Skip to main content

Gee 98News

ਮਦਰ ਟੀਚਰ ਸਕੂਲ ਦੀ ਅਧਿਆਪਕਾ ਦੀ ਮੌਤ ਦਾ ਮਾਮਲਾ…ਵਿਭਾਗ ਨੇ ਬਣਾਈ ਜਾਂਚ ਟੀਮ

ਬਰਨਾਲਾ ,3 ਜੂਨ ( ਨਿਰਮਲ ਸਿੰਘ ਪੰਡੋਰੀ )-

-ਬਰਨਾਲਾ ਦੇ ਮਦਰ ਟੀਚਰ ਸਕੂਲ ਦੀ ਇੱਕ ਅਧਿਆਪਕਾ ਦੀ ਬੀਤੇ ਕੱਲ੍ਹ ਸੜਕ ਹਾਦਸੇ ‘ਚ ਮੌਤ ਹੋ ਜਾਣ ਦੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਸਿੱਖਿਆ ਵਿਭਾਗ ਨੇ ਪੜ੍ਹਤਾਲੀਆ ਕਮੇਟੀ ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਮਦਰ ਟੀਚਰ ਸਕੂਲ ਦੀਆਂ ਦੋ ਮਹਿਲਾ ਅਧਿਆਪਕ ਹੰਡਿਆਇਆ ਚੌਂਕ ਨੇੜੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ ਸਨ ਜਿਨਾਂ ਵਿੱਚੋਂ ਇੱਕ ਅਧਿਆਪਕਾ ਦੀ ਮੌਤ ਵੀ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਹ ਸਵਾਲ ਉੱਠਿਆ ਸੀ ਕਿ ਜਦੋਂ ਜੂਨ ਮਹੀਨੇ ਦੀਆਂ ਛੁੱਟੀਆਂ ਕਾਰਨ ਸਕੂਲ ਬੰਦ ਹਨ ਤਾਂ ਅਧਿਆਪਕਾਂ ਨੂੰ ਸਕੂਲ ਵਿੱਚ ਕਿਹੜੇ ਕੰਮ ਲਈ ਬੁਲਾਇਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਚਰਚਾ ਹੋਣ ਤੋਂ ਬਾਅਦ ਅਤੇ ਇੱਕ ਮਾਨਤਾ ਪ੍ਰਾਪਤ ਸਕੂਲ ਦੀ ਅਧਿਆਪਕਾ ਦੀ ਮੌਤ ਦੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਰਨਾਲਾ ਨੇ ਇਸ ਮਾਮਲੇ ਦੀ ਅਗਲੇਰੀ ਪੜ੍ਹਤਾਲ ਲਈ ਪ੍ਰਿੰਸੀਪਲ ਮੇਜਰ ਸਿੰਘ ਦੀ ਅਗਵਾਈ ਹੇਠ ਇੱਕ ਪੜ੍ਹਤਾਲੀਆ ਟੀਮ ਦਾ ਗਠਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੜ੍ਹਤਾਲੀਆ ਟੀਮ ਅੱਜ ਬੁੱਧਵਾਰ ਸਬੰਧਤ ਸਕੂਲ ਵਿੱਚ ਮਾਮਲੇ ਦੀ ਪੜ੍ਹਤਾਲ ਲਈ ਪੁੱਜ ਵੀ ਚੁੱਕੀ ਹੈ। ਇਸਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਮੇਜਰ ਸਿੰਘ ਦੀ ਅਗਵਾਈ ਹੇਠ ਟੀਮ ਸਬੰਧਿਤ ਸਕੂਲ ਵਿੱਚ ਪੜ੍ਹਤਾਲ ਲਈ ਭੇਜੀ ਗਈ ਹੈ। ਜਿਸਦੀ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

error: Content is protected !!