Skip to main content

Gee 98News

ਪੰਜਾਬ ‘ਚ ਵੀ ਆ ਗਏ ਕਾਕਰੋਚ…13 ਜੂਨ ਨੂੰ ਅੰਮ੍ਰਿਤਸਰ ਵਿਖੇ ਰੱਖਿਆ ਇਕੱਠ

ਚੰਡੀਗੜ੍ਹ,12 ਜੂਨ, Gee98 News service-

ਸੋਸ਼ਲ ਮੀਡੀਆ ‘ਤੇ ਹੋਂਦ ਵਿੱਚ ਆਈ ਕਾਕਰੋਚ ਜਨਤਾ ਪਾਰਟੀ ਦੀ ਐਂਟਰੀ ਪੰਜਾਬ ਵਿੱਚ ਵੀ ਹੋ ਗਈ ਹੈ। ਪਾਰਟੀ ਦੇ ਫਾਉਂਡਰ ਅਭਿਜੀਤ ਦੀਪਕੇ 13 ਜੂਨ ਨੂੰ ਅੰਮ੍ਰਿਤਸਰ ਪੁੱਜਣਗੇ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਜਾਰੀ ਕਰਕੇ ਅਭਿਜੀਤ ਨੇ ਦੱਸਿਆ ਕਿ 13 ਜੂਨ ਨੂੰ 4 ਵਜੇ ਅੰਮ੍ਰਿਤਸਰ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਮੌਕੇ NEET ਅਤੇ CBSE ਵਿਦਿਆਰਥੀਆਂ ਦੇ ਸਮਰਥਨ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਜੇ ਲੋਕ ਮਿਲ ਕੇ ਆਵਾਜ਼ ਉਠਾਉਣ ਤਾਂ NEET ਅਤੇ CBSE ਦੇ ਵਿਦਿਆਰਥੀਆਂ ਨੂੰ ਨਿਆਂ ਮਿਲ ਸਕਦਾ ਹੈ। ਦੱਸ ਦੇਈਏ ਕਿ ਕਾਕਰੋਚ ਜਨਤਾ ਪਾਰਟੀ ਦੀ ਸ਼ੁਰੂਆਤ ਚੀਫ਼ ਜਸਟਿਸ ਸੂਰੀਆ ਕਾਂਤ ਦੀ ਇੱਕ ਟਿੱਪਣੀ ਤੋਂ ਬਾਅਦ ਹੋਈ। ਚੇਤੇ ਰਹੇ ਕਿ 15 ਮਈ ਨੂੰ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਸੀ ਕਿ ਕੁਝ ਬੇਰੁਜ਼ਗਾਰ ਨੌਜਵਾਨ ਕਾਕਰੋਚ ਦੀ ਤਰ੍ਹਾਂ ਹੁੰਦੇ ਹਨ ਜੋ ਬਾਅਦ ਵਿੱਚ ਮੀਡੀਆ, ਸੋਸ਼ਲ ਮੀਡੀਆ ਜਾਂ ਆਰਟੀਆਈ ਐਕਟੀਵਿਸਟ ਬਣ ਕੇ ਸਿਸਟਮ ‘ਤੇ ਹਮਲਾ ਕਰਦੇ ਹਨ। ਚੀਫ਼ ਜਸਟਿਸ ਦੀ ਇਸ ਟਿੱਪਣੀ ਤੋਂ ਬਾਅਦ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ‘ਤੇ ਕਾਕਰੋਚ ਜਨਤਾ ਪਾਰਟੀ ਨਾਮ ਦਾ ਇੱਕ ਪੇਜ ਬਣਾਇਆ ਜਿਸ ‘ਤੇ ਨੌਜਵਾਨਾਂ ਦਾ ਹੜ ਆ ਗਿਆ ਅਤੇ ਇਹ ਪਾਰਟੀ ਸਮੁੱਚੇ ਭਾਰਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ‌ ਕੁਝ ਦਿਨ ਪਹਿਲਾਂ ਕਾਕਰੋਚ ਪਾਰਟੀ ਨੇ ਦਿੱਲੀ ਵਿਖੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕੀਤਾ ਜਿਸ ਵਿੱਚ ਉਮੀਦ ਤੋਂ ਘੱਟ ਇਕੱਠ ਹੋਇਆ। ਹੁਣ ਪੰਜਾਬ ‘ਚ ਕਾਕਰੋਚ ਜਨਤਾ ਪਾਰਟੀ ਦੀ ਐਂਟਰੀ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

error: Content is protected !!