ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!
ਨਿਰਮਲ ਸਿੰਘ ਪੰਡੋਰੀ….7.6.2026
…ਇਹਦੇ ਵਿੱਚ ਹੱਡੀ ਤਾਂ ਕੋਈ ਹੁੰਦੀ ਨਹੀਂ ਪਰ ਇਹ ਸਾਰੇ ਸਰੀਰ ਦੀਆਂ ਹੱਡੀਆਂ ਤੁੜਵਾ ਦਿੰਦੀ ਹੈ… ਇਹਦੀ ਕੁੜੱਤਣ ਦਾ ਸਭ ਤੋਂ ਬੁਰਾ ਤਰੀਕਾ ਅਮਰੀਕਾ ਤੇ ਈਰਾਨ ਦੀ ਜੰਗ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ… ਇਹ ਜੇ ਕਿਧਰੇ ਇੱਕ ਵਾਰ ਟੇਢੀ ਜਿਹੀ ਹਿੱਲ ਕੇ ਡੰਗ ਮਾਰ ਜਾਵੇ ਤਾਂ ਸਾਰੀ ਉਮਰ ਜ਼ਖ਼ਮ ਰਿਸਦੇ ਰਹਿੰਦੇ ਹਨ… ਇਸੇ ਕਰਕੇ ਕਹਿੰਦੇ ਨੇ ਕਿ ਤਲਵਾਰ ਦੇ ਜ਼ਖ਼ਮ ਤਾਂ ਮਿਟ ਜਾਂਦੇ ਹਨ ਪਰੰਤੂ ਇਹਦੇ ਜ਼ਖ਼ਮ ਨਹੀਂ ਮਿਟਦੇ… ਜੇ ਕਿਸੇ ਦੁਰਘਟਨਾ ਵਿੱਚ ਇਹਦੇ ਆਪਣੇ ਉੱਪਰ ਕੋਈ ਜ਼ਖ਼ਮ ਲੱਗ ਜਾਵੇ ਤਾਂ ਉਹ ਕਈ ਵਾਰ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ…ਮਨੁੱਖੀ ਅੰਗਾਂ ਵਿੱਚ ਇਹਨੂੰ ਜੀਭ ਆਖਦੇ ਹਨ..ਕਦੇ ਕਦੇ ਅਸੀਂ ਇਹਨੂੰ ਜ਼ੁਬਾਨ ਵੀ ਆਖ ਦਿੰਦੇ ਹਾਂ.. ਪਰੰਤੂ ਜੇਕਰ ਇਹਦੇ ਚਲਿੱਤਰਾਂ ਵਾਲੇ ਪਾਸੇ ਤੋਂ ਇਹਨੂੰ ਕੋਈ ਨਾਮ ਦੇਣਾ ਹੋਵੇ ਤਾਂ “ਲੁਤਰੋ” ਆਖਿਆ ਜਾਂਦਾ ਹੈ…ਇਸ ਲੁਤਰੋ ਦੇ ਸ਼ਬਦ ਕਈ ਵਾਰ ਕਿਸੇ ਬੰਦੇ ਦੇ ਅਜਿਹਾ ਮਗਰ ਪੈਂਦੇ ਹਨ ਕਿ ਮਰਨ ਤੱਕ ਉਸ ਦਾ ਖਹਿੜਾ ਨਹੀਂ ਛੱਡਦੇ… ਸੁਣਿਐ…ਕਹਿੰਦੇ ਇੱਕ ਵਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਮੰਚ ‘ਤੇ ਸਾਰੇ ਸਤਿਕਾਰਯੋਗ ਬਜ਼ੁਰਗਾਂ ਵਿੱਚ ਬੈਠੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਵੀ “ਪਿਤਾ ਸਮਾਨ” ਆਖ ਦਿੱਤਾ ਸੀ…ਸੁਖਬੀਰ ਬਾਦਲ ਦੇ ਸ਼ਬਦ ਅਜਿਹੇ ਵਾਇਰਲ ਹੋਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੱਕ ਸੁਖਬੀਰ ਦਾ ਖਹਿੜਾ ਨਹੀਂ ਛੱਡਦੇ… ਬਾਦਲ ਪਰਿਵਾਰ ‘ਤੇ ਸ਼ਬਦੀ ਹਮਲੇ ਕਰਨ ਮੌਕੇ ਭਗਵੰਤ ਮਾਨ ਦੀ ਸ਼ਬਦੀ ਇਬਾਰਤ ਦਾ ਉਕਤ ਘਟਨਾ ਜ਼ਰੂਰ ਹਿੱਸਾ ਹੁੰਦੀ ਹੈ… ਭਗਵੰਤ ਮਾਨ ਦੀ ਆਪਣੀ ਲੁਤਰੋ ਵੀ ਕਈ ਵਾਰ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹੇਠਾਂ ਲਾਹ ਦਿੰਦੀ ਹੈ…ਜਿਵੇਂ ਕਿਸੇ ਆਮ ਵਿਅਕਤੀ ਦੀ ਹਿੱਲੀ ਹੋਈ ਲੁਤਰੋ ਕਤਲ ਵੀ ਕਰਵਾ ਦਿੰਦੀ ਹੈ…ਹੱਡੀਆਂ ਵੀ ਤੁੜਵਾ ਦਿੰਦੀ ਹੈ ਪ੍ਰੰਤੂ ਇਹ ਲੁਤਰੋ ਵਾਰ ਮਿੱਠੀ ਵੀ ਐਨੀ ਜ਼ਿਆਦਾ ਹੋ ਜਾਂਦੀ ਹੈ ਕਿ ਕਈ ਵਰ੍ਹਿਆਂ ਤੋਂ ਵਿਛੜਿਆਂ ਨੂੰ ਮਿਲਾ ਵੀ ਦਿੰਦੀ ਹੈ…ਟੇਢੀਆਂ ਅੱਖਾਂ ਤੇ ਕੁੰਡੀਆਂ ਮੁੱਛਾਂ ਸਿੱਧੀਆਂ ਹੋ ਜਾਂਦੀਆਂ ਨੇ…ਸਿਆਸੀ ਪਾਰਟੀਆਂ ਦੇ ਲੀਡਰ ਅਕਸਰ ਇਸ ਲੁਤਰੋ ਦੀ ਮਾਰ ਹੇਠ ਆਏ ਰਹਿੰਦੇ ਹਨ…ਕੁਝ ਲੀਡਰ ਤਾਂ ਜਾਣ ਬੁੱਝ ਕੇ ਆਪਣੀ ਲੁਤਰੋ ਪੁੱਠੀ ਹਿਲਾਉਂਦੇ ਹਨ ਤੇ ਕਈਆਂ ਦੀ ਅਚਾਨਕ ਅਜਿਹੀ ਹਿੱਲ ਜਾਂਦੀ ਹੈ ਕਿ ਮੁੜ ਕੇ ਫਿੱਟ ਨਹੀਂ ਬੈਠਦੀ…ਕੁਝ ਦਿਨ ਪਹਿਲਾਂ ਰਾਜਾ ਵੜਿੰਗ ਤੇ ਰਵਨੀਤ ਸਿੰਘ ਬਿੱਟੂ ਨੂੰ ਉਹਨਾਂ ਦੀ ਲੁਤਰੋ ਨੇ ਚੰਗਾ ਲਪੇਟਿਆ… ਅੱਜ ਦੇ ਦਿਨਾਂ ਦੌਰਾਨ ਭਾਜਪਾ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਆਪਣੀ ਲੁਤਰੋ ਦੀ ਮਾਰ ਹੇਠ ਹਨ..ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ਸਮਾਗਮ ਵਿੱਚ ਉਹਨਾਂ ਦੀ ਲੁਤਰੋ ਅਜਿਹਾ ਪੁੱਠੀ ਚੱਲੀ ਕਿ ਇਸ ਵਿੱਚੋਂ ਨਿਕਲੇ ਸ਼ਬਦਾਂ ਨੇ ਉਹਨਾਂ ਦੀ ਤਾਜਪੋਸ਼ੀ ਦੇ ਤਾਜ ਦੀ ਚਮਕ ਫਿੱਕੀ ਕਰ ਦਿੱਤੀ…ਕੇਵਲ ਸਿੰਘ ਢਿੱਲੋਂ ਦੇ ਹੀ ਜੱਦੀ ਸ਼ਹਿਰ ਬਰਨਾਲਾ ਤੋਂ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਪ੍ਰਤੀ ਉਹਨਾਂ ਦੀ ਲੁਤਰੋ ‘ਚੋਂ ਨਿਕਲੇ ਸ਼ਬਦ ਕੇਵਲ ਸਿੰਘ ਢਿੱਲੋਂ ਦੀ ਤਾਜਪੋਸੀ ਸਮਾਗਮ ਦਾ ਹਿੱਸਾ ਨਹੀਂ ਸਨ ਪ੍ਰੰਤੂ ਇਸ ਗੱਲ ਦਾ ਤਾਂ ਖ਼ੁਦ ਢਿੱਲੋਂ ਨੂੰ ਵੀ ਇਲਮ ਨਹੀਂ ਹੋਣੈ ਕਿ ਇਹ ਸ਼ਬਦ ਉਹਨਾਂ ਦੇ ਤਾਜਪੋਸ਼ੀ ਸਮਾਗਮ ‘ਚ ਉਹਨਾਂ ਦੇ ਭਾਸ਼ਣ ਦਾ ਹਿੱਸਾ ਕਿਵੇਂ ਬਣ ਗਏ…ਅਕਸਰ ਕਿਹਾ ਜਾਂਦਾ ਹੈ ਕਿ ਕਿਸੇ ਮਰੇ ਹੋਏ ਵਿਅਕਤੀ ਦਾ ਸਿਵਾ ਨਹੀਂ ਫਰੋਲਣਾ ਚਾਹੀਦਾ…ਸਿਆਣੇ ਇਹ ਵੀ ਕਹਿੰਦੇ ਨੇ ਕਿ ਕਿਸੇ ਵੀ ਵਿਅਕਤੀ ਨਾਲ ਸਾਡੇ ਮੱਤਭੇਦ ਉਸ ਦੀ ਚਿਖ਼ਾ ਦੀ ਅੱਗ ਦੇ ਵਿੱਚ ਹੀ ਮੱਚ ਜਾਣੇ ਚਾਹੀਦੇ ਹਨ…ਪਰ ਇਹ ਸਾਡੀ ਲੁਤਰੋ ਸਿਵੇ ਦੀ ਅੱਗ ਵਿੱਚ ਦੱਬੇ ਹੋਏ ਸ਼ਬਦਾਂ ਨੂੰ ਵੀ ਬਾਹਰ ਕੱਢ ਲਿਆਉਂਦੀ ਹੈ…ਤੇ ਮਰਿਆਂ ਨੂੰ ਜਿਉਂਦਾ ਕਰ ਦਿੰਦੀ ਹੈ… ਜਿਵੇਂ ਕੇਵਲ ਸਿੰਘ ਢਿੱਲੋਂ ਦੇ ਸ਼ਬਦਾਂ ਨੇ ਅੱਜ ਕੱਲ੍ਹ ਬਰਨਾਲੇ ‘ਚ ਮਲਕੀਤ ਸਿੰਘ ਕੀਤੂ ਨੂੰ ਜ਼ਿੰਦਾ ਕਰ ਦਿੱਤਾ ਹੈ… ਤੇ ਕੀਤੂ ਦੇ ਵਾਰਿਸਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸ਼ਬਦੀ ਤੋਪਾਂ ਕੇਵਲ ਸਿੰਘ ਢਿੱਲੋਂ ਵੱਲ ਸਿੱਧੀਆਂ ਕਰ ਦਿੱਤੀਆਂ… ਇਸ ਲੜਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਆਪਣੀ ਲੁਤਰੋ ‘ਤੇ ਵੀ ਕੰਟਰੋਲ ਰੱਖਣਾ ਹੋਵੇਗਾ ਕਿਉਂਕਿ ਇਹ ਲੜਾਈ ਭਾਜਪਾ ਦੀ ਕੀਤੂ ਦੇ ਖ਼ਿਲਾਫ਼ ਨੀਤੀ ਦਾ ਹਿੱਸਾ ਨਹੀਂ ਅਤੇ ਨਾ ਹੀ ਇਹ ਬਤੌਰ ਪ੍ਰਧਾਨ ਕੇਵਲ ਸਿੰਘ ਢਿੱਲੋ ਦੀ ਸ਼੍ਰੋਮਣੀ ਅਕਾਲੀ ਦਲ ਜਾਂ ਕੀਤੂ ਦੇ ਖ਼ਿਲਾਫ਼ ਰਣਨੀਤੀ ਦਾ ਕੋਈ ਹਿੱਸਾ ਹੈ ਸਗੋਂ ਇਹ ਵਕਤੀ ਤੌਰ ‘ਤੇ ਕੇਵਲ ਸਿੰਘ ਢਿੱਲੋਂ ਦੀ ਜ਼ੁਬਾਨ ਵਿੱਚੋਂ ਨਿਕਲੇ ਕੁਝ ਅਜਿਹੇ ਸ਼ਬਦ ਹਨ ਜਿਹੜੇ ਕੀਤੂ ਦੇ ਵਾਰਿਸਾਂ ਅਤੇ ਪਿਆਰਿਆਂ ਨੂੰ ਫਿੱਟ ਨਹੀਂ ਬੈਠੇ…ਲੁਤਰੋ ਦੀ ਇਸ ਲੜਾਈ ਵਿੱਚ ਦੋਵੇਂ ਧਿਰਾਂ ਦੇ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਸਿਆਸੀ ਆਗੂਆਂ ਦੀ ਮੌਜੂਦਾ ਸਿਆਸੀ ਹੈਸੀਅਤ ਧਿਆਨ ਵਿੱਚ ਰੱਖਣੀ ਪਵੇਗੀ….।









