ਬਰਨਾਲਾ,21 ਮਈ, (ਨਿਰਮਲ ਸਿੰਘ ਪੰਡੋਰੀ)-
-ਨਗਰ ਨਿਗਮ ਚੋਣਾਂ ਬਰਨਾਲਾ ਲਈ ਰਿਟਰਨਿੰਗ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਸ਼ਹਿਰ ਦੇ ਵਾਰਡ ਨੰਬਰ 31 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਜਨੀ ਰਾਣੀ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਬਾਰੇ ਹੋ ਰਹੀਆਂ ਚਰਚਾਵਾਂ ‘ਤੇ ਵਿਰਾਮ ਚਿੰਨ੍ਹ ਲਗਾਉਂਦੇ ਹੋਏ ਆਪਣੇ “ਸਪੀਕਿੰਗ ਆਰਡਰ” ਵਿੱਚ ਰਜਨੀ ਰਾਣੀ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਕਾਰਨ ਸਪੱਸ਼ਟ ਕਰ ਦਿੱਤੇ ਹਨ। ਨਿਗਮ ਚੋਣਾਂ ਲਈ ਰਿਟਰਨਿੰਗ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਆਪਣੇ “ਸਪੀਕਿੰਗ ਆਰਡਰ” ਦਫਤਰੀ ਹੁਕਮ ਨੰਬਰ 18 ਮਿਤੀ, 18 ਮਈ 2026 ਵਿੱਚ ਕਿਹਾ ਹੈ ਕਿ ਰਜਨੀ ਰਾਣੀ ਪਤਨੀ ਸ੍ਰੀ ਜਗਿੰਦਰਪਾਲ ਵੱਲੋਂ ਨਿਗਮ ਨਗਰ ਨਿਗਮ ਦੇ ਵਾਰਡ ਨੰਬਰ 31 ਲਈ ਨਾਮਜ਼ਦਗੀ ਕਾਗਜ਼ ਭਰੇ ਗਏ ਸਨ ਜਿਨਾਂ ਦੀ ਪੜ੍ਹਤਾਲ ਦੌਰਾਨ ਸ੍ਰੀਮਤੀ ਮੀਨਾਕਸ਼ੀ ਪਤਨੀ ਸ੍ਰੀ ਵਿਨੈ ਗਰਗ ਵੱਲੋਂ ਲਿਖਤੀ ਰੂਪ ਵਿੱਚ ਇਤਰਾਜ਼ ਦਿੱਤੇ ਗਏ ਸਨ ਕਿ ਰਜਨੀ ਰਾਣੀ ਵੱਲੋਂ ਸਰਕਾਰੀ ਜਗ੍ਹਾ ‘ਤੇ ਕਬਜ਼ਾ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਲੈਣ ਲਈ ਸਹਾਇਕ ਕਮਿਸ਼ਨਰ ਨਗਰ ਨਿਗਮ ਬਰਨਾਲਾ ਨੂੰ ਲਿਖਿਆ ਗਿਆ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਇਸੇ ਦੌਰਾਨ ਹੀ ਸ਼੍ਰੀਮਤੀ ਮੀਨਾਕਸ਼ੀ ਵੱਲੋਂ ਆਪਣੇ ਇਤਰਾਜ਼ ਵਾਪਸ ਲੈ ਲਏ ਗਏ ਹਨ ਗਏ ਸਨ ਪਰੰਤੂ ਸ਼੍ਰੀਮਤੀ ਮੀਨਾਕਸ਼ੀ ਵੱਲੋਂ ਲਗਾਏ ਗਏ ਇਤਰਾਜ਼ ਸਬੰਧੀ ਸਹਾਇਕ ਕਮਿਸ਼ਨਰ ਨਗਰ ਨਿਗਮ ਬਰਨਾਲਾ ਵੱਲੋਂ ਰਿਪੋਰਟ ਕੀਤੀ ਗਈ ਹੈ ਕਿ ਸ਼੍ਰੀਮਤੀ ਰਜਨੀ ਰਾਣੀ ਪਤਨੀ ਜਗਿੰਦਰਪਾਲ ਵਾਸੀ ਬਰਨਾਲਾ ਵੱਲੋਂ ਰਿਹਾਇਸ਼ੀ ਮਕਾਨ ਦਾ ਰੈਂਪ (ਦੇਹਲੀ) ਗਲੀ ਵਿੱਚ ਬਣਾ ਕੇ ਨਜਾਇਜ਼ ਤੌਰ ‘ਤੇ ਸਰਕਾਰੀ ਜਗ੍ਹਾ ਉੱਪਰ ਕਬਜ਼ਾ ਕੀਤਾ ਗਿਆ ਹੈ। ਰਿਟਰਨਿੰਗ ਅਫਸਰ ਨੇ ਕਿਹਾ ਕਿ ਭਾਵੇਂ ਸ਼੍ਰੀਮਤੀ ਮੀਨਾਕਸ਼ੀ ਪਤਨੀ ਸ੍ਰੀ ਵਿਨੈ ਗਰਗ ਵੱਲੋਂ ਆਪਣੇ ਇਤਰਾਜ਼ ਵਾਪਸ ਲੈ ਲਏ ਗਏ ਸਨ ਪਰੰਤੂ ਸਹਾਇਕ ਕਮਿਸ਼ਨਰ ਨਗਰ ਨਿਗਮ ਬਰਨਾਲਾ ਦੀ ਰਿਪੋਰਟ ਅਨੁਸਾਰ ਉਸ ਵੱਲੋਂ ਰਿਹਾਇਸ਼ੀ ਮਕਾਨ ਦਾ (ਰੈਂਪ) ਦੇਹਲੀ ਗਲੀ ਵਿੱਚ ਬਣਾ ਕੇ ਕਬਜ਼ਾ ਕੀਤਾ ਗਿਆ ਸਪੱਸ਼ਟ ਹੋਇਆ ਹੈ ਅਤੇ ਸਹਾਇਕ ਕਮਿਸ਼ਨਰ ਨਗਰ ਨਿਗਮ ਦੀ ਇਸ ਰਿਪੋਰਟ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਦਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੇ ਸੈਕਸ਼ਨ 11 ਸਬ ਸੈਕਸ਼ਨ (r) ਤਹਿਤ ਸ੍ਰੀਮਤੀ ਰਜਨੀ ਰਾਣੀ ਦੇ ਵਾਰਡ ਨੰਬਰ 31 ਤੋਂ ਭਰੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
ਭਾਜਪਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਸਬੰਧੀ ਰਿਟਰਨਿੰਗ ਅਫ਼ਸਰ ਵੱਲੋਂ ਦਿੱਤੇ ਸਪੱਸ਼ਟੀਕਰਨ ਨੇ ਸ਼ਹਿਰ ਵਿੱਚ ਇਸ ਮਾਮਲੇ ‘ਤੇ ਭੱਖ ਰਹੀ ਅੱਗ ਨੂੰ ਹੋਰ ਚਿੰਗਾਰੀ ਦੇ ਦਿੱਤੀ ਹੈ ਕਿਉਂਕਿ ਸ਼ਹਿਰ ਅੰਦਰ 99 ਫੀਸਦੀ ਲੋਕਾਂ ਨੇ ਆਪਣੇ ਗੇਟਾਂ ਦੇ ਰੈਂਪ (ਦੇਹਲੀਆਂ) ਸਰਕਾਰੀ ਸੜਕਾਂ ਅਤੇ ਗਲੀਆਂ ਵਿੱਚ ਹੀ ਬਣਾਏ ਹੋਏ ਹਨ ਇਥੋਂ ਤੱਕ ਕਿ ਨਗਰ ਨਿਗਮ ਦੀਆਂ ਚੋਣਾਂ ਲੜ ਰਹੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਤੇ ਆਜ਼ਾਦ ਉਮੀਦਵਾਰਾਂ ਵਿੱਚੋਂ ਵੀ 99 ਫੀਸਦੀ ਉਮੀਦਵਾਰਾਂ ਦੇ ਘਰਾਂ ਦੇ ਗੇਟਾਂ ਦੇ ਰੈਂਪ ਸਰਕਾਰੀ ਸੜਕਾਂ ਤੇ ਗਲੀਆਂ ਵਿੱਚ ਹੀ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੱਖਪਾਤ ਦੇ ਦੋਸ਼ ਲੱਗ ਰਹੇ ਹਨ ਅਤੇ ਹੁਣ ਰਿਟਰਨਿੰਗ ਅਧਿਕਾਰੀ ਦੇ ਸਪੱਸ਼ਟੀਕਰਨ ਨੇ ਪੱਖਪਾਤ ਦੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ ਕਿਉਂਕਿ ਵਾਰਡ ਨੰਬਰ 31 ਤੋਂ ਹੀ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਸਵੀਟੀ ਗੋਇਲ ਨੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਸਰਕਾਰੀ ਜਗ੍ਹਾ ‘ਤੇ ਨਜਾਇਜ਼ ਕਬਜ਼ੇ ਸਬੰਧੀ ਕੁਝ ਹੋਰ ਇਤਰਾਜ਼ ਵੀ ਲਿਖ਼ਤੀ ਤੌਰ ‘ਤੇ ਲਗਾਏ ਸਨ ਜਿਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਇਸ ਮਾਮਲੇ ਸੰਬੰਧੀ ਆਜ਼ਾਦ ਉਮੀਦਵਾਰ ਸਵੀਟੀ ਦੇ ਪਤੀ ਦੀਪਕ ਨੇ ਕਿਹਾ ਕਿ ਇੱਕ ਪਾਸੇ ਰਿਟਰਨਿੰਗ ਅਧਿਕਾਰੀ ਖੁਦ ਆਪਣੇ “ਸਪੀਕਿੰਗ ਆਰਡਰ” ਪਾਸ ਕਰ ਰਹੇ ਹਨ ਕਿ ਭਾਜਪਾ ਉਮੀਦਵਾਰ ਦੇ ਕਾਗਜ਼ ਸਰਕਾਰੀ ਜਗ੍ਹਾ ‘ਤੇ ਨਜਾਇਜ਼ ਕਬਜ਼ੇ ਕਾਰਨ ਰੱਦ ਕੀਤੇ ਗਏ ਹਨ ਪ੍ਰੰਤੂ ਆਜ਼ਾਦ ਉਮੀਦਵਾਰ ਵੱਲੋਂ ਸੱਤਾਧਾਰੀ ਉਮੀਦਵਾਰ ਦੇ ਖ਼ਿਲਾਫ਼ ਲਿਖ਼ਤੀ ਤੌਰ ‘ਤੇ ਕੀਤੇ ਗਏ ਇਹੋ ਇਤਰਾਜ਼ ਰਿਟਰਨਿੰਗ ਅਧਿਕਾਰੀ ਵੱਲੋਂ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ ਗਏ ਜਿਸ ਸਬੰਧੀ ਪੁੱਛੇ ਜਾਣ ‘ਤੇ ਕੋਈ ਜਵਾਬ ਵੀ ਨਹੀਂ ਦਿੱਤਾ ਜਾ ਰਿਹਾ।











