Skip to main content

Gee 98News

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

ਚੰਡੀਗੜ੍ਹ,14 ਮਈ, Gee98 News service-

ਪੰਜਾਬ ‘ਚ 15 ਜੂਨ ਤੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਐਲਾਨ ਹੋ ਗਿਆ ਹੈ। SIR ਤਹਿਤ ਬੂਥ ਲੈਵਲ ਅਧਿਕਾਰੀ (BLO) ਘਰ ਘਰ ਜਾ ਕੇ ਵੋਟਰ ਸੂਚੀਆਂ ਦੀ ਸੁਧਾਈ ਕਰਨਗੇ। ਇਸ ਦੌਰਾਨ 18 ਸਾਲ ਤੋਂ ਵੱਧ ਉਮਰ ਦੇ ਨਵੇਂ ਵੋਟਰਾਂ ਦਾ ਨਾਮ ਦਰਜ ਕੀਤਾ ਜਾਵੇਗਾ, ਜਦਕਿ ਮ੍ਰਿਤਕ ਵੋਟਰਾਂ ਦਾ ਜਾਂ ਕਿਸੇ ਦੂਜੀ ਜਗ੍ਹਾ ਸ਼ਿਫਟ ਹੋ ਚੁੱਕੇ ਵੋਟਰਾਂ ਦਾ ਨਾਮ ਕੱਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵੋਟਰ ਸੂਚੀ ਵਿੱਚ ਨਾਮ/ ਐਡਰੈਸ ਵਿੱਚ ਗ਼ਲਤੀਆਂ ਅਤੇ ਹੋਰ ਗ਼ਲਤੀਆਂ ਵੀ ਠੀਕ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ‘ਚ SIR 2005 ਵਿੱਚ ਹੋਇਆ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀਮਤੀ‌ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ 31 ਜੁਲਾਈ ਨੂੰ ਵੋਟਰ ਸੂਚੀ ਦਾ ਡਰਾਫਟ ਜਾਰੀ ਹੋਵੇਗਾ ਜਦਕਿ 31 ਜੁਲਾਈ ਤੋਂ 30 ਅਗਸਤ ਤੱਕ ਇਤਰਾਜ਼ ਦਰਜ ਕਰਵਾਏ ਜਾ ਸਕਣਗੇ। ਉਹਨਾਂ ਦੱਸਿਆ ਕਿ 28 ਸਤੰਬਰ ਤੱਕ ਇਹਨਾਂ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ 30 ਸਤੰਬਰ ਨੂੰ ਫਾਈਨਲ ਵੋਟਰ ਸੂਚੀ ਪ੍ਰਿੰਟ ਕਰਕੇ 1 ਅਕਤੂਬਰ ਨੂੰ ਫਾਈਨਲ ਵੋਟਰ ਸੂਚੀ ਜਾਰੀ ਕਰ ਦਿੱਤੀ ਜਾਵੇਗੀ।
-ਕਿੰਨਾ ਵੋਟਰਾਂ ‘ਤੇ SIR ਦਾ ਅਸਰ ਹੋਵੇਗਾ
ਪੰਜਾਬ ‘ਚ SIR ਤਹਿਤ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਨੌਜਵਾਨ ਵਰਗ ਦੀਆਂ ਵੋਟਾਂ ਕੱਟੀਆਂ ਜਾ ਸਕਦੀਆਂ ਹਨ ਜਿਹੜੇ ਵਿਦੇਸ਼ ਵਿੱਚ (PR) ਸਥਾਈ ਨਾਗਰਿਕ ਬਣ ਚੁੱਕੇ ਹਨ। ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤ ਵਿੱਚ ਦੋਹਰੀ ਨਾਗਰਿਕਤਾ ਜਾਂ ਡਬਲ ਵੋਟ ਦਾ ਕੋਈ ਨਿਯਮ ਨਹੀਂ ਹੈ। ਕੋਈ ਵਿਅਕਤੀ ਜਦੋਂ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਲੈ ਲੈਂਦਾ ਹੈ ਤਾਂ ਉਹ ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਛੱਡ ਦਿੰਦਾ ਹੈ ਪ੍ਰੰਤੂ ਪਿਛਲੇ 20 ਸਾਲਾਂ ਤੋਂ ਪੰਜਾਬ ‘ਚ ਕੋਈ ਡੋਰ-ਟੂ-ਡੋਰ ਸੁਧਾਈ ਨਹੀਂ ਹੋਈ ਇਸ ਲਈ ਪੰਜਾਬ ਦੀਆਂ ਵੋਟਰ ਸੂਚੀਆਂ ‘ਚ ਲੱਖਾਂ ਨਾਮ ਅਜਿਹੇ ਹਨ ਜਿਹੜੇ ਵਿਦੇਸ਼ਾਂ ਵਿੱਚ PR ਹਨ। ਮੰਨਿਆ ਜਾ ਰਿਹਾ ਹੈ ਕਿ SIR ਦੌਰਾਨ ਇਹ ਸਾਰੇ ਨਾਮ ਕੱਟੇ ਜਾ ਸਕਦੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਅੰਕੜਿਆਂ ਅਨੁਸਾਰ ਇਸ ਵੇਲੇ ਪੰਜਾਬ ਦੇ ਵਿੱਚ ਕੁੱਲ 2,15,42,812 ਵੋਟਰ ਹਨ ਜਿਨਾਂ ਵਿੱਚ 1,13,29,452 ਪੁਰਸ਼ ਵੋਟਰ ਹਨ ਜਦਕਿ 1,02,12,568 ਔਰਤ ਵੋਟਰ ਅਤੇ 793 ਥਰਡ ਜੈਂਡਰ ਵੋਟਰ ਹਨ। SIR ਚੋਣ ਕਮਿਸ਼ਨ ਦੀ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਅਪਡੇਟ ਕੀਤਾ ਜਾਂਦਾ ਹੈ ਭਾਵ ਕਿ SIR ਪ੍ਰਕਿਰਿਆ ਤੋਂ ਬਾਅਦ ਪੰਜਾਬ ‘ਚ ਪੂਰੀ ਤਰ੍ਹਾਂ ਨਵੀਂ ਵੋਟਰ ਸੂਚੀ ਤਿਆਰ ਹੋਵੇਗੀ। ‌

error: Content is protected !!