵਿਚੋਲਗਿਰੀ ਕਰਨ ਵਾਲੇ ਬਾਪ-ਬੇਟੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਦੇ ਸੁਰੱਖਿਆ ਕਰਮਚਾਰੀਆਂ ਨੂੰ 15 ਮਈ ਨੂੰ ਨੋਟਿਸ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਦੇ ਦਫ਼ਤਰ ‘ਤੇ ਰੇਡ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਪਿਤਾ-ਪੁੱਤਰ ਵਿਕਾਸ ਅਤੇ ਰਾਘਵ ਗੋਇਲ ਰਿਮਾਂਡ ‘ਤੇ ਹਨ, ਜਦ ਕਿ ਵਿਜੀਲੈਂਸ ਦੇ ਚੀਫ਼ ਦਾ ਰੀਡਰ ਅਜੇ ਫਰਾਰ ਹੈ। ਸੂਤਰਾਂ ਅਨੁਸਾਰ ਫੜੇ ਗਏ ਦੋਸ਼ੀਆਂ ਦੀ ਵਟਸਐਪ ਚੈਟ ਤੋਂ ਕਿਸੇ ਵੱਡੇ ਸਾਹਿਬ ਦਾ ਜ਼ਿਕਰ ਸਾਹਮਣੇ ਆ ਰਿਹਾ ਹੈ, ਹੁਣ ਸੀਬੀਆਈ ਇਸ ਮਾਮਲੇ ਦੀ ਪੜ੍ਹਤਾਲ ਕਰ ਰਹੀ ਹੈ ਕਿ ਉਹ ਵੱਡਾ ਸਾਹਿਬ ਕੋਈ ਰਾਜਨੀਤਿਕ ਨੇਤਾ ਹੈ ਜਾਂ ਫਿਰ ਕੋਈ ਅਫ਼ਸਰ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਫੜੇ ਗਏ ਦੋਵੇਂ ਵਿਚੋਲੇ ਚੰਗੀ ਰਾਜਨੀਤਿਕ ਪਹੁੰਚ ਵਾਲੇ ਹਨ ਜੋ ਮੋਹਾਲੀ ਦੇ ਇੱਕ ਗੈਸਟ ਹਾਊਸ ਵਿੱਚ ਰੁਕੇ ਹੋਏ ਸਨ ਜਿਸ ਦੀ ਬੁਕਿੰਗ ਵੀ ਕਿਸੇ ਸਿਆਸੀ ਲੀਡਰ ਨੇ ਕਰਵਾਈ ਸੀ। ਸੀਬੀਆਈ ਨੇ ਇਹ ਰਿਕਾਰਡ ਵੀ ਆਪਣੀ ਕਬਜ਼ੇ ਵਿੱਚ ਲਿਆ ਹੈ। ਸੀਬੀਆਈ ਵੱਲੋਂ ਕਾਬੂ ਕੀਤੇ ਦੋਵੇਂ ਦੋਸ਼ੀ ਰਾਘਵ ਗੋਇਲ ਅਤੇ ਵਿਕਾਸ ਗੋਇਲ ਨਹਿਰੀ ਵਿਭਾਗ ਦੇ ਠੇਕੇਦਾਰ ਹਨ। ਉਹ ਅਫ਼ਸਰਾਂ ਨਾਲ ਦੋਸਤੀ ਵੀ ਧਰਮ ਦੀ ਆੜ ਵਿੱਚ ਕਰਦੇ ਸਨ, ਜਦੋਂ ਉਹ ਕਿਸੇ ਅਫ਼ਸਰ ਨੂੰ ਮਿਲਣ ਜਾਂਦੇ ਸਨ ਤਾਂ ਆਪਣੇ ਆਪ ਨੂੰ ਬਾਲਾਜੀ ਸਾਲਾਸਰ ਦੇ ਸ਼ਰਧਾਲੂ ਦੱਸਦੇ ਸਨ ਅਤੇ ਉਹ ਅਫ਼ਸਰਾਂ ਨੂੰ ਪ੍ਰਸਾਦ ਅਤੇ ਝੰਡਾ ਵੀ ਦਿੰਦੇ ਸਨ। ਇਸ ਤਰ੍ਹਾਂ ਉਹ ਅਫ਼ਸਰਾਂ ਨਾਲ ਆਪਣੀ ਨੇੜਤਾ ਬਣਾ ਲੈਂਦੇ ਸਨ ਅਤੇ ਉਸ ਤੋਂ ਬਾਅਦ ਉਹ ਆਪਣਾ ਗੋਰਖ ਧੰਦਾ ਸ਼ੁਰੂ ਕਰਦੇ ਸਨ।
