ਬਰਨਾਲਾ,8 ਜੂਨ (ਨਿਰਮਲ ਸਿੰਘ ਪੰਡੋਰੀ)-
-ਜ਼ਿਲ੍ਹੇ ਦੇ ਆਂਗਣਵਾੜੀ ਸੈਂਟਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਭੇਜਿਆ ਗਏ ਕੁਝ ਸਮਾਨ ਦੀ ਕੁਆਲਿਟੀ ਮਾੜੀ ਹੋਣ ਕਰਕੇ ਆਂਗਣਵਾੜੀ ਸੈਂਟਰਾਂ ਨੇ ਇਸ ਸਮਾਨ ਦੀਆਂ ਗੱਡੀਆਂ ਵਾਪਸ ਮੋੜ ਦਿੱਤੀਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਕਈ ਆਂਗਣਵਾੜੀ ਸੈਂਟਰਾਂ ਵਿੱਚ ਕੁਰਸੀਆਂ ਦੇ ਟਰੱਕ ਭਰ ਕੇ ਆਏ ਸਨ ਜਿਨਾਂ ਦੀ ਕੁਆਲਿਟੀ ਅਤੇ ਖਰੀਦ ਰੇਟ ਵਿੱਚ ਫਰਕ ਹੋਣ ਕਰਕੇ ਆਂਗਨਵਾੜੀ ਵਰਕਰਾਂ ਨੇ ਇਹ ਕੁਰਸੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕੁਰਸੀਆਂ ਦੇ ਇਹ ਭਰੇ ਹੋਏ ਟਰੱਕ ਵਾਪਸ ਮੋੜ ਦਿੱਤੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚ ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਹਰ ਇੱਕ ਆਂਗਨਵਾੜੀ ਸੈਂਟਰ ਨੂੰ 20 ਹਜ਼ਾਰ ਦੀ ਗ੍ਰਾਂਟ ਦਿੱਤੀ ਗਈ ਹੈ ਜਿਸ ਤਹਿਤ ਸੈਂਟਰ ਵਿੱਚ ਕੁਝ ਕੁਰਸੀਆਂ ਤੇ ਹੋਰ ਸਮਾਨ ਦੀ ਖ਼ਰੀਦੋ ਫਰੋਖ਼ਤ ਕੀਤੀ ਜਾਣੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਇਹ ਸਮਾਨ ਜ਼ਿਲ੍ਹਾ ਹੈਡ ਕੁਆਰਟਰ ਦੇ ਉੱਚ ਅਧਿਕਾਰੀਆਂ ਵੱਲੋਂ ਖਰੀਦ ਕੇ ਸੈਂਟਰਾਂ ਨੂੰ ਭੇਜਿਆ ਗਿਆ ਪ੍ਰੰਤੂ ਇਹਨਾਂ ਦੇ ਖਰੀਦ ਬਿੱਲਾਂ ‘ਤੇ ਦਸਤਖ਼ਤ ਵਰਕਰਾਂ ਨੂੰ ਕਰਨ ਲਈ ਕਿਹਾ ਗਿਆ ਤਾਂ ਵਰਕਰਾਂ ਨੇ ਇਹਨਾਂ ਬਿੱਲਾਂ ਉੱਪਰ ਦਸਤਖ਼ਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਵਰਕਰਾਂ ਨੇ ਤਰਕ ਦਿੱਤਾ ਕਿ ਜਦੋਂ ਸਮਾਨ ਉਹਨਾਂ ਨੇ ਖਰੀਦਿਆ ਹੀ ਨਹੀਂ ਤਾਂ ਉਹ ਖਰੀਦ ਬਿੱਲਾਂ ‘ਤੇ ਦਸਤਖ਼ਤ ਕਰਕੇ ਖਰੀਦ ਪ੍ਰਕਿਰਿਆ ਦਾ ਹਿੱਸਾ ਨਹੀਂ ਬਣਨਗੀਆਂ।
ਜ਼ਿਲ੍ਹੇ ਵਿੱਚ ਇਹ ਮਾਮਲਾ ਆਲ ਪੰਜਾਬ ਆਂਗਣਵਾੜੀ ਯੂਨੀਅਨ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਨਿੱਜੀ ਪੱਧਰ ‘ਤੇ ਮਿਲ ਕੇ ਵੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਪ੍ਰੰਤੂ ਇਸਦੇ ਬਾਵਜੂਦ ਵੀ ਅਧਿਕਾਰੀਆਂ ਨੇ ਵਰਕਰਾਂ ਦੀ ਗੱਲ ਨਹੀਂ ਸੁਣੀ ਜਿਸ ਤੋਂ ਬਾਅਦ ਵਰਕਰਾਂ ਨੇ ਤਿੱਖਾ ਐਕਸ਼ਨ ਲੈਂਦੇ ਹੋਏ ਸੈਂਟਰਾਂ ਵਿੱਚ ਭੇਜਿਆ ਹੋਇਆ ਸਮਾਨ ਵਾਪਸ ਮੋੜ ਦਿੱਤਾ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇੱਕ ਆਂਗਨਵਾੜੀ ਵਰਕਰ ਨੇ ਦੱਸਿਆ ਕਿ ਜਦੋਂ ਸੈਂਟਰਾਂ ਵਿੱਚ ਕੁਰਸੀਆਂ ਦੇ ਟਰੱਕ ਭਰ ਕੇ ਆਏ ਤਾਂ ਇਹਨਾਂ ਕੁਰਸੀਆਂ ਦੀ ਕੁਆਲਿਟੀ ਬਹੁਤ ਮਾੜੀ ਸੀ ਪਰੰਤੂ ਇਹਨਾਂ ਦੇ ਖਰੀਦ ਰੇਟ ਬਹੁਤ ਜ਼ਿਆਦਾ ਦਿਖਾਏ ਗਏ ਹਨ ਜਿਸ ਕਰਕੇ ਉਹਨਾਂ ਨੇ ਕਿਸੇ ਵਿੱਤੀ ਝੰਜਟ ਵਿੱਚ ਫਸਣ ਦੀ ਬਜਾਏ ਇਹ ਕੁਰਸੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹਨਾਂ ਕੁਰਸੀਆਂ ਦੀ ਖਰੀਦ ਪ੍ਰਕਿਰਿਆ ਦਾ ਹਿੱਸਾ ਵਰਕਰਾਂ ਨੂੰ ਬਣਾਇਆ ਜਾ ਰਿਹਾ ਹੈ ਜਦੋਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੁਰਸੀਆਂ ਕਿਸ ਫਰਮ ਤੋਂ ਖਰੀਦੀਆਂ ਗਈਆਂ ਹਨ ਅਤੇ ਕਿਸ ਰੇਟ ਵਿੱਚ ਖਰੀਦੀਆਂ ਗਈਆਂ ਹਨ। ਸੂਤਰਾਂ ਅਨੁਸਾਰ ਜਦੋਂ ਆਂਗਨਵਾੜੀ ਸੈਂਟਰਾਂ ਤੋਂ ਕੁਰਸੀਆਂ ਦੇ ਭਰੇ ਹੋਏ ਟਰੱਕ ਵਾਪਸ ਮੁੜੇ ਦਾ ਜ਼ਿਲ੍ਹਾ ਪੱਧਰ ਦੇ ਵਿੱਚ ਅਧਿਕਾਰੀਆਂ ਨੇ ਯੂਨੀਅਨ ਦੇ ਆਗੂਆਂ ਨੂੰ ਇਹ ਕੁਰਸੀਆਂ ਸੈਂਟਰਾਂ ਵਿੱਚ ਰਖਵਾਉਣ ਲਈ ਫੋਨ ਵੀ ਕੀਤੇ ਪ੍ਰੰਤੂ ਯੂਨੀਅਨ ਦੇ ਆਗੂ ਟਸ ਤੋਂ ਮਸ ਨਹੀਂ ਹੋਏ। ਯੂਨੀਅਨ ਦੇ ਆਗੂਆਂ ਦਾ ਤਰਕ ਹੈ ਕਿ ਉਹ ਸੈਂਟਰਾਂ ਵਿੱਚ ਭੇਜੇ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਸੈਂਟਰ ਵਿੱਚ ਭੇਜੇ ਗਏ ਸਮਾਨ ਦੀ ਖਰੀਦ ਪ੍ਰਕਿਰਿਆ ਦਾ ਹਿੱਸਾ ਨਹੀਂ ਬਣਨਗੀਆਂ। ਆਂਗਨਵਾੜੀ ਮੁਲਾਜ਼ਮਾਂ ਦੀ ਯੂਨੀਅਨ ਨੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਅਧਿਕਾਰੀਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕਿਸੇ ਵਰਕਰ ਨੂੰ ਖਰੀਦ ਬਿੱਲਾਂ ‘ਤੇ ਦਸਤਖ਼ਤ ਕਰਨ ਲਈ ਮਜ਼ਬੂਰ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵੀ ਕੀਤਾ ਜਾਵੇਗਾ। ਬਹਰਹਾਲ ! ਇਹ ਮਾਮਲਾ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਇਥੋਂ ਇੱਕ ਗੱਲ ਤਾਂ ਸਪੱਸ਼ਟ ਜ਼ਾਹਿਰ ਹੋ ਰਹੀ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚ ਆਂਗਨਵਾੜੀ ਸੈਂਟਰਾਂ ਲਈ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਖਰੀਦੇ ਗਏ ਇਸ ਸਮਾਨ ਵਿੱਚ ਕੁਰੱਪਸ਼ਨ ਦੀ ਬੋਅ ਆ ਰਹੀ ਹੈ, ਜਿਸ ਦੀ ਜੇਕਰ ਉੱਚ ਪੱਧਰੀ ਪੜ੍ਹਤਾਲ ਹੋ ਜਾਵੇ ਤਾਂ 20 ਕੁ ਹਜ਼ਾਰ ਦੀ ਇਸ ਗਰਾਂਟ ਨਾਲ ਖਰੀਦੇ ਸਮਾਨ ਵਿੱਚੋਂ ਵੀ ਕੁਰੱਪਸ਼ਨ ਦੇ ਵੱਡੇ ਸੱਪ ਨਿਕਲ ਸਕਦੇ ਹਨ।










