ਬਰਨਾਲਾ ,30 ਮਈ, (ਨਿਰਮਲ ਸਿੰਘ ਪੰਡੋਰੀ)-
-ਆਂਗਨਵਾੜੀ ਸੈਂਟਰਾਂ ਲਈ ਸਰਕਾਰ ਵੱਲੋਂ ਖਰੀਦੇ ਸਮਾਨ ਦੇ ਬਿੱਲਾਂ ‘ਤੇ ਦਸਤਖ਼ਤ ਕਰਨ ਦੇ ਮਾਮਲੇ ‘ਚ ਆਂਗਨਵਾੜੀ ਵਰਕਰ ਅਤੇ ਮਹਿਕਮੇ ਦੇ ਅਧਿਕਾਰੀ ਆਹਮੋ ਸਾਹਮਣੇ ਹਨ। ਆਂਗਨਵਾੜੀ ਵਰਕਰਾਂ ਨੇ ਇੱਕਜੁੱਟਤਾ ਨਾਲ ਕੋਰੀ ਨਾਂਹ ਕਰ ਦਿੱਤੀ ਹੈ ਕਿ ਉਹ ਅਜਿਹੇ ਸਮਾਨ ਦੇ ਬਿੱਲਾਂ ‘ਤੇ ਦਸਤਖ਼ਤ ਨਹੀਂ ਕਰਨਗੀਆਂ ਜਿਹੜਾ ਸਮਾਨ ਉਹਨਾਂ ਨੇ ਖਰੀਦਿਆ ਹੀ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਵੱਲੋਂ ਪ੍ਰਤੀ ਆਂਗਣਵਾੜੀ ਸੈਂਟਰ ਲੱਗਭੱਗ 20 ਹਜ਼ਾਰ ਰੁਪਏ ਦੀ ਗਰਾਂਟ ਕੁਝ ਸਮਾਨ ਖਰੀਦਣ ਲਈ ਭੇਜੀ ਗਈ ਹੈ ਅਤੇ ਸਮਾਨ ਉੱਚ ਅਧਿਕਾਰੀਆਂ ਵੱਲੋਂ ਆਪਣੇ ਪੱਧਰ ‘ਤੇ ਹੀ ਖਰੀਦਿਆ ਗਿਆ ਹੈ ਪ੍ਰੰਤੂ ਖਰੀਦੇ ਗਏ ਸਮਾਨ ਦੇ ਬਿੱਲਾਂ ‘ਤੇ ਦਸਤਖ਼ਤ ਕਰਨ ਲਈ ਆਂਗਣਵਾੜੀ ਵਰਕਰਾਂ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ। ਆਂਗਨਵਾੜੀ ਵਰਕਰਾਂ ਦਾ ਤਰਕ ਹੈ ਕਿ ਜਦ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਮਾਨ ਕਿਹੋ ਜਿਹਾ ਹੈ, ਕਿਹੜੀ ਫਾਰਮ ਤੋਂ ਖਰੀਦਿਆ ਹੈ, ਕਿਹੜੇ ਰੇਟ ‘ਤੇ ਖਰੀਦਿਆ ਹੈ ਤਾਂ ਉਹ ਅਜਿਹੇ ਸਮਾਨ ਦੇ ਬਿੱਲਾਂ ‘ਤੇ ਦਸਤਖ਼ਤ ਕਿਉਂ ਕਰਨਗੀਆਂ ? ਇਸ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਰਨਾਲਾ ਜ਼ਿਲ੍ਹੇ ਦੀ ਪ੍ਰਧਾਨ ਦਲਜੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਸਮਾਨ ਦੀ ਖਰੀਦੋ ਫਰੋਖ਼ਤ ਲਈ ਸੁਪਰਵਾਈਜ਼ਰ, ਆਂਗਨਵਾੜੀ ਵਰਕਰ ਤੇ ਹੈਲਪਰ ਦੇ ਆਧਾਰ ‘ਤੇ ਤਿੰਨ ਮੈਂਬਰੀ ਕਮੇਟੀ ਤਾਂ ਬਣਾਈ ਗਈ ਹੈ ਪ੍ਰੰਤੂ ਵਿਭਾਗੀ ਅਧਿਕਾਰੀਆਂ ਵੱਲੋਂ ਸਮਾਨ ਆਪਣੇ ਪੱਧਰ ‘ਤੇ ਹੀ ਖਰੀਦਿਆ ਗਿਆ ਹੈ। ਵਿਭਾਗੀ ਅਧਿਕਾਰੀਆਂ ਵੱਲੋਂ ਖਰੀਦੇ ਗਏ ਸਮਾਨ ਦੇ ਰੇਟਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸਾਹਮਣੇ ਆ ਰਿਹਾ ਹੈ। ਬੀਤੇ ਕੱਲ੍ਹ ਜਦੋਂ ਬਰਨਾਲਾ ਜ਼ਿਲ੍ਹੇ ਦੇ ਵਿਭਾਗੀ ਅਧਿਕਾਰੀਆਂ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਬਿੱਲਾਂ ‘ਤੇ ਦਸਤਖ਼ਤ ਕਰਨ ਲਈ ਜ਼ਬਰਦਸਤੀ ਬੁਲਾਇਆ ਗਿਆ ਤਾਂ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਦਲਜੀਤ ਕੌਰ ਦੀ ਅਗਵਾਈ ਹੇਠ ਰੋਸ ਰੈਲੀ ਵੀ ਕੀਤੀ ਗਈ ਅਤੇ ਵਿਭਾਗੀ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਂਗਣਵਾੜੀ ਵਰਕਰਾਂ ਨੂੰ ਅਜਿਹੇ ਸਮਾਨ ਦੇ ਬਿੱਲਾਂ ‘ਤੇ ਦਸਤਖ਼ਤ ਕਰਨ ਲਈ ਮਜ਼ਬੂਰ ਨਾ ਕਰਨ ਜਿਹੜਾ ਸਮਾਨ ਉਹਨਾਂ ਨੇ ਖਰੀਦਿਆ ਹੀ ਨਹੀਂ ਹੈ। ਆਂਗਨਵਾੜੀ ਵਰਕਰਾਂ ਨੇ ਕਿਹਾ ਕਿ ਉਹ ਵਿਭਾਗ ਵੱਲੋਂ ਭੇਜੇ ਗਏ ਕਿਸੇ ਵੀ ਸਮਾਨ ਨੂੰ ਸਟਾਕ ਰਜਿਸਟਰ ਵਿੱਚ ਪ੍ਰਾਪਤ ਕਰਕੇ ਦਸਤਖ਼ਤ ਕਰਨਗੀਆਂ ਪ੍ਰੰਤੂ ਖਰੀਦੇ ਗਏ ਸਮਾਨ ਦੇ ਬਿੱਲਾਂ ‘ਤੇ ਕਦੇ ਵੀ ਦਸਤਖ਼ਤ ਨਹੀਂ ਕਰਨਗੀਆਂ ਕਿਉਂਕਿ ਉਹ ਆਡਿਟ ਸਮੇਂ ਬਲੀ ਦਾ ਬੱਕਰਾ ਨਹੀਂ ਬਣਨਾ ਚਾਹੁੰਦੀਆਂ। ਅਦਾਰਾ Gee98 news ਵੱਲੋਂ ਕੀਤੀ ਪੜ੍ਹਤਾਲ ਤੋਂ ਬਾਅਦ ਇਹ ਹੈਰਾਨੀਜਨਕ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਵਿਭਾਗ ਵੱਲੋਂ ਆਂਗਨਵਾੜੀ ਸੈਂਟਰਾਂ ਲਈ ਖਰੀਦੀਆਂ ਕੁਰਸੀਆਂ ਦੇ ਰੇਟ ਵਿੱਚ ਵੱਡਾ ਫ਼ਰਕ ਸਾਹਮਣੇ ਆ ਰਿਹਾ ਹੈ। ਆਂਗਨਵਾੜੀ ਵਰਕਰਾਂ ਵੱਲੋਂ ਕੁਰਸੀਆਂ ਦੀ ਕੁਆਲਿਟੀ ‘ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਆਂਗਨਵਾੜੀ ਸੈਂਟਰਾਂ ‘ਚ ਕਮਰੇ ਦੀ ਇੱਕ ਕੰਧ ਨੂੰ ਰੰਗ ਰੋਗਨ ਕਰਵਾਉਣ ਸਬੰਧੀ ਖਰਚ ਕੀਤੇ ਗਏ ਪੈਸੇ ਹਰ ਵਿਅਕਤੀ ਦੇ ਦੰਦ ਜੋੜਦੇ ਹਨ। ਇੱਕ ਸੈਂਟਰ ਦੀ ਆਂਗਣਵਾੜੀ ਵਰਕਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇੱਕ ਛੋਟੀ ਜਿਹੀ ਕੰਧ ਨੂੰ ਰੰਗ ਕਰਵਾਉਣ ਦਾ ਚਾਰ ਗੁਣਾ ਵੱਧ ਖਰਚਾ ਪਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਜਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਰੀਤਇੰਦਰ ਕੌਰ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।









