ਬਰਨਾਲਾ ,29 ਮਈ, (ਨਿਰਮਲ ਸਿੰਘ ਪੰਡੋਰੀ)-
-ਨਗਰ ਨਿਗਮ ਬਰਨਾਲਾ ਦੀਆਂ ਪਹਿਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬੇਮਿਸਾਲ ਜਿੱਤ ਦਰਜ ਕੀਤੀ ਹੈ। ‘ਆਪ’ ਨੇ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 36 ਵਾਰਡਾਂ ‘ਤੇ ਜਿੱਤ ਪ੍ਰਾਪਤ ਕਰਕੇ ਮੇਅਰ ਦੀ ਕੁਰਸੀ ‘ਤੇ ਕਬਜ਼ਾ ਕਰ ਲਿਆ ਹੈ। ਨਗਰ ਨਿਗਮ ਦੀਆਂ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੇ 7 ਉਮੀਦਵਾਰ ਜਿੱਤੇ ਹਨ ਜਦਕਿ ਕਾਂਗਰਸ 2 ਸੀਟਾਂ ਤੱਕ ਹੀ ਸੀਮਤ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣਾਂ ਨਮੋਸ਼ੀਜਨਕ ਰਹੀਆਂ ਕਿਉਂਕਿ ਅਕਾਲੀ ਦਲ ਇਹਨਾਂ ਚੋਣਾਂ ‘ਚ ਖ਼ਾਤਾ ਵੀ ਨਹੀਂ ਖੋਲ ਸਕਿਆ। ਆਪ ਦੇ ਬਾਗੀ ਨੇਤਾ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਆਪਣੇ ਵਾਰਡ ਦਾ ਆਜ਼ਾਦ ਉਮੀਦਵਾਰ ਜਿਤਾ ਕੇ ਆਪਣੀ ਮੁੱਛ ਖੜੀ ਰੱਖੀ। ਨਗਰ ਨਿਗਮ ਦੀ ਇਹਨਾਂ ਪਹਿਲੀਆਂ ਚੋਣਾਂ ਵਿੱਚ ਕੁੱਲ 5 ਉਮੀਦਵਾਰ ਜਿੱਤੇ ਹਨ। ਆਮ ਆਦਮੀ ਪਾਰਟੀ ਦੇ ਸਾਰੇ ਦਿੱਗਜ ਨੇਤਾ ਗੁਰਜੀਤ ਸਿੰਘ ਰਾਵਣਵਾਸੀਆ, ਹਸਨਪ੍ਰੀਤ ਭਾਰਦਵਾਜ, ਰਾਜੀਵ ਲੂਬੀ, ਕੁਲਦੀਪ ਧਰਮਾ, ਸੁਖਜੀਤ ਕੌਰ ਸੁੱਖੀ, ਲਵਪ੍ਰੀਤ ਦੀਵਾਨਾ ਸਮੇਤ ਕੁਝ ਨਵੇਂ ਚਿਹਰੇ ਵੀ ਚੋਣਾਂ ਜਿੱਤੇ ਹਨ ਜਦਕਿ ਕਾਂਗਰਸ ਦੇ ਦਿੱਗਜ ਆਗੂ ਮਹੇਸ਼ ਕੁਮਾਰ ਲੋਟਾ ਤੇ ਮੱਖਣ ਸ਼ਰਮਾ ਸਮੇਤ ਕੁਝ ਚਰਚਿਤ ਚਿਹਰੇ ਇਹਨਾਂ ਚੋਣਾਂ ਵਿੱਚ ਹਾਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸੋਨੀ ਜਾਗਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਗਰਗ ਨੀਟਾ ਦੀ ਧਰਮ ਪਤਨੀ ਮਮਤਾ ਗਰਗ ਨੇ ਇਹਨਾਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਅਤੇ ਧਰਮ ਸਿੰਘ ਫੌਜੀ ਨੇ ਆਪਣੀ ਪਤਨੀ ਸਮੇਤ ਦੋਵੇਂ ਸੀਟਾਂ ਜਿੱਤ ਕੇ ਇਤਿਹਾਸ ਸਿਰਜਿਆ ਹੈ। ਸ਼ਹਿਰ ਦੇ ਚਰਚਿਤ ਨੇਤਾ ਹੇਮਰਾਜ ਗਰਗ ਨੇ ਆਜ਼ਾਦ ਉਮੀਦਵਾਰ ਵਜੋਂ ਡੰਕੇ ਦੀ ਚੋਟ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਜਦਕਿ ਉਹਨਾਂ ਦੇ ਰਾਹ ਵਿੱਚ ਅਨੇਕਾਂ ਤਰ੍ਹਾਂ ਦੇ ਕੰਡੇ ਵਿਛਾਏ ਗਏ। ਨਗਰ ਨਿਗਮ ਦੀਆਂ ਪਹਿਲੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ‘ਆਪ’ ਦੇ ਮੇਅਰ ਦੇ ਚਿਹਰੇ ‘ਤੇ ਟਿਕੀਆਂ ਹੋਈਆਂ ਹਨ। ਵੇਖਣਯੋਗ ਹੋਵੇਗਾ ਕਿ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੇਅਰ ਦੀ ਕੁਰਸੀ ਸਬੰਧੀ ਕਿਹੋ ਜਿਹੀ ਹੀ ਰਣਨੀਤੀ ਤਹਿਤ ਇਹ ਮਹੱਤਵਪੂਰਨ ਫੈਸਲਾ ਕਰਦੇ ਹਨ। ਨਗਰ ਨਿਗਮ ਬਰਨਾਲਾ ਦੀਆਂ ਇਨਾ ਪਹਿਲੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਮੈਂਬਰ ਪਾਰਲੀਮੈਂਟ ਮੀਤ ਹੇਅਰ ਦਾ ਜਿੱਥੇ ਆਪਣੇ ਕਾਡਰ ‘ਤੇ ਪਕੜ ਮਜ਼ਬੂਤ ਹੋਈ ਹੈ ਉਥੇ ਪਾਰਟੀ ਵਿੱਚ ਵੀ ਕੱਦ ਹੋਰ ਉੱਚਾ ਹੋਇਆ ਹੈ।