ਸੀਬੀਆਈ ਨੇ ਇਸ ਮਾਮਲੇ ਵਿੱਚ ਬੁੱਧਵਾਰ ਨੂੰ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਵੀ ਕੁਝ ਥਾਵਾਂ ‘ਤੇ ਛਾਪਾਮਾਰੀ ਕੀਤੀ। ਸੂਤਰਾਂ ਅਨੁਸਾਰ ਸੀਬੀਆਈ ਦੀ ਕੋਸ਼ਿਸ਼ ਹੈ ਕਿ ਇਹ ਕੇਸ ਅਦਾਲਤ ਵਿੱਚ ਪੂਰੀ ਮਜ਼ਬੂਤੀ ਨਾਲ ਰੱਖਿਆ ਜਾਵੇ। ਦੱਸ ਦੇਈਏ ਕਿ ਸੀਬੀਆਈ ਨੇ ਇਹ ਮਾਮਲਾ ਪੰਜਾਬ ਦੇ ਇੱਕ ਸਟੇਟ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਸੀ। ਅਧਿਕਾਰੀ ਦਾ ਦੋਸ਼ ਸੀ ਕਿ ਦੋਸ਼ੀ ਵਿਕਾਸ ਗੋਇਲ ਅਤੇ ਉਸਦੇ ਬੇਟੇ ਰਾਘਵ ਗੋਇਲ ਨੇ ਵਿਜੀਲੈਂਸ ਦੇ ਦਫ਼ਤਰ ਉਸ ਦੇ ਖ਼ਿਲਾਫ਼ ਦਰਜ ਇੱਕ ਸ਼ਿਕਾਇਤ ਨੂੰ ਬੰਦ ਕਰਵਾਉਣ ਬਦਲੇ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਪ੍ਰੰਤੂ ਬਾਅਦ ਵਿੱਚ ਇਹ ਸੌਦਾ 13 ਲੱਖ ਵਿੱਚ ਤੈਅ ਹੋਇਆ ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੇ ਚੀਫ਼ ਦੇ ਰੀਡਰ ਓਪੀ ਰਾਣਾ ਨੂੰ ਇੱਕ ਸੈਮਸੰਗ ਗਲੈਕਸੀ ਜੈਡ ਫੋਲਡ 7 ਮੋਬਾਈਲ ਦੇਣ ਦੀ ਗੱਲ ਵੀ ਹੋਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਬਕਾਇਦਾ ਮਾਮਲਾ ਦਰਜ ਕਰਕੇ ਸੀਬੀਆਈ ਨੇ 11 ਮਈ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਜਾਲ ਵਿਛਾਇਆ ਜਿਸ ਤੋਂ ਬਾਅਦ ਚੰਡੀਗੜ੍ਹ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਜਿੱਥੇ ਇਸ ਮਾਮਲੇ ਨਾਲ ਸੰਬੰਧਿਤ ਵਿਚੋਲੇ ਅਤੇ ਹੋਰ ਲੋਕ ਇਕੱਠੇ ਹੋਏ। ਇਸ ਤਰ੍ਹਾਂ ਸੀਬੀਆਈ ਦੀ ਟੀਮ ਨੇ ਰੇਡ ਕੀਤੀ ਅਤੇ ਦੋਸ਼ੀਆਂ ਨੂੰ 13 ਲੱਖ ਰੁਪਏ ਦੀ ਨਗਦੀ ਤੇ ਮੋਬਾਇਲ ਫੋਨ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਪ੍ਰੰਤੂ ਇਸ ਦੌਰਾਨ ਦੋਸ਼ੀਆਂ ਦੇ ਸੁਰੱਖਿਆ ਕਰਮਚਾਰੀਆਂ ਨੇ ਇਸ਼ਾਰਾ ਕੀਤਾ ਤਾਂ ਇਹ ਉਥੋਂ ਭੱਜ ਨਿਕਲੇ ਜਿਸ ਤੋਂ ਬਾਅਦ ਸੀਬੀਆਈ ਨੇ ਪਿੱਛਾ ਕਰਕੇ ਰਾਘਵ ਗੋਇਲ ਤੇ ਵਿਕਾਸ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਪ੍ਰੰਤੂ ਵਿਜੀਲੈਂਸ ਬਿਊਰੋ ਦੇ ਚੀਫ਼ ਦਾ ਰੀਡਰ ਫਰਾਰ ਹੋਣ ਵਿੱਚ ਸਫਲ ਰਿਹਾ।






